ਕਿਸਾਨਾਂ ਨੇ ਚੁੱਕੇ ਟੋਲ ਪਲਾਜ਼ਾ Toll Plaza ਅਤੇ ਡੀਸੀ ਦਫਤਰਾਂ ਤੋਂ ਮੋਰਚੇ
- ਟੋਲ ਮੁਲਜ਼ਮਾਂ ਦੀਆਂ ਤਨਖਾਹਾਂ ਕੀਤੀਆਂ ਸੁਨਿਸ਼ਚਿਤ
(ਰਾਜਨ ਮਾਨ) ਅੰਮ੍ਰਿਤਸਰ। ਲੋਕ ਹਿੱਤਾਂ ਅਤੇ ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ ਇੱਕ ਮਹੀਨੇ ਤੋਂ ਕੜਕਦੀ ਠੰਢ ਵਿੱਚ ਠਰਦੀਆਂ ਸੜਕਾਂ ਤੇ ਬੈਠੇ ਕਿਸਾਨਾਂ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਸੱਦਾ ਦਿੰਦਿਆਂ ਟੋਲ ਪਲਾਜ਼ਾ (Toll Plaza) ਅਤੇ ਡਿਪਟੀ ਕਮਿਸ਼ਨਰ ਦਫ਼ਤਰਾਂ ਬਾਹਰ ਲਾਏ ਧਰਨੇ ਚੁੱਕ ਲਏ ਹਨ। ਲੋਕ ਹਿੱਤਾਂ ਲਈ ਹਮੇਸ਼ਾਂ ਲੜਨ ਵਾਲੇ ਇਹਨ ਸੂਰਬੀਰ ਕਿਸਾਨਾਂ ਵੱਲੋਂ ਆਪਣੀ ਲੜਾਈ ਮੰਗਾਂ ਨਾ ਮੰਨੇ ਜਾਣ ਤੱਕ ਜਾਰੀ ਰੱਖਣ ਫੈਸਲਾ ਕੀਤਾ ਗਿਆ ਹੈ। ਚੁੱਲਾ ਚੌਂਕਾ ਛੱਡ ਪੁੱਤਰਾਂ ਦੇ ਸੁਰੱਖਿਅਤ ਭਵਿੱਖ ਲਈ ਪਿਛਲੇ 50 ਦਿਨਾਂ ਤੋਂ ਸੀਤ ਲਹਿਰਾਂ ਆਪਣੇ ਹੌਕਿਆਂ ਦੀ ਅੱਗ ਬਾਲ ਸੇਕ ਰਹੀਆਂ ਬਹਾਦਰ ਬੀਬੀਆਂ ਸਰਕਾਰ ਦਾ ਪਿੱਟ ਸਿਆਪਾ ਕਰਦੀਆਂ ਮੁੜ ਡਟਣ ਦਾ ਇਰਾਦਾ ਲੈ ਘਰਾਂ ਨੂੰ ਪਰਤ ਗਈਆਂ ਹਨ। ਤੈਨੂੰ ਟੱਕਰ ਦੇ ਰਹਾਂਗੇ ਹਾਕਮਾਂ ਦੇ ਸੱਦੇ ਨਾਲ ਕਿਸਾਨ ਮੋਰਚਿਆਂ ਤੋਂ ਉੱਠੇ।
ਪੰਜਾਬ ਦਾ ਦੂਜਾ ਸਭ ਤੋਂ ਲੰਬਾ ਅੰਦੋਲਨ ਖਤਮ
ਪਿਛਲੇ 51 ਦਿਨ ਤੋਂ ਪੰਜਾਬ ਦੇ ਕਿਸਾਨਾਂ ਮਜਦੂਰਾਂ ਤੇ ਆਮ ਵਰਗ ਦੀਆਂ ਹੱਕੀ ਮੰਗਾਂ ਨੂੰ ਲੈ ਕੇ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਵਿਚ, ਸ਼ੁਰੂ ਹੋਏ ਪੰਜਾਬ ਪੱਧਰੀ ਅੰਦੋਲਨ ਦੌਰਾਨ, 10 ਜ਼ਿਲ੍ਹਿਆਂ ਵਿਚ ਲੱਗੇ ਡੀਸੀ ਦਫਤਰਾਂ ਦੇ ਮੋਰਚੇ ਅਤੇ 15 ਦਸੰਬਰ ਤੋਂ 15 ਜਨਵਰੀ ਤੱਕ ਲਈ ਐਲਾਨੇ ਗਏ ਟੋਲ ਪਲਾਜ਼ਿਆ ਦੇ ਮੋਰਚੇ ਚੱਕ ਲਏ ਗਏ ਹਨ। ਇਸ ਮੌਕੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਰਚੇ ਤੋਂ ਬੋਲਦੇ ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ, ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਨੇ ਕਿਹਾ ਕਿ ਜਥੇਬੰਦੀ ਦੀ ਅਗਵਾਹੀ ਵਿਚ ਪੰਜਾਬ ਦੇ ਲੋਕਾਂ ਨੇ ਦਿੱਲੀ ਮੋਰਚੇ ਤੋਂ ਬਾਅਦ ਪੰਜਾਬ ਦਾ ਦੂਜਾ ਸਭ ਤੋਂ ਲੰਬਾ ਅੰਦੋਲਨ ਚਲਾ ਕੇ ਦੱਸ ਦਿੱਤਾ ਹੈ ਕਿ ਲੋਕ ਹੱਕੀ ਮੰਗਾਂ ਦੇ ਸੰਘਰਸ਼ਾਂ ਲਈ ਤਿਆਰ ਬਰ ਤਿਆਰ ਹਨ ਅਤੇ ਸਰਕਾਰਾਂ ਦੀਆਂ ਚਾਲਾਂ ਸਮਝ ਗਏ ਹਨ।
ਉਨ੍ਹਾਂ ਕਿਹਾ ਕਿ ਅੱਜ ਸਿਰਫ ਅੰਦੋਲਨ ਦੇ ਇਹ ਵਾਲੇ ਰੂਪ ਦੇ ਪੜਾਵ ਪੂਰੇ ਹੋਏ ਹਨ ਜਦੋਂਕਿ ਲੋਕ ਮੰਗਾਂ ਦੀ ਪੂਰਤੀ ਲਈ ਅੰਦੋਲਨ ਦੂਜੇ ਵੱਖ ਵੱਖ ਬਦਲਵੇਂ ਰੂਪਾਂ ਵਿਚ ਜਾਰੀ ਹਨ ਅਤੇ ਪ੍ਰੋਗਰਾਮਾਂ ਦੀ ਰੂਪ ਰੇਖਾ ਤਿਆਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅੱਜ ਜਥੇਬੰਦੀ ਆਪਣੇ ਐਲਾਨ ਅਨੁਸਾਰ ਟੋਲ ਪਲਾਜ਼ੇ ਖਾਲੀ ਕਰ ਰਹੀ ਹੈ ਪਰ ਜਥੇਬੰਦੀ ਦੀ ਮੰਗ ਹੈ ਕਿ ਸਰਕਾਰ ਸੜਕਾਂ ਖੁਦ ਬਣਾਵੇ ਅਤੇ ਜਾਂ ਟੋਲ ਪਲਾਜ਼ਿਆ ਨੂੰ ਜਨਤਕ ਅਦਾਰੇ ਐਲਾਨ ਕੇ, ਰੇਟ 75% ਘਟਾਵੇ, ਮੁਲਾਜ਼ਮਾਂ ਦੀਆਂ ਨੌਕਰੀਆਂ ਪੱਕੀਆਂ ਕਰੇ ਅਤੇ ਆਵਾਜਾਈ ਦੇ ਸਾਧਨਾਂ ਦੀ ਰਜਿਸਟਰੇਸ਼ਨ ਤੇ ਰੋਡ ਟੈਕਸ ਲੈਣਾ ਬੰਦ ਕਰੇ।
ਸਿਆਸਤਦਾਨ ਕਿਸੇ ਵੀ ਪਾਰਟੀ ਨਾਲ ਸਬੰਧਿਤ ਹੋਵਣ ਉਹ ਹਮੇਸ਼ਾਂ ਕਾਰਪੋਰੇਟ ਦੇ ਹੱਕ ’ਚ ਖੜਨਗੇ
