ਨਾਭਾ ਵਿਖੇ ਪੰਜਵੇਂ ਕਬੱਡੀ ਕੱਪ ਦੀ ਸ਼ੁਰੂਆਤ 

Kabaddi Cup

ਸਰੀਰਕ ਅਤੇ ਮੈਦਾਨੀ ਖੇਡਾਂ ਨਾਲ ਨੌਜਵਾਨੀ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਇਆ ਜਾ ਸਕਦਾ ਹੈ : ਹਰੀ ਸਿੰਘ ਪ੍ਰੀਤ

(ਤਰੁਣ ਕੁਮਾਰ ਸ਼ਰਮਾ) ਨਾਭਾ। ਸਥਾਨਕ ਰਿਪੁਦਮਨ ਕਾਲਜ ਸਟੇਡੀਅਮ ਵਿਖੇ ਪੰਜਵੇਂ ਨਾਭਾ ਕਬੱਡੀ ਕੱਪ ਦੀ ਸ਼ੁਰੂਆਤ ਹੋ ਗਈ। ਆਜਾਦ ਵੈਲਫੇਅਰ ਅਤੇ ਕਲਚਰਲ ਕਲੱਬ (ਰਜਿ.) ਨਾਭਾ ਵੱਲੋਂ ਕਰਵਾਏ ਜਾ ਰਹੇ ਦੋ ਦਿਨਾਂ ਟੂਰਨਾਮੈਂਟ ਦਾ ਉਦਘਾਟਨ ਉਦਯੋਗਪਤੀ ਹਰੀ ਸਿੰਘ ਪ੍ਰੀਤ (ਐਮ ਡੀ ਪ੍ਰੀਤ ਕੰਬਾਈਨ) ਅਤੇ ਚਰਨ ਸਿੰਘ ਐਮਡੀ ਮਲਕੀਤ ਕੰਬਾਈਨ ਵੱਲੋ ਕੀਤਾ ਗਿਆ। ਖੇਡ ਪ੍ਰਬੰਧਕਾਂ ਵੱਲੋ ਰੰਗ ਬਿਰੰਗੇ ਗੁਬਾਰੇ ਅਤੇ ਕਬੂਤਰ ਆਸਮਾਨ ਵੱਲ ਆਜਾਦ ਛੱਡੇ ਗਏ। (Kabaddi Cup)

ਜਾਣਕਾਰੀ ਦਿੰਦਿਆਂ ਪ੍ਰੀਤ ਕੰਬਾਈਨ ਨਾਭਾ ਦੇ ਐਮ.ਡੀ. ਹਰੀ ਸਿੰਘ ਪ੍ਰੀਤ ਨੇ ਕਿਹਾ ਕਿ ਸਰੀਰਕ ਅਤੇ ਮੈਦਾਨੀ ਖੇਡਾਂ ਨਾਲ ਨੌਜਵਾਨੀ ਪੀੜ੍ਹੀ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਨਸ਼ਿਆ ਖਿਲਾਫ ਵਿੱਢੀ ਮੁਹਿੰਮ ਨਾਲ ਅਜਿਹੇ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨਾਲ ਪੰਜਾਬ ਅਤੇ ਇੱਥੋਂ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਮੱਕੜਜਾਲ ਤੋਂ ਬਚਾ ਕੇ ਸੁਰੱਖਿਅਤ ਅਤੇ ਉਜਵਲ ਭਵਿੱਖ ਦਿੱਤਾ ਜਾ ਸਕੇ। ਪਹਿਲੇ ਦਿਨ ਖੇਡਣ ਵਾਲੀਆਂ ਟੀਮਾਂ ਅਤੇ ਖਿਡਾਰੀਆਂ ਸਮੇਤ ਪਹੁੰਚੀਆ ਉਘੀ ਸ਼ਖਸ਼ੀਅਤਾਂ ਨੂੰ ਸਨਮਾਨਿਤ ਕਰਨ ਬਾਅਦ ਐਸ.ਡੀ.ਐਮ ਨਾਭਾ ਤਰਸੇਮ ਚੰਦ ਨੇ ਖੇਡ ਪ੍ਰਬੰਧਕਾਂ ਅਤੇ ਕਲੱਬ ਮੈਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਖੇਡ ਸਮਾਰੋਹਾਂ ਨਾਲ ਅਜੋਕੀ ਪੀੜ੍ਹੀ ਦੇ ਨੌਜਵਾਨ ਮੈਦਾਨਾਂ ਵੱਲ ਆਕਰਸ਼ਿਤ ਹੁੰਦੇ ਹਨ।

ਉਨ੍ਹਾਂ ਅਜਿਹੇ ਉਪਰਾਲਿਆ ਕਰਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਤੁਹਾਡੇ ਨਾਲ ਹੈ ਅਤੇ ਅਜਿਹੇ ਉਤਸ਼ਾਹਿਤ ਪ੍ਰੋਗਰਾਮ ਕਰਾਉਣ ਲਈ ਹਰ ਸਹਾਇਤਾ ਲਈ ਤਿਆਰ ਹੈ। ਐਸ.ਡੀ.ਐਮ ਨਾਭਾ ਤਰਸੇਮ ਚੰਦ ਨੇ ਵਿਸ਼ੇਸ਼ ਅਪੀਲ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਸਾਫ ਸੁੱਥਰਾ ਰੱਖਣ ਲਈ ਝੋਨੇ ਦੀ ਨਾੜ ਸਾੜਨ ਤੋਂ ਗੁਰੇਜ ਕਰੋ। ਉਨ੍ਹਾਂ ਕਿਹਾ ਕਿ ਸਰਕਾਰ ਝੋਨੇ ਦੀ ਨਾੜ ਦੀ ਕਟਾਈ ਅਤੇ ਸਾਂਭਣ ਲਈ ਖੇਤੀਬਾੜੀ ਸਾਧਨ ਦੇਣ ਨੂੰ ਤਿਆਰ ਹੈ ਪਰੰਤੂ ਦੋਸ਼ੀ ਪਾਏ ਕਿਸੇ ਵੀ ਕਿਸਾਨ ਨਾਲ ਕਿਸੇ ਵੀ ਤਰ੍ਹਾਂ ਦੀ ਰਿਆਇਤ ਨਹੀਂ ਵਰਤੀ ਜਾਏਗੀ।

ਦੂਜੇ ਦਿਨ ਦੋ ਕੈਬਨਿਟ ਮੰਤਰੀ ਕਰਨਗੇ ਸ਼ਿਰਕਤ (Kabaddi Cup)

ਪੰਜਾਬ ਕੈਬਨਿਟ ਦੀ ਮੀਟਿੰਗ ਕਾਰਨ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਹਾਜਰ ਨਾ ਹੋਏ ਖੁਰਾਕ ਅਤੇ ਸਪਲਾਈ ਕੈਬਨਿਟ ਮੰਤਰੀ ਕੱਟਾਰੂਚੱਕ ਸੰਬੰਧੀ ਚੇਅਰਮੈਨ ਜੱਸੀ ਸੋਹੀਆ ਵੱਲੋ ਦਿੱਤੇ ਸਪੱਸ਼ਟੀਕਰਣ ਬਾਦ ਉਨ੍ਹਾਂ ਕਿਹਾ ਕਿ ਕਬੱਡੀ ਕੱਪ ਦੇ ਆਖਰੀ ਦਿਨ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਸ਼ਿਰਕਤ ਕਰਨਗੇ ਅਤੇ ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਇਨਾਮ ਵੰਡਣਗੇ।