ਇਕੱਠ ਕਰਨ ਲਈ ਲਾਇਆ ਅੱਡੀ-ਚੋਟੀ ਦਾ ਜ਼ੋਰ, ਵਿਰੋਧੀ ਰੱਖ ਰਹੇ ਨੇ ਬਾਜ਼ ਅੱਖ
ਸੰਗਰੂਰ, (ਗੁਰਪ੍ਰੀਤ ਸਿੰਘ) ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਵਿਖੇ ਢੀਂਡਸਾ ਪਰਿਵਾਰ ਵਿਰੁੱਧ ਕੀਤੀ ਵਿਸ਼ਾਲ ਰੈਲੀ ਤੋਂ ਬਾਅਦ ਹੁਣ ਢੀਂਡਸਾ ਪਰਿਵਾਰ ਨੇ ਐਲਾਨ ਕੀਤਾ ਹੋਇਆ ਹੈ ਕਿ 23 ਫਰਵਰੀ ਨੂੰ ਉਸੇ ਜਗ੍ਹਾ ਉਸ ਤੋਂ ਵੀ ਵੱਡੀ ਰੈਲੀ ਕੀਤੀ ਜਾਵੇਗੀ ਜਿਸ ਵਿੱਚ ‘ਪੰਥਕ ਹਿਤੈਸ਼ੀਆਂ’ ਦਾ ਵੱਡਾ ਇਕੱਠ ਹੋਵੇਗਾ ਢੀਂਡਸਾ ਪਰਿਵਾਰ ਨੇ ਬੇਸ਼ਕ ਐਲਾਨ ਕਾਫ਼ੀ ਸਮਾਂ ਪਹਿਲਾਂ ਦਾ ਕੀਤਾ ਹੋਇਆ ਹੈ ਪਰ ਰੈਲੀ ਰੈਲੀ ਦੀ ਕਾਮਯਾਬੀ ਹੀ ਢੀਂਡਸਾ ਪਰਿਵਾਰ ਦੀ ਕਾਮਯਾਬੀ ਹੋਵੇਗੀ ਜਿਸ ਕਾਰਨ ਜੇਕਰ ਢੀਂਡਸਾ ਪਰਿਵਾਰ ਇਸ ਰੈਲੀ ਵਿੱਚ ਇਕੱਠ ਕਰਨ ਵਿੱਚ ਅਸਫ਼ਲ ਸਾਬਤ ਹੋਇਆ ਤਾਂ ਢੀਂਡਸਾ ਪਰਿਵਾਰ ਦੀ ਰਾਜਸੀ ਸਾਖ ‘ਤੇ ਸਵਾਲ ਉੱਠਣੇ ਲਾਜ਼ਮੀ ਹਨ
ਜਾਣਕਾਰੀ ਮੁਤਾਬਕ ਢੀਂਡਸਾ ਪਰਿਵਾਰ ਵੱਲੋਂ ਹੁਣ 23 ਫਰਵਰੀ ਦੀ ਰੈਲੀ ਨੂੰ ਮੁੱਖ ਰੱਖ ਕੇ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿੱਚ ਦੌਰੇ ਕੀਤੇ ਜਾ ਰਹੇ ਹਨ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਵਿੱਚ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਖੁਦ ਦੌਰੇ ਕੀਤੇ ਜਾ ਰਹੇ ਹਨ ਜਦੋਂ ਕਿ ਬਾਹਰ ਹਲਕਿਆਂ ਦਾ ਜ਼ਿੰਮੇਵਾਰ ਸੀਨੀਅਰ ਢੀਂਡਸਾ ਚੁੱਕ ਰਹੇ ਹਨ ਪਿਛਲੇ ਦਿਨੀਂ ਪਰਮਿੰਦਰ ਢੀਂਡਸਾ ਵੱਲੋਂ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਵਿੱਚ ਭਰਵੀਆਂ ਮੀਟਿੰਗਾਂ ਵੀ ਕੀਤੀਆਂ ਜਿੱਥੇ ਉਨ੍ਹਾਂ ਸਿੱਧੇ ਤੌਰ ‘ਤੇ ਸੁਖਬੀਰ ਸਿੰਘ ਬਾਦਲ ‘ਤੇ ਨਿਸ਼ਾਨੇ ਵਿੰਨਦਿਆਂ ਕਿਹਾ ਕਿ ਹੁਣ ਲੜਾਈ ਆਰ-ਪਾਰ ਦੀ ਹੋ ਚੁੱਕੀ ਹੈ, ਉਨ੍ਹਾਂ ਮੁੱਖ ਨਿਸ਼ਾਨਾ ਸੁਖਬੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ‘ਚੋਂ ਪਾਸੇ ਕਰਕੇ ਪਾਰਟੀ ਨੂੰ ਸਿਧਾਂਤਕ ਤੌਰ ‘ਤੇ ਮੁੜ ਲੀਹਾਂ ‘ਤੇ ਲਿਆਉਣਾ ਹੈ
