ਫਤਹਿਵੀਰ ਸਿੰਘ ਦੀ ਮੌਤ ਦੇ ਅਫਸੋਸ ‘ਚ ਸੁਨਾਮ, ਲੌਂਗੋਵਾਲ, ਚੀਮਾ ਰਹੇ ਮੁਕੰਮਲ ਬੰਦ

Death Of Fatehvir, Sunam, Longowal, Cheema, Closures

ਫਤਹਿਵੀਰ ਸਿੰਘ ਦੀ ਮੌਤ ਦੇ ਅਫਸੋਸ ‘ਚ ਸੁਨਾਮ, ਲੌਂਗੋਵਾਲ, ਚੀਮਾ ਰਹੇ ਮੁਕੰਮਲ ਬੰਦ

ਸੁਨਾਮ, ਊਧਮ ਸਿੰਘ ਵਾਲਾ, ਸੱਚ ਕਹੂੰ ਟੀਮ। 2 ਸਾਲਾ ਬੱਚੇ ਫਤਹਿਵੀਰ ਸਿੰਘ ਦੀ ਬੋਰਵੈੱਲ ਵਿੱਚ ਹੋਈ ਮੌਤ ਤੋਂ ਦੁਖੀ ਹੋਏ ਲੋਕਾਂ ਨੇ ਥਾਂ-ਥਾਂ ‘ਤੇ ਧਰਨੇ ਪ੍ਰਦਰਸ਼ਨ ਕਰਕੇ ਚੱਕਾ ਜਾਮ ਕੀਤਾ ਸੁਨਾਮ ਅਤੇ ਲੌਂਗੋਵਾਲ ਵਿਖੇ ਦੁਕਾਨਦਾਰਾਂ ਨੇ ਰੋਸ ਵਜੋਂ ਆਪਣੀਆਂ ਦੁਕਾਨਾਂ ਵੀ ਬੰਦ ਰੱਖੀਆਂ।ਜਾਣਕਾਰੀ ਅਨੁਸਾਰ ਅੱਜ ਸੁਨਾਮ ਵਿੱਚ ਫਤਹਿਵੀਰ ਸਿੰਘ ਦੀ ਮੌਤ ਦਾ ਖ਼ਾਸਾ ਅਸਰ ਦੇਖਣ ਨੂੰ ਮਿਲਿਆ ਲੋਕਾਂ ਨੇ ਆਪੋ ਆਪਣੇ ਕਾਰੋਬਾਰ ਬੰਦ ਕਰਕੇ ਮਾਸੂਮ ਦੀ ਮੌਤ ਦਾ ਬਹੁਤ ਜ਼ਿਆਦਾ ਦੁੱਖ ਮਨਾਇਆ। ਸੁਨਾਮ ਦੇ ਸਾਰੇ ਬਾਜ਼ਾਰਾਂ ਵਿੱਚ ਮੁਕੰਮਲ ਬੰਦ ਵੇਖਣ ਨੂੰ ਮਿਲਿਆ ਲੋਕਾਂ ਨੇ ਸੁਨਾਮ ਮਾਨਸਾ ਰੋਡ ‘ਤੇ ਧਰਨਾ ਲਾ ਕੇ ਆਵਾਜਾਈ ਰੋਕ ਦਿੱਤੀ।

ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਉਨ੍ਹਾਂ ਕਿਹਾ ਕਿ ਫਤਹਿਵੀਰ ਸਿੰਘ ਦੀ ਜਾਨ ਬਚਾਈ ਜਾ ਸਕਦੀ ਸੀ ਪਰ ਪ੍ਰਸ਼ਾਸਨਿਕ ਅਣਗਹਿਲੀਆਂ ਕਾਰਨ ਇੱਕ ਹਸਦਾ ਖੇਡਦਾ ਬੱਚਾ ਮੌਤ ਦੇ ਮੂੰਹ ਵਿੱਚ ਜਾ ਪਿਆ। ਉਨ੍ਹਾਂ ਕਿਹਾ ਕਿ ਬਹੁਤ ਹੀ ਅਫ਼ਸੋਸ ਦੀ ਗੱਲ ਹੈ ਕਿ ਇੱਕ ਪਾਸੇ ਹਜ਼ਾਰਾਂ ਕਰੋੜ ਰੁਪਏ ਮੂਰਤੀਆਂ ਤੇ ਖਰਚ ਕੀਤੇ ਜਾ ਰਹੇ ਹਨ ਪਰ ਸੁਰੱਖਿਆ ਦੇ ਲਿਹਾਜ ਤੋਂ ਲੋਕਾਂ ਨੂੰ ਰੱਬ ਦੇ ਆਸਰੇ ਛੱਡ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੂੰ ਡਿਸਮਿਸ ਕੀਤਾ ਜਾਵੇ ਅਤੇ ਇਸ ਮਾਮਲੇ ਵਿੱਚ ਅਣਗਹਿਲੀ ਵਰਤਣ ਵਾਲਿਆਂ ਦੇ ਖਿਲਾਫ਼ ਪਰਚੇ ਦਰਜ਼ ਕੀਤੇ ਜਾਣ।

Death Of Fatehvir, Sunam, Longowal, Cheema, Closures

ਛਾਜਲੀ ‘ਚ ਆਵਾਜਾਈ ਠੱਪ ਕਰਕੇ ਦਿੱਤਾ ਧਰਨਾ

ਬੀਤੇ ਦਿਨਾਂ ਤੋਂ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ 2 ਸਾਲਾ ਮਾਸੂਮ ਫਤਹਿਵੀਰ ਸਿੰਘ ਅੱਜ ਮੌਤ ਦੇ ਮੂੰਹ ਵਿੱਚ ਚਲਾ ਗਿਆ ਜਿਸ ਦੇ ਰੋਸ ਵਜੋਂ ਅੱਜ ਪਿੰਡ ਛਾਜਲੀ ਵਿਖੇ ਸੀਪੀਆਈ (ਐਮਐਲ) ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਤੇ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ ਦੀ ਅਗਵਾਈ ਹੇਠ ਸੁਨਾਮ ਤੋਂ ਲਹਿਰਾਗਾਗਾ ਜਾਖਲ ਮੁੱਖ ਮਾਰਗ ਉਪਰ 2 ਘੰਟੇ ਆਵਾਜਾਈ ਠੱਪ ਕਰਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਧਰਨਾ ਦਿੱਤਾ ਗਿਆ।

ਸੋਗ ਭਰੇ ਮਾਹੌਲ ‘ਚ ਹੋਇਆ ਫਤਹਿਵੀਰ ਦਾ ਅੰਤਿਮ ਸਸਕਾਰ

ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬਹੁਤ ਤਕਨਾਲੌਜੀ ਵਾਲੀਆਂ ਮਸ਼ੀਨਾਂ ਨੇ ਪਰ ਨਾ ਕੇਂਦਰ ਸਰਕਾਰ ਨਾ ਸੂਬਾ ਸਰਕਾਰ ਨੇ ਮਾਸੂਮ ਫਤਹਿਵੀਰ ਸਿੰਘ ਦੀ ਜਾਨ ਬਚਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਜ ਦਿਨਾਂ ਤੋਂ ਮਾਸੂਮ ਫਤਹਿਵੀਰ ਦੇ ਮਿਸ਼ਨ ਦੀ ਸਾਰ ਨਹੀਂ ਲਈ ਸਗੋਂ ਇਸ ਮਿਸ਼ਨ ਨੂੰ ਸਫਲ ਬਣਾਉਣ ਲਈ ਐਨ. ਡੀ ਆਰ. ਐਫ ਦੀ ਅਣਜਾਣ ਟੀਮ ਬੁਲਾਈ ਜਿਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਬਾਕੀ ਸਾਰਾ ਕੰਮ ਸਮਾਜ ਸੇਵੀ ਸੰਸਥਾਵਾਂ ਉਪਰ ਛੱਡ ਦਿੱਤਾ ਗਿਆ ਸੀ। ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਜੇਕਰ ਪੰਜਾਬ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੀ ਤਾਂ ਮਾਸੂਮ ਫਤਹਿਵੀਰ ਸਿੰਘ ਦੀ ਜਿੰਦਗੀ ਬਚ ਸਕਦੀ ਸੀ। ਪਰ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਫਤਹਿਵੀਰ ਸਿੰਘ ਜਿੰਦਗੀ ਦੀ ਜੰਗ ਹਾਰ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।