ਰਾਜਪੁਰਾ ਵਿਖੇ ਫੜੀ ਗਈ ਨਕਲੀ ਸ਼ਰਾਬ ਫੈਕਟਰੀ ਦਾ ਵਿੱਤ ਕਮਿਸ਼ਨਰ ਤੇ ਆਬਕਾਰੀ ਕਮਿਸ਼ਨਰ ਨੇ ਕੀਤਾ ਦੌਰਾ

ਨਕਲੀ ਤੇ ਨਾਜਾਇਜ਼ ਕਾਰੋਬਾਰ ਪ੍ਰਤੀ ‘ਜ਼ੀਰੋ ਟਾਲਰੇਂਸ’ ਦੀ ਨੀਤੀ ਸਖ਼ਤੀ ਨਾਲ ਲਾਗੂ : ਵੇਨੂੰ ਪ੍ਰਸਾਦ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਰਾਜਪੁਰਾ ਵਿਖੇ ਫੜੀ ਗਈ ਗੈਰ ਕਾਨੂੰਨੀ ਸ਼ਰਾਬ ਫੈਕਟਰੀ ਵਾਲੀ ਥਾਂ ਦਾ ਅੱਜ ਪੰਜਾਬ ਦੇ ਵਿੱਤ ਕਮਿਸ਼ਨਰ ਏ. ਵੇਨੂੰ ਪ੍ਰਸਾਦ ਅਤੇ ਆਬਕਾਰੀ ਕਮਿਸ਼ਨਰ ਪੰਜਾਬ ਰਜਤ ਅਗਰਵਾਲ ਵੱਲੋਂ ਦੌਰਾ ਕਰਕੇ ਇਸ ਦੀ ਜਾਂਚ ਪੜ੍ਹਤਾਲ ਕੀਤੀ ਗਈ। ਇਨ੍ਹਾਂ ਅਧਿਕਾਰੀਆਂ ਨੇ ਇਸ ਮੌਕੇ ਦਾਅਵਾ ਕੀਤਾ ਕਿ ਕਿਸੇ ਵੀ ਮੁਲਜ਼ਮ ਨੂੰ ਇਸ ਮਾਮਲੇ ਵਿੱਚ ਬਖਸਿਆਂ ਨਹੀਂ ਜਾਵੇਗਾ। ਏ. ਵੈਨੂੰ ਪ੍ਰਸ਼ਾਦ ਨੇ ਕਿਹਾ ਕਿ ਆਬਕਾਰੀ ਵਿਭਾਗ ਵੱਲੋਂ ਐਕਸਟਰਾ ਨਿਊਟਰਲ ਈਥਾਨੋਲ ਨੂੰ ਫੈਕਟਰੀਆਂ ‘ਚੋਂ ਲਿਆਉਣ ਸਮੇਂ ਇਸ ਦੀ ਚੋਰੀ ਰੋਕਣ ਲਈ ਈ.ਐਨ.ਏ. ਦੀ ਢੋਆ-ਢੋਆਈ ‘ਚ ਲੱਗੇ ਵਾਹਨਾਂ ‘ਤੇ ਸੀਲਾਂ ਅਤੇ ਜੀਪੀਆਰਐਸ ਪ੍ਰਣਾਲੀ ਪਹਿਲਾਂ ਹੀ ਲਾਗੂ ਕੀਤੀ ਜਾ ਚੁੱਕੀ ਹੈ ਅਤੇ ਹੁਣ ਸਗੋਂ ਹੋਰ ਚੌਕਸੀ ਤਹਿਤ ਨਵੀਂ ਰਣਨੀਤੀ ਵੀ ਤਿਆਰ ਕੀਤੀ ਗਈ ਹੈ, ਤਾਂ ਜੋ ਕਿਸੇ ਵੀ ਗੜਬੜੀ ਨੂੰ ਤੁਰੰਤ ਨੱਥ ਪਾਈ ਜਾ ਸਕੇ।

