
Farmers Protest: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਫ਼ਰੀਦਕੋਟ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਰੁਪੱਈਆਂ ਵਾਲਾ ਦੀ ਅਗਵਾਈ ਵਿੱਚ ਗੁਰਦੁਆਰਾ ਬਾਉਲੀ ਸਾਹਿਬ ਸਾਦਿਕ ਵਿਖੇ ਹੋਈ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਬੋਹੜ ਸਿੰਘ ਰੁਪੱਈਆਂ ਨੇ ਕਿਹਾ ਕਿ ਕਿਸਾਨਾਂ ਪ੍ਰਤੀ ਸਰਕਾਰਾਂ ਦੀ ਬੇਰੁਖੀ ਦੇ ਨਾਲ ਨਾਲ ਪ੍ਰਸ਼ਾਸਨ ਵੱਲੋਂ ਵੀ ਕਿਸਾਨੀ ਮਸਲਿਆਂ ਪ੍ਰਤੀ ਸੰਜੀਦਗੀ ਨਾ ਦਿਖਾਉਂਦੇ ਹੋਏ ਬੇਰੁਖੀ ਹੀ ਦਿਖਾਈ ਜਾ ਰਹੀ ਹੈ
ਜਿਸ ਸਬੰਧੀ ਅੱਜ ਦੀ ਮੀਟਿੰਗ ਵਿੱਚ ਪ੍ਰਸ਼ਾਸਨ ਦੀ ਇਸ ਢਿੱਲ ਮੱਠ ਦੇ ਰੋਸ ਵੱਜੋਂ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਨੌਜਵਾਨ ਆਗੂ ਵਿਪਨ ਸਿੰਘ ਸੇਖੋਂ ਫਿੱਡੇ ਕਲਾਂ ਦੇ ਮਸਲੇ, ਬਲਾਕ ਸਾਦਿਕ ਦੇ ਪਿੰਡ ਮੁਮਾਰਾ ਦੇ ਕਿਸਾਨ ਦੇ ਮਸਲੇ ਅਤੇ ਪਿੰਡ ਲੰਭਵਾਲੀ ਦੇ ਕਿਸਾਨ ਰੁਲਦੂ ਸਿੰਘ ਦੀ ਜ਼ਮੀਨ ਉੱਪਰ ਇੱਕ ਪੈਟਰੋਲ ਪੰਪ ਦੇ ਮਾਲਕ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਦੇ ਮਸਲੇ ਆਦਿ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੇ ਹੋਰ ਲੰਬੇ ਸਮੇਂ ਤੋਂ ਲੰਬਿਤ ਪਏ ਮਸਲਿਆਂ ਨੂੰ ਹੱਲ ਕਰਵਾਉਣ ਨੂੰ ਲੈ ਕੇ 22 ਜਨਵਰੀ ਨੂੰ ਐਸ ਐਸ ਪੀ ਫਰੀਦਕੋਟ ਦੇ ਦਫ਼ਤਰ ਵਿਖੇ ਇੱਕ ਵੱਡਾ ਇਕੱਠ ਕਰਕੇ ਰੋਸ ਧਰਨਾ ਦਿੱਤਾ ਜਾਵੇਗਾ।
ਬੋਹੜ ਸਿੰਘ ਰੁਪੱਈਆ ਵਾਲਾ ਨੇ ਅੱਗੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਮੀਟਿੰਗ ਵਿੱਚ ਪਾਸ ਕੀਤਾ ਗਿਆ ਕਿ ਜਥੇਬੰਦੀ ਵੱਲੋਂ ਖਨੌਰੀ ਮੋਰਚੇ ਵਿੱਚ 21 ਫਰਵਰੀ 2024 ਨੂੰ ਕਿਸਾਨੀ ਨੂੰ ਬਚਾਉਣ ਲਈ ਆਪਣੀ ਸ਼ਹਾਦਤ ਦੇਣ ਵਾਲੇ ਕਿਸਾਨੀ ਦੇ ਸ਼ਹੀਦ ਸੁਭਕਰਨ ਸਿੰਘ ਦੇ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਵਿਖੇ 20 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਤੇ ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਇੱਕ ਇਕੱਤਰਤਾ ਕੀਤੀ ਜਾ ਰਹੀ ਜਿਸ ਵਿੱਚ ਐਸਕੇਐਮ ਗਿਆ ਰਾਜਨੀਤਿਕ ਭਾਰਤ ਅਤੇ ਜਥੇਬੰਦੀ ਦੇ ਪੰਜਾਬ ਭਰ ਦੇ ਆਗੂ ਪਹੁੰਚ ਰਹੇ ਹਨ ਅਤੇ ਇਸ ਵਿੱਚ ਜ਼ਿਲ੍ਹਾ ਫਰੀਦਕੋਟ ਵੱਲੋਂ ਵੱਡੇ ਕਾਫਲੇ ਨਾਲ ਸ਼ਮੂਲੀਅਤ ਕੀਤੀ ਜਾਵੇਗੀ। Farmers Protest
ਇਹ ਵੀ ਪੜ੍ਹੋ: Barnala News: ਭੁਲੇਖੇ ਨਾਲ ਵੱਧ ਆਏ 93 ਹਜ਼ਾਰ ਰੁਪਏ ਆੜ੍ਹਤੀਏ ਨੂੰ ਮੋੜੇ, ਇਲਾਕੇ ’ਚ ਹੋ ਰਹੀ ਵਾਹ! ਵਾਹ!
ਉਹਨਾਂ ਅੱਗੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਵੱਲੋਂ ਜੋ ਫਰਵਰੀ ਮਹੀਨੇ ਤੋਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਅਤੇ ਕੇਂਦਰ ਸਰਕਾਰ ਵੱਲੋਂ ਲਿਖਤ ਵਿੱਚ ਮੰਨੀਆ ਗਈਆ ਮੰਗਾਂ ਅਤੇ ਕੀਤੇ ਗਏ ਵਾਅਦਿਆਂ ਸਬੰਧੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੀ ਗਈ ਵਾਅਦਾ ਖਿਲਾਫੀ ਸਬੰਧੀ ਦੇਸ਼ ਭਰ ਦੇ ਲੋਕਾਂ ਨੂੰ ਦੱਸਣ, ਜਾਗਰੂਕ ਅਤੇ ਕਿਸਾਨੀ ਦੀਆਂ ਹੱਕੀ ਮੰਗਾਂ ਲਈ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜੋ ਜਾਗਰੂਕਤਾ ਯਾਤਰਾ ਕੱਢੀ ਜਾ ਰਹੀ ਹੈ ਉਸ ਜਾਗਰੂਕਤਾ ਯਾਤਰਾ ਨੂੰ ਸਫਲ ਬਣਾਉਣ ਦੇ ਲਈ 25 ਜਨਵਰੀ ਨੂੰ ਸੰਗਰੂਰ ਦੇ ਸ੍ਰੀ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਜਥੇਬੰਦੀ ਵੱਲੋਂ ਇੱਕ ਵੱਡੀ ਕਿਸਾਨਾਂ ਦੀ ਮੀਟਿੰਗ ਰੱਖੀ ਗਈ ਹੈ ਅਤੇ ਉਸ ਪੰਜਾਬ ਪੱਧਰੀ ਵਧਵੀ ਮੀਟਿੰਗ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ।
