ਡੀਸੀ ਨਾਲ ਦੇਰ ਸ਼ਾਮ ਤੱਕ ਚੱਲਿਆ ਮੀਟਿੰਗਾਂ ਦਾ ਦੌਰ | Farmers News
- ਕਿਹਾ : ਝੋਨੇ ਦੀ ਖਰੀਦ ਦੇ ਗਲਤ ਅੰਕੜੇ ਪੇਸ਼ ਕਰ ਰਿਹੈ ਪ੍ਰਸ਼ਾਸਨ
Farmers News: (ਸੁਖਜੀਤ ਮਾਨ) ਬਠਿੰਡਾ। ਝੋਨੇ ਦੀ ਖਰੀਦ, ਡੀਏਪੀ ਅਤੇ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਵੱਲੋਂ 20 ਦਿਨਾਂ ਤੋਂ ਮੋਰਚਾ ਲਾਈ ਬੈਠੇ ਕਿਸਾਨਾਂ ਦੀ ਸਾਰ ਨਾ ਲਏ ਜਾਣ ਤੋਂ ਰੋਹ ’ਚ ਆ ਕੇ ਮਿੰਨੀ ਸਕੱਤਰੇਤ ਸਮੇਤ ਡੀਸੀ ਰਿਹਾਇਸ਼ ਦਾ ਮੁਕੰਮਲ ਘਿਰਾਓ ਕਰਕੇ ਸਾਰੇ ਗੇਟ ਬੰਦ ਕਰ ਦਿੱਤੇ ਗਏ। ਕਿਸਾਨਾਂ ਤੇ ਅਧਿਕਾਰੀਆਂ ਦਰਮਿਆਨ ਇਸ ਆਹਮੋ-ਸਾਹਮਣੇ ਵਾਲੇ ਟਕਰਾਅ ਦੀ ਸਥਿਤੀ ਦੌਰਾਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨਾਲ ਪਹਿਲੀ ਮੀਟਿੰਗ ਬੇਸਿੱਟਾ ਰਹੀ।
ਇਸ ਮੌਕੇ ਜੁੜੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਔਰਤ ਜਥੇਬੰਦੀ ਦੇ ਆਗੂ ਹਰਿੰਦਰ ਬਿੰਦੂ ਨੇ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੀ ਖਰੀਦ ਦੇ ਗਲਤ ਅੰਕੜੇ ਪੇਸ਼ ਕੀਤੇ ਜਾ ਰਹੇ ਹਨ ਕਿ ਵੱਡੀ ਪੱਧਰ ’ਤੇ ਝੋਨੇ ਦੀ ਖਰੀਦ ਹੋ ਗਈ ਜਾਂ ਲਿਫਟਿੰਗ ਹੋ ਗਈ ਹੈ।
ਇਹ ਵੀ ਪੜ੍ਹੋ: Punjab News: ਕੇਂਦਰ ਸਰਕਾਰ ਨੇ ਪਰਾਲੀ ਪ੍ਰਬੰਧਨ ਲਈ ਪੰਜਾਬ ਦੀ 1200 ਕਰੋੜ ਦੀ ਮੰਗ ਠੁਕਰਾਈ
ਆਗੂਆਂ ਨੇ ਦੱਸਿਆ ਕਿ ਅੱਜ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਦੌਰਾਨ ਵੀ ਉਹਨਾਂ ਅੰਕੜਿਆਂ ਰਾਹੀਂ ਦੱਸਿਆ ਕਿ ਮੰਡੀਆਂ ਵਿੱਚ ਪਹੁੰਚੇ 80 ਫੀਸਦੀ ਝੋਨੇ ਦੀ ਖਰੀਦ ਹੋ ਚੁੱਕੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਹਨਾਂ ਨੂੰ ਕੁਝ ਮੰਡੀਆਂ ’ਚੋਂ ਮਿਲੀਆਂ ਰਿਪੋਰਟਾਂ ਮੁਤਾਬਕ ਦੇਰੀ ਨਾਲ ਸੈਲਰ ਮਾਲਕਾਂ ਨਾਲ ਹੋਏ ਐਗਰੀਮੈਂਟ ਵਾਲੀਆਂ ਮੰਡੀਆਂ ਵਿੱਚ 20 ਫੀਸਦੀ ਹੀ ਮੰਡੀ ਵਿੱਚ ਪਹੁੰਚੇ ਝੋਨੇ ਦੀ ਖਰੀਦ ਹੋਈ ਹੈ ਅਤੇ 5 ਫੀਸਦੀ ਲਿਫਟਿੰਗ ਹੋਈ ਹੈ ਤੇ ਸੈਲਰਾਂ ਵਾਲੇ ਕਿਸਾਨਾਂ ਤੋਂ ਆੜਤੀਆਂ ਦੀ ਮਿਲੀ ਭੁਗਤ ਨਾਲ ਕਾਟ ਰਾਹੀਂ ਝੋਨੇ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ। Farmers News
ਡੀਏਪੀ ਖਾਦ ਨਾਲ ਧੱਕੇ ਨਾਲ ਹੋਰ ਸਮਾਨ ਵੀ ਥੋਪਿਆ ਜਾ ਰਿਹਾ ਹੈ
ਕਿਸਾਨਾਂ ਨੇ ਕਿਹਾ ਕਿ ਡੀਏਪੀ ਦੀ ਘਾਟ ਕਾਰਨ ਕਿਸਾਨਾਂ ਨੂੰ ਜੋ ਵੀ ਡੀਏਪੀ ਮਿਲਦੀ ਹੈ ਉਸ ਨਾਲ ਨੈਨੋ ਡੀਏਪੀ ਜਾਂ ਹੋਰ ਸਮਾਨ ਜ਼ਬਰਦਸਤੀ ਦਿੱਤਾ ਜਾ ਰਿਹਾ ਹੈ। ਸਰਕਾਰ ਵੱਲੋਂ ਪਰਾਲੀ ਦੀ ਸੰਭਾਲ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਮਜ਼ਬੂਰੀ ਵੱਸ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਉੱਪਰ ਪਰਚੇ ਕੀਤੇ ਜਾ ਰਹੇ ਹਨ ਜੁਰਮਾਨੇ ਪਾਏ ਜਾ ਰਹੇ ਹਨ ਅਤੇ ਜਮਾਂਬੰਦੀਆਂ ਵਿੱਚ ਰੈੱਡ ਐਂਟਰੀਆਂ ਕੀਤੀਆਂ ਜਾ ਰਹੀਆਂ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨਾ ਜ਼ੋਰ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਰੋਕਣ ’ਤੇ ਅਫਸਰਾਂ ਦਾ ਲੱਗਿਆ ਹੋਇਆ ਹੈ। ਉਨਾਂ ਜੋਰ ਦਾਣਾ ਮੰਡੀਆਂ ’ਚ ਝੋਨਾ ਵਿਕਵਾਉਣ ’ਤੇ ਲੱਗਣਾ ਚਾਹੀਦਾ ਸੀ। ਬੁਲਾਰਿਆਂ ਨੇ ਕਿਹਾ ਕਿ ਸਾਰੀਆਂ ਸਮੱਸਿਆਵਾਂ ਦੀ ਅਸਲ ਜੜ ਸਾਮਰਾਜੀ ਪੱਖੀ ਨੀਤੀਆਂ ਹਨ ਜਿਹੜੀਆਂ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਲਈ ਲਾਗੂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਇਹਨਾਂ ਵੱਡੀਆਂ ਸਮੱਸਿਆਵਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਦੇ ਘਿਰਾਓ ਦੇ ਚੱਲ ਰਹੇ ਮੋਰਚੇ ਵਿੱਚ ਵੱਧ ਤੋਂ ਵੱਧ ਡੀਸੀ ਦਫਤਰ ਪਹੁੰਚਣ। Farmers News
ਅੱਜ ਦੇ ਧਰਨੇ ਨੂੰ ਬਸੰਤ ਸਿੰਘ ਕੋਠਾ ਗੁਰੂ, ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ, ਨਛੱਤਰ ਸਿੰਘ ਢੱਡੇ, ਮਾਲਣ ਕੌਰ ਕੋਠਾ ਗੁਰੂ, ਕਰਮਜੀਤ ਕੌਰ ਲਹਿਰਾ ਖਾਨਾ, ਸੁਖਜੀਤ ਕੌਰ ਚੱਕ ਫਤਿਹ ਸਿੰਘ ਵਾਲਾ, ਗੁਲਾਬ ਸਿੰਘ ਜਿਉਂਦ ਅਤੇ ਬਲਦੇਵ ਸਿੰਘ ਚੌਕੇ ਆਦਿ ਸਮੇਤ ਵੱਡੀ ਗਿਣਤੀ ਬੁਲਾਰਿਆਂ ਨੇ ਸੰਬੋਧਨ ਕੀਤਾ। Farmers News