ਇੱਕ ਸੁਆਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਰਾਜਪੁਰਾ ਤੇ ਸ਼ੰਭੂ ਖੇਤਰ ਹਰਿਆਣਾ ਨਾਲ ਲੱਗਦਾ ਹੋਣ ਕਰਕੇ ਅਤੇ ਈ.ਐਨ.ਏ. ਦੀ ਢੋਆ-ਢੋਆਈ ‘ਤੇ ਸਖ਼ਤੀ ਕਰਨ ਕਰਕੇ ਅਜਿਹੀ ਫੈਕਟਰੀ ਕੌਮੀ ਸ਼ਾਹਰਾਹ ਨੇੜੇ ਲਗਾਈ ਗਈ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ ਅਤੇ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਹ ਸ਼ਰਾਬ ਕਿੱਥੇ-ਕਿੱਥੇ ਸਪਲਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਮੁੱਢਲੇ ਪੜਾਅ ਵਿੱਚ ਲੱਗ ਰਿਹਾ ਹੈ ਕਿ ਇਹ ਫੈਕਟਰੀ ਨਵੀਂ ਹੀ ਚਾਲੂ ਕੀਤੀ ਲੱਗਦੀ ਹੈ।

ਉਨ੍ਹਾਂ ਇੱਕ ਹੋਰ ਸਵਾਲ ਦੇ ਜਵਾਬ ‘ਚ ਕਿਹਾ ਕਿ ਵਿਭਾਗ ਵੱਲੋਂ ਡਿਸਟਰੀਆਂ ‘ਤੇ ਵੀ ਛਾਪੇਮਾਰੀ ਕਰਕੇ ਜਾਂਚ ਕੀਤੀ ਗਈ ਹੈ ਅਤੇ ਕੁਝ ਫੈਕਟਰੀਆਂ ਨੂੰ ਜੁਰਮਾਨੇ ਵੀ ਲਗਾਏ ਗਏ ਹਨ। ਆਬਕਾਰੀ ਕਮਿਸ਼ਨ ਰਜਤ ਅਗਰਵਾਲ ਨੇ ਕਿਹਾ ਕਿ ਆਬਕਾਰੀ ਵਿਭਾਗ ਤੇ ਪੁਲਿਸ ਵੱਲੋਂ ਰਾਜ ਭਰ ‘ਚ ਅਜਿਹੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਤਰਨਤਾਰਨ, ਬਿਆਸ ਦੇ ਕਿਨਾਰੇ, ਲੁਧਿਆਣਾ, ਹੁਸ਼ਿਆਰਪੁਰ, ਅੰਮ੍ਰਿਤਸਰ ਆਦਿ ਵਿਖੇ ਅਜਿਹੀ ਨਾਜਾਇਜ਼ ਸ਼ਰਾਬ ਤਿਆਰ ਕਰਨ ਵਾਲਿਆਂ ‘ਤੇ ਸਿਕੰਜ਼ਾ ਕਸਿਆ ਗਿਆ ਹੈ। ਜਦਕਿ ਪਿੰਡਾਂ ‘ਚ ਲਾਹਣ ਤਿਆਰ ਕਰਨ ਵਾਲਿਆਂ ਵਿਰੁੱਧ ਵੀ ਵੱਡੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੋਈ 13 ਹਜ਼ਾਰ ਮਾਮਲੇ ਦਰਜ ਕੀਤੇ ਗਏ ਹਨ ਅਤੇ 11 ਹਜ਼ਾਰ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ।

ਉਨ੍ਹਾਂ ਹੋਰ ਦੱਸਿਆ ਕਿ ਵਿਭਾਗ ਨੇ ਆਪਣੇ ਗੁਪਤ ਸੂਤਰ ਵੀ ਤਿਆਰ ਕੀਤੇ ਹਨ ਤਾਂ ਕਿ ਅਜਿਹੇ ਧੰਦੇ ‘ਚ ਲੱਗੇ ਵਿਅਕਤੀਆਂ ਦੀ ਸੂਚਨਾ ਮਿਲ ਸਕੇ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਇਸ ਫੈਕਟਰੀ ਪਿੱਛੇ ਰਾਜਨੀਤਿਕ ਸਹਿ ਹੋ ਸਕਦੀ ਹੈ ਤਾ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।  ਇਸ ਮੌਕੇ ਆਬਕਾਰੀ ਵਿਭਾਗ ਦੇ ਵਧੀਕ ਕਮਿਸ਼ਨਰ ਆਬਕਾਰੀ ਨਵਦੀਪ ਭਿੰਡਰ, ਸੰਯੁਕਤ ਕਮਿਸ਼ਨਰ ਆਬਕਾਰੀ ਪੰਜਾਬ ਨਰੇਸ਼ ਦੂਬੇ, ਏ.ਆਈ.ਜੀ. ਆਬਕਾਰੀ ਤੇ ਕਰ ਏ.ਪੀ.ਐਸ. ਘੁੰਮਣ, ਐਸ.ਪੀ. ਪ੍ਰੀਤੀਪਾਲ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.