ਫਤਹਿਵੀਰ ਸਿੰਘ ਦੇ ਦਾਦਾ ਰੋਹੀ ਸਿੰਘ ਨੇ ਦਿਖਾਈ ਚਿਖ਼ਾ ਨੂੰ ਅਗਨ
ਸੁਨਾਮ, ਊਧਮ ਸਿੰਘ ਵਾਲਾ, ਸੱਚ ਕਹੂੰ ਟੀਮ । 6 ਦਿਨਾਂ ਤੋਂ ਬੋਰਵੈੱਲ ਦੇ ਮੂੰਹ ਵਿੱਚੋਂ ਨਿੱਕਲੇ 2 ਸਾਲਾ ਬੱਚੇ ਫਤਹਿਵੀਰ ਸਿੰਘ ਨੂੰ ਪ੍ਰਸ਼ਾਸਨਿਕ ਢਿੱਲਮੱਠ ਕਾਰਨ ਆਖਰ ਮੌਤ ਦੇ ਮੂੰਹ ਵਿੱਚ ਜਾਣਾ ਪਿਆ। ਅੱਜ ਪਿੰਡ ਸ਼ੇਰੋਂ ਵਿਖੇ ਹੰਝੂਆਂ ਤੇ ਗੁੱਸੇ ਭਰੇ ਮਾਹੌਲ ਵਿੱਚ ਫਤਹਿਵੀਰ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।ਜਾਣਕਾਰੀ ਮੁਤਾਬਕ ਅੱਜ ਬਾਅਦ ਦੁਪਹਿਰ ਫਤਹਿਵੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਹੈਲੀਕਾਪਟਰ ਰਾਹੀਂ ਪੀਜੀਆਈ ਚੰਡੀਗੜ੍ਹ ਤੋਂ ਉਨ੍ਹਾਂ ਦੇ ਪਿੰਡ ਭਗਵਾਨਪੁਰਾ ਵਿਖੇ ਲਿਆਂਦਾ ਗਿਆ। ਲੱਕੜ ਦੇ ਬਕਸੇ ਵਿੱਚ ਪਏ ਫਤਹਿਵੀਰ ਨੂੰ ਕੁਝ ਸਮਾਂ ਉਨ੍ਹਾਂ ਦੇ ਘਰ ਲਿਜਾਇਆ ਗਿਆ ਜਿੱਥੇ ਪਰਿਵਾਰ ਨੇ ਫਤਹਿਵੀਰ ਸਿੰਘ ਦੇ ਅੰਤਮ ਦਰਸ਼ਨ ਕੀਤੇ ਅਤੇ ਧਾਰਮਿਕ ਰਸਮਾਂ ਕੀਤੀਆਂ ਫਤਹਿਵੀਰ ਸਿੰਘ ਦੀ ਮਾਂ ਗਗਨਦੀਪ ਕੌਰ ਅਤੇ ਪਿਤਾ ਸੁਖਵਿੰਦਰ ਸਿੰਘ ਦਾ ਰੋ-ਰੋ ਬੁਰਾ ਹਾਲ ਸੀ।
ਇਸ ਗ਼ਮਗੀਨ ਮਾਹੌਲ ਦੌਰਾਨ ਕੁਝ ਚਿਰ ਬਾਅਦ ਫਤਹਿਵੀਰ ਨੂੰ ਪਿੰਡ ਸ਼ੇਰੋਂ ਦੇ ਸਮਸ਼ਾਨਘਾਟ ਵਿਖੇ ਲਿਜਾਇਆ ਗਿਆ ਜਿਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮੌਜ਼ੂਦ ਸਨ। ਸਮਸ਼ਾਨਘਾਟ ਵਿਖੇ ਅਰਦਾਸ ਕਰਨ ਉਪਰੰਤ ਚਿਖ਼ਾ ਨੂੰ ਅਗਨ ਦੇ ਦਿੱਤੀ ਗਈ। ਅਗਨ ਭੇਂਟ ਕਰਨ ਦੀ ਰਸਮ ਫਤਹਿਵੀਰ ਸਿੰਘ ਦੇ ਦਾਦਾ ਰੋਹੀ ਸਿੰਘ ਵੱਲੋਂ ਨਿਭਾਈ ਗਈ। ਇਸ ਗ਼ਮਗ਼ੀਨ ਮਾਹੌਲ ਵਿੱਚ ਹਰ ਇੱਕ ਦੀ ਅੱਖ ਰੋ ਰਹੀ ਸੀ ਅਤੇ ਅੰਦਰੋਂ ਸਰਕਾਰ ਤੇ ਪ੍ਰਸ਼ਾਸਨ ਪ੍ਰਤੀ ਗੁੱਸਾ ਤੇ ਰੋਹ ਸਾਫ਼ ਨਜ਼ਰ ਆ ਰਿਹਾ ਸੀ।
ਲੋਕ ਰੋਹ ਕਾਰਨ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਹੋਇਆ ਅੰਤਮ ਸਸਕਾਰ ‘ਚ ਸ਼ਾਮਲ
ਸਸਕਾਰ ਉਪਰੰਤ ਲੋਕਾਂ ਨੇ ਸਮਸ਼ਾਨ ਘਾਟ ਦੇ ਅੰਦਰ ਹੀ ਪੰਜਾਬ ਸਰਕਾਰ ਤੇ ਸੰਗਰੂਰ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰ ਦਿੱਤੀ। ਫਤਹਿ ਦੇ ਪਰਿਵਾਰਕ ਮੈਂਬਰਾਂ ਵੱਲੋਂ ਲੋਕਾਂ ਦਾ ਰੋਹ ਸ਼ਾਂਤ ਕਰਨ ਲਈ ਵਾਰ-ਵਾਰ ਅਪੀਲਾਂ ਕੀਤੀਆਂ ਜਾਂਦੀਆਂ ਰਹੀਆਂ ਪਰ ਲੋਕਾਂ ਦੇ ਅੰਦਰ ਗੁੱਸਾ ਏਨਾ ਜ਼ਿਆਦਾ ਸੀ ਕਿ ਉਨ੍ਹਾਂ ਅਪੀਲਾਂ ਦਾ ਕੋਈ ਅਸਰ ਉਨ੍ਹਾਂ ਤੇ ਨਹੀਂ ਸੀ ਹੋ ਰਿਹਾ।ਅੰਤਿਮ ਸਸਕਾਰ ਵਿੱਚ ਲੋਕ ਰੋਹ ਤੋਂ ਡਰਦਿਆਂ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਸ਼ਿਰਕਤ ਨਹੀਂ ਕੀਤੀ। ਇਹ ਵੀ ਪਤਾ ਲੱਗਿਆ ਕਿ ਪੰਜਾਬ ਪੁਲਿਸ ਦੇ ਆਈਜੀ ਏਐਸ ਰਾਏ ਨੂੰ ਵੀ ਲੋਕਾਂ ਦੇ ਰੋਹ ਦਾ ਸ਼ਿਕਾਰ ਹੋ ਕੇ ਵਾਪਿਸ ਪਰਤਣਾ ਪਿਆ। ਸੰਗਰੂਰ ਦੇ ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਵੀ ਹੈਲੀਕਾਪਟਰ ਤੋਂ ਮ੍ਰਿਤਕ ਦੇਹ ਐਂਬੂਲੈਂਸ ਵਿੱਚ ਰੱਖਣ ਤੱਕ ਹੀ ਮੌਜ਼ੂਦ ਰਹੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।