ਅਜਨਾਲਾ ਪਰਿਵਾਰ ਦੇ ਯੂ ਟਰਨ ਨੇ ਟਕਸਾਲੀਆਂ ਨੂੰ ਹਿਲਾਇਆ
ਸਾਬਕਾ ਮੈਂਬਰ ਪਾਰਲੀਮੈਂਟ ਰਤਨ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਪੁੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਵੱਲੋਂ ਬਾਗੀ ਰੁਖ਼ ਤੋਂ ਯੂ ਟਰਨ ਲੈਣ ਕਾਰਨ ਟਕਸਾਲੀਆਂ ਨੂੰ ਵੱਡਾ ਝਟਕਾ ਲੱਗਿਆ ਹੈ ਰਤਨ ਸਿੰਘ ਅਜਨਾਲਾ ਬੇਸ਼ੱਕ ਇਸ ਗੱਲ ਤੋਂ ਮੁੱਕਰ ਰਹੇ ਹਨ ਕਿ ਸੁਖਬੀਰ ਉਨ੍ਹਾਂ ਦੀ ਮਿਜ਼ਾਜ਼ਪੁਰਸ਼ੀ ਕਰਨ ਲਈ ਉਨ੍ਹਾਂ ਦੇ ਘਰ ਆਏ ਸਨ ਪਰ ਉਨ੍ਹਾਂ ਦੇ ਪੁੱਤਰ ਬੋਨੀ ਨੇ ਤਾਂ ਸਟੇਜ ਤੋਂ ਹੀ ਸਿੱਧੇ ਤੌਰ ਤੇ ਟਕਸਾਲੀਆਂ ਦੇ ਖਿਲਾਫ਼ ਭਾਸ਼ਣ ਆਰੰਭ ਕਰ ਦਿੱਤੇ ਸਨ ਸੁਖਦੇਵ ਸਿੰਘ ਢੀਂਡਸਾ ਨੇ ਸਪੱਸ਼ਟ ਕਹਿ ਦਿੱਤਾ ਸੀ ਕਿ ਅਜਨਾਲੇ ਦੇ ਮੁੜ ਸੁਖਬੀਰ ਦੇ ਪਾਲੇ ਵਿੱਚ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂÎਕ ਅਜਨਾਲੇ ਵਰਗੇ ਹੋਰ ਆਗੂ ਉਨ੍ਹਾਂ ਦੀ ਮੁਹਿੰਮ ਨੂੰ ਹੱਲਾ ਸ਼ੇਰੀ ਦੇ ਰਹੇ ਹਨ
ਸ਼੍ਰੋਮਣੀ ਅਕਾਲੀ ਦਲ ਦੀ ਢੀਂਡਸਾ ਪਰਿਵਾਰ ‘ਤੇ ਤਿੱਖੀ ਨਜ਼ਰ :
23 ਫਰਵਰੀ ਨੂੰ ਢੀਂਡਸਾ ਪਰਿਵਾਰ ਦੀ ਅਗਵਾਈ ਵਿੱਚ ਹੋਣ ਵਾਲੀ ਰੈਲੀ ਦੇ ਪ੍ਰਬੰਧਾਂ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤਿੱਖੀ ਨਜ਼ਰ ਰੱਖ ਰਹੇ ਹਨ ਜਦੋਂ ਇਸ ਰੈਲੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸੀਨੀਅਰ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ਵੱਲੋਂ ਜਿਹੜੀ ਰੈਲੀ ਕੀਤੀ ਜਾ ਰਹੀ ਹੈ, ਉਹ ਕਾਂਗਰਸ ਪ੍ਰਭਾਵ ਵਾਲੀ ਹੈ ਕਿਉਂਕਿ ਸਾਰੇ ਪ੍ਰਬੰਧ ਕਾਂਗਰਸ ਵੱਲੋਂ ਕੀਤੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਰੈਲੀ ਵਿੱਚ ਲੋਕਾਂ ਨੂੰ ਇਕੱਠਾ ਕਰਨ ਲਈ ਢੀਂਡਸਾ ਪਰਿਵਾਰ ਵੱਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਕੋਈ ਬਾਂਹ ਨਹੀਂ ਫੜਾ ਰਿਹ ਰਿਹਾ
ਰੈਲੀ ਵਿੱਚ ਸ਼ਾਮਿਲ ਹੋਣ ਵਾਲੇ ਆਗੂਆਂ ਖਿਲਾਫ਼ ਪਾਰਟੀ ਪ੍ਰਧਾਨ ਨੂੰ ਕਹਾਂਗੇ : ਝੂੰਦਾਂ
ਇਸ ਸਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੁੰਦਾਂ ਨੇ ਕਿਹਾ ਕਿ 23 ਫਰਵਰੀ ਨੂੰ ਜਿਹੜੀ ਰੈਲੀ ਹੋ ਰਹੀ ਹੈ ਉਸ ਨਾਲ ਅਕਾਲੀ ਦਲ ਦਾ ਕੋਈ ਸਬੰਧ ਨਹੀਂ, ਸਗੋਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਰੈਲੀ ਹੋ ਰਹੀ ਹੈ ਉਨ੍ਹਾਂ ਕਿਹਾ ਕਿ ਜਿਹੜਾ ਅਹੁਦੇਦਾਰ ਇਸ ਰੈਲੀ ਵਿੱਚ ਸ਼ਾਮਿਲ ਹੋਵੇਗਾ, ਉਸ ਦੇ ਖਿਲਾਫ਼ ਅਨੁਸ਼ਾਸ਼ਨੀ ਕਾਰਵਾਈ ਲਈ ਪਾਰਟੀ ਪ੍ਰਧਾਨ ਨੂੰ ਲਿਖ ਕੇ ਭੇਜਿਆ ਜਾਵੇਗਾ
23 ਫਰਵਰੀ ਵਾਲੀ ਰੈਲੀ ਨਵਾਂ ਇਤਿਹਾਸ ਸਿਰਜੇਗੀ : ਢੀਂਡਸਾ
ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ 23 ਫਰਵਰੀ ਨੂੰ ਹੋਣ ਵਾਲੀ ਪੰਥਕ ਰੈਲੀ ਨਵਾਂ ਇਤਿਹਾਸ ਸਿਰਜੇਗੀ ਉਨਾਂ ਦਾਅਵਾ ਕੀਤਾ ਕਿ ਇਕੱਲੇ ਜ਼ਿਲਾ ਸੰਗਰੂਰ ਦੀ ਇਹ ਰੈਲੀ 23 ਫਰਵਰੀ ਨੂੰ ਅਕਾਲੀ ਦਲ (ਬਾਦਲ) ਵੱਲੋਂ ਕੀਤੀ ਪੰਜਾਬ ਪੱਧਰੀ ਰੈਲੀ ਨਾਲੋ ਕਿਤੇ ਵੱਡੀ ਰੈਲੀ ਹੋਵੇਗੀ। ਉਨਾਂ ਕਿਹਾ ਕਿ ਪੰਥਕ ਰੈਲੀ ਪ੍ਰਤੀ ਲੋਕਾਂ ਦੇ ਭਰਵੇਂ ਉਤਸਾਹ ਤੋਂ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਸੰਗਰੂਰ ਵਿਖੇ ਰਿਕਾਰਡ ਤੋੜ ਇਕੱਠ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।