ਮਸਲਾ ਜੋਗਿੰਦਰ ਸਿੰਘ ਪੰਜਗਰਾਈਆਂ ਵੱਲੋਂ ਬੋਲੇ ਗਲਤ ਸ਼ਬਦਾਂ ਦਾ
ਮੁਲਜ਼ਮ ਗ੍ਰਿਫਤਾਰ, ਮਾਮਲਾ ਦਰਜ ਕਰਕੇ ਕੀਤੀ ਜਾ ਰਹੀ ਹੈ ਕਾਰਵਾਈ: ਡੀਐੱਸਪੀ
ਧਨੌਲਾ, ਸੰਦੀਪ ਸਿੰਘ
ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ‘ਚ ਪ੍ਰਚਾਰ ਕਰਦੇ ਸਮੇਂ ਹਲਕਾ ਭਦੌੜ ਤੋਂ ਕਾਂਗਰਸ ਪਾਰਟੀ ਦੇ ਹਾਰੇ ਹੋਏ ਉਮੀਦਵਾਰ ਜੋਗਿੰਦਰ ਸਿੰਘ ਪੰਜਗਰਾਈਆਂ ਤੋਂ ਕਿਸਾਨਾਂ ਵੱਲੋਂ ਪੁੱਛੇ ਜਾ ਰਹੇ ਕਾਂਗਰਸ ਪਾਰਟੀ ਦੇ ਚੋਣ ਦਾਅਵਿਆਂ ਸਬੰਧੀ ਪ੍ਰਸ਼ਨਾਂ ਸਮੇਂ ਪੰਜਗਰਾਈਆਂ ਵੱਲੋਂ ਕਿਸਾਨਾਂ ਖਿਲਾਫ ਬੋਲੇ ਗਲਤ ਸ਼ਬਦਾਂ ਤੋਂ ਬਾਅਦ ਭੜਕੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਮੁਜ਼ਾਹਰੇ ਦੌਰਾਨ ਕੁਝ ਲੋਕਾਂ ਵੱਲੋਂ ਕਿਸਾਨ ਆਗੂਆਂ ਨੂੰ ਜ਼ਖਮੀ ਕਰਨ ਦਾ ਮਾਮਲਾ ਤੂਲ ਫੜ੍ਹ ਗਿਆ ਹੈ।
ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਆਗੂ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ‘ਚ ਸਥਾਨਕ ਥਾਣੇ ਦਾ ਘਿਰਾਓ ਕਰਕੇ ਪੁਲਿਸ ਪ੍ਰਸ਼ਾਸਨ ਤੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀ ਕਿਸਾਨਾਂ ਦੀ ਮੰਗ ਸੀ ਕਿ ਸਾਡੇ ਜ਼ਿਲ੍ਹਾ ਆਗੂ ਭਗਤ ਸਿੰਘ ਛੰਨਾਂ ਦੀ ਕੀਤੀ ਕੁੱਟਮਾਰ ਦੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਦੋਸ਼ੀਆਂ ਖਿਲਾਫ ਪੁਲਿਸ ਵੱਲੋਂ ਕੀਤੇ ਵਾਅਦੇ ਮੁਤਾਬਿਕ 307 ਧਾਰਾ ਤਹਿਤ ਮਾਮਲਾ ਦਰਜ ਕੀਤਾ ਜਾਵੇ।
ਇਸ ਮੌਕੇ ਡੀਐੱਸਪੀ ਰਜੇਸ਼ ਕੁਮਾਰ ਛਿੱਬਰ ਨੇ ਕਿਹਾ ਕਿ ਜ਼ਖਮੀ ਆਗੂ ਵੱਲੋਂ ਦਿੱਤੇ ਬਿਆਨਾਂ ਮੁਤਾਬਿਕ ਨਾਮਜ਼ਦ ਪੰਜ ਵਿਅਕਤੀਆਂ ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ, ਬੰਟੀ ਸਿੰਘ ਪੁੱਤਰ ਜੋਗਿੰਦਰ ਸਿੰਘ, ਜੋਗਿੰਦਰ ਸਿੰਘ ਪੁੱਤਰ ਨਿਹਾਲ ਸਿੰਘ, ਬੱਬੂ ਸਿੰਘ ਪੁੱਤਰ ਆਤਮਾ ਸਿੰਘ, ਲੱਖੀ ਸਿੰਘ ਪੁੱਤਰ ਮੰਗਾ ਸਿੰਘ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਕਿਸਾਨਾਂ ਦੀ ਦੋਸ਼ੀਆਂ ਖਿਲਾਫ ਧਾਰਾ ਇਰਾਦਾ ਕਤਲ 307 ਲਗਾਉਣ ਸਬੰਧੀ ਉਨ੍ਹਾਂ ਕਿਹਾ ਕਿ ਜੇਕਰ ਡਾਕਟਰ ਸਾਹਿਬ ਦੀ ਰਿਪੋਰਟ ਮੁਤਾਬਿਕ ਧਾਰਾ ਬਣਦੀ ਹੋਈ ਤਾਂ ਲਗਾਈ ਜਾਵੇਗੀ।
ਧਰਨਾਕਾਰੀ ਕਿਸਾਨ ਚਮਕੌਰ ਸਿੰਘ ਨੈਣੇਵਾਲ ਜ਼ਿਲ੍ਹਾ ਪ੍ਰਧਾਨ, ਜਰਨੈਲ ਸਿੰਘ ਬਦਰਾ ਜਰਨਲ ਸਕੱਤਰ, ਬਲੌਰ ਸਿੰਘ ਛੰਨਾ ਬਲਾਕ ਪ੍ਰਧਾਨ, ਜਰਨੈਲ ਸਿੰਘ ਜਵੰਧਾ ਪਿੰਡੀ, ਦਰਸ਼ਨ ਸਿੰਘ ਭੈਣੀ ਮਹਿਰਾਜ, ਬਲਾਕ ਪ੍ਰਧਾਨ ਸਹਿਣਾ ਸੁਖਦੇਵ ਸਿੰਘ ਭੋਤਨਾ, ਜੱਜ ਸਿੰਘ, ਅਮਰਜੀਤ ਸਿੰਘ ਠੁੱਲੀਵਾਲ, ਗੁਰਨਾਮ ਸਿੰਘ, ਰੂਪ ਸਿੰਘ ਛੰਨਾਂ, ਹਰਜੀਤ ਸਿੰਘ ਦੀਵਾਨਾ, ਸਤਨਾਮ ਸਿੰਘ, ਕੁਲਜੀਤ ਸਿੰਘ ਵਜੀਦਕੇ ਨੇ ਕਿਹਾ ਕਿ ਧਾਰਾ ‘ਚ ਵਾਧਾ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਸਾਡਾ ਧਰਨਾ ਜਾਰੀ ਹੈ ਜੋ ਖਬਰ ਲਿਖੇ ਜਾਣ ਤੱਕ ਜਾਰੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।