ਉਨ੍ਹਾਂ ਦੱਸਿਆ ਕਿ ਲਗਭਗ ਸਾਰੇ ਟੋਲ ਪਲਾਜ਼ਾ ਕੰਪਨੀਆਂ ਕੋਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਪੁਆ ਦਿੱਤੀਆਂ ਗਈਆਂ ਹਨ ਅਤੇ ਟੋਲ ਫੀਸ ਨਾ ਵਧਾਉਣ ਦੀ ਗਰੰਟੀ ਕੀਤੀ ਗਈ ਹੈ ਪਰ ਅਗਰ ਕੋਈ ਕੰਪਨੀ ਇਸੇ ਉਲਟ ਜਾਂਦੀ ਹੈ ਤਾਂ ਉਸਦੇ ਟੋਲ ਦੋਬਾਰਾ ਬੰਦ ਕਰਵਾਏ ਜਾਣਗੇ। ਇਸ ਮੌਕੇ ਬੋਲਦੇ ਜਿਲ੍ਹਾ ਸੀਨੀ.ਮੀਤ ਪ੍ਰਧਾਨ ਜਰਮਨਜੀਤ ਬੰਡਾਲਾ, ਜਿਲ੍ਹਾ ਪ੍ਰੈਸ ਸਕੱਤਰ ਕੰਵਰ ਸੈਦੋਲੇਹਲ, ਜ਼ਿਲ੍ਹਾ ਆਗੂ ਬਲਦੇਵ ਸਿੰਘ ਬੱਗਾ ਨੇ ਕਿਹਾ ਕਿ ਚੱਲਦੇ ਅੰਦੋਲਨ ਵਿਚ ਅੱਜ ਤੱਕ ਸਰਕਾਰ ਵੱਲੋਂ ਗੱਲਬਾਤ ਤੋਂ ਭੱਜਣਾ ਜਥੇਬੰਦੀ ਦੁਆਰਾ ਚੋਣਾਂ ਦੌਰਾਨ ਕੀਤੇ ਦਾਅਵੇ ਨੂੰ ਸਾਬਿਤ ਕਰਦਾ ਹੈ ਕਿ ਸਿਆਸਤਦਾਨ ਕਿਸੇ ਵੀ ਪਾਰਟੀ ਨਾਲ ਸਬੰਧਿਤ ਹੋਵਣ ਇਸ ਨਾਲ ਸਰਕਾਰ ਦੀਆਂ ਨੀਤੀਆਂ ਪੋਲਸੀਆਂ ’ਤੇ ਕੋਈ ਫਰਕ ਨਹੀਂ ਪੈਂਦਾ, ਉਹ ਹਮੇਸ਼ਾ ਲੋਕ ਮੰਗਾਂ ਦੀ ਅਣਦੇਖੀ ਕਰਕੇ ਕਾਰਪੋਰੇਟ ਦੇ ਪੱਖ ਵਿਚ ਖੜੇ ਦਿਖਣਗੇ।
ਲੋਕਤੰਤਰ ਦੀ ਬਹਾਲੀ ਲਈ ਲੋਕਾਂ ਨੂੰ ਸੰਘਰਸ਼ਾਂ ਲਈ ਕਮਰ ਕੱਸਣ ਦੀ ਲੋੜ
ਉਨਾਂ ਕਿਹਾ ਕਿ ਜਥੇਬੰਦੀ ਆਪਣਾ ਫਰਜ਼ ਨਿਭਾਉਂਦੇ ਹੋਏ ਜੀਰਾ ਮੋਰਚੇ ਵਿਚ ਪੂਰੀ ਸਰਗਰਮੀ ਨਾਲ ਹਿੱਸੇਦਾਰੀ ਪਾ ਰਹੀ ਅਤੇ ਆਉਣ ਵਾਲੇ ਸਮੇ ਵਿਚ ਦਿੱਤੇ ਜਾਣ ਵਾਲੇ ਪੰਜਾਬ ਪੱਧਰੀ ਐਕਸ਼ਨ ਪ੍ਰੋਗਰਾਮਾਂ ਵਿਚ ਜ਼ੀਰਾ ਮਸਲਾ ਹੱਲ ਕਰਵਾਉਣ, ਐੱਮ ਐੱਸ ਪੀ ਗਰੰਟੀ ਕ਼ਾਨੂਨ ਬਣਵਾਉਣਾ, ਕਿਸਾਨਾਂ ਮਜਦੂਰਾਂ ਦਾ ਸਮੁਚਾ ਕਰਜ਼ਾ ਖਤਮ ਕਰਵਾਉਣਾ, ਮਜ਼ਦੂਰਾਂ ਲਈ ਸਾਲ 365 ਦਿਨ ਰੁਜ਼ਗਾਰ, ਨਸ਼ੇ ਤੇ ਪੂਰਨ ਕੰਟਰੋਲ ਤੇ ਮੰਗ ਪੱਤਰ ਵਿਚ ਦਰਜ਼ ਮੰਗਾਂ ’ਤੇ ਸੰਘਰਸ਼ ਜਾਰੀ ਹੈ। ਇਸ ਮੌਕੇ ਜ਼ਿਲ੍ਹਾ ਆਗੂ ਬਾਜ਼ ਸਿੰਘ ਸਾਰੰਗੜਾ ਅਤੇ ਮੰਗਜੀਤ ਸਿੰਘ ਸਿੱਧਵਾਂ ਨੇ ਆਮ ਜਨਤਾ ਨੂੰ ਅਪੀਲ ਕਰਦੇ ਕਿਹਾ ਕਿ ਇਸ ਸਮੇਂ ਦੇਸ਼ ਤੇ ਪੰਜਾਬ ਅੰਦਰ ਤਾਨਾਸ਼ਾਹੀ ਚੱਲ ਰਹੀ ਹੈ ਅਤੇ ਸਹੀ ਮਾਇਨਿਆਂ ਵਿਚ ਲੋਕਤੰਤਰ ਦੀ ਬਹਾਲੀ ਲਈ ਲੋਕਾਂ ਨੂੰ ਸੰਘਰਸ਼ਾਂ ਲਈ ਕਮਰ ਕੱਸਣ ਦੀ ਲੋੜ ਹੈ।
ਵੱਖ-ਵੱਖ ਜ਼ਿਲ੍ਹਿਆਂ ਵਿਚ 26 ਜਨਵਰੀ ਨੂੰ ਵੱਡੇ ਇੱਕਠ ਕਰਕੇ ਕੀਤਾ ਜਾਵੇਗਾ ਪ੍ਰਦਰਸ਼ਨ
ਉਨਾਂ ਦੱਸਿਆ ਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ 26 ਜਨਵਰੀ ਨੂੰ ਵੱਡੇ ਇੱਕਠ ਕਰਕੇ ਲੋਕ ਰੋਹ ਦਾ ਪ੍ਰਦਰਸ਼ਨ ਕੀਤਾ ਜਾਵੇਗਾ | ਅੱਜ ਸਟੇਜ ਤੋਂ ਬੀਬੀ ਮੇਹਰੂ ਨਿਸਾ ਜੀ ਨੂੰ 26 ਨਵੰਬਰ ਤੋਂ ਲਗਾਤਾਰ ਮੋਰਚੇ ਵਿਚ ਯੋਗਦਾਨ ਪਾਉਣ ਲਈ ਵਿਸ਼ੇਸ਼ ਸਨਮਾਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਮੋਰਚੇ ਲਈ ਮੈਡੀਕਲ ਸੇਵਾਵਾਂ ਲਈ ਆਰ ਐੱਮ ਪੀ ਐਸੋਸੀਏਸ਼ਨ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਆਗੂ ਕੰਧਾਰ ਸਿੰਘ ਭੋਏਵਾਲ, ਅਮਰਦੀਪ ਸਿੰਘ ਗੋਪੀ, ਸਵਿੰਦਰ ਸਿੰਘ ਰੂਪੋਵਾਲੀ, ਗੁਰਭੇਜ ਸਿੰਘ ਝੰਡੇ, ਗੁਰਦੇਵ ਸਿੰਘ ਗੱਗੋਮਾਹਲ ਤੋਂ ਇਲਾਵਾ ਜਿਲ੍ਹੇ ਦੇ ਵੱਖ-ਵੱਖ ਜ਼ੋਨ ਅਤੇ ਪਿੰਡ ਪੱਧਰੀ ਆਗੂਆਂ ਦੇ ਨਾਲ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਨੇ ਹਾਜ਼ਰੀ ਭਰੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