ਕਿਸਾਨਾਂ ਨੇ ਘੇਰੀ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਰਿਹਾਇਸ਼
ਸੱਚ ਕਹੂੰ ਨਿਊਜ਼, ਮੋਹਾਲੀ