ਚਿੱਪ ਵਾਲੇ ਸਮਾਰਟ ਮੀਟਰਾਂ ਨੂੰ ਉਤਾਰ ਕੇ ਬਿਜਲੀ ਦਫਤਰ ਵਿੱਚ ਜਮ੍ਹਾਂ ਕਰਵਾਉਣ ਦੀਆਂ ਵੀ ਡਿਊਟੀਆਂ ਲਗਾਈਆਂ
ਉਹਨਾਂ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਸਮੇਂ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਦੇ ਨਾਲ-ਨਾਲ ਬਿਜਲੀ ਸੋਧ ਐਕਟ ਨੂੰ ਨਾ ਲੈ ਕੇ ਆਉਣ ਦਾ ਕਿਸਾਨ ਜਥੇਬੰਦੀਆਂ ਨਾਲ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਕੇਂਦਰ ਸਰਕਾਰ ਵੱਲੋਂ ਵਾਅਦਾ ਖਿਲਾਫੀ ਕਰਦੇ ਹੋਏ ਚਿੱਪ ਵਾਲੇ ਮੀਟਰਾਂ ਰਾਹੀਂ ਬਿਜਲੀ ਸੋਧ ਬਿੱਲ ਨੂੰ ਲਾਗੂ ਕਰਨ ਦੀਆਂ ਕੋਝੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ ਇਸ ਲਈ ਜਥੇਬੰਦੀ ਵੱਲੋਂ ਅੱਜ ਸਰਬ ਸੰਮਤੀ ਨਾਲ ਪਾਸ ਕਰਦੇ ਹੋਏ ਪਿੰਡ ਇਕਾਈਆਂ ਦੀ ਉਹਨਾਂ ਚਿੱਪ ਵਾਲੇ ਸਮਾਰਟ ਮੀਟਰਾਂ ਨੂੰ ਉਤਾਰ ਕੇ ਬਿਜਲੀ ਦਫਤਰ ਵਿੱਚ ਜਮ੍ਹਾਂ ਕਰਵਾਉਣ ਦੀਆਂ ਵੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
ਇਸ ਮੌਕੇ ਉਹਨਾਂ ਨਾਲ: ਗੁਰਾਂਦਿੱਤਾ ਸਿੰਘ ਬਾਜਾਖਾਨਾ ਜ਼ਿਲ੍ਹਾ ਖਜਾਨਚੀ, ਨਿਰਮਲ ਸਿੰਘ ਪ੍ਰਧਾਨ ਬਲਾਕ ਕੋਟਕਪੂਰਾ, ਸ਼ਿੰਦਰਪਾਲ ਸਿੰਘ ਪ੍ਰਧਾਨ ਜੈਤੋ ਬਲਾਕ, ਨਾਇਬ ਸਿੰਘ ਸ਼ੇਰ ਸਿੰਘ ਵਾਲਾ, ਬਲਜਿੰਦਰ ਸਿੰਘ ਵਾੜਾ ਭਾਈਕਾ ਪ੍ਰਧਾਨ ਬਲਾਕ ਬਾਜਾਖਾਨਾ, ਜਤਿੰਦਰ ਜੀਤ ਸਿੰਘ ਭਿੰਡਰ ਜੈਤੋ, ਅੰਗਰੇਜ਼ ਸਿੰਘ ਵਾਂਦਰ, ਗੁਰਪ੍ਰੀਤ ਸਿੰਘ ਸਿੱਧੂ, ਇਕਬਾਲ ਸਿੰਘ ਬਾਜਾਖਾਨਾ,ਲਾਭ ਸਿੰਘ ਝੱਖੜਵਾਲਾ, ਗੁਰਾਂਦਿੱਤਾ ਸਿੰਘ ਵਾੜਾ ਭਾਈਕਾ, ਬੂਟਾ ਸਿੰਘ ਉਕੰਦਵਾਲਾ, ਹਰਭਗਵਾਨ ਸਿੰਘ ਉਕੰਦਵਾਲਾ, ਬੇਅੰਤ ਸਿੰਘ ਵਾਂਦਰ,ਨਾਹਰ ਸਿੰਘ ਪੱਪਾ ਡੋਡ,ਹਰਚਰਨ ਸਿੰਘ ਡੋਡ ਆਦਿ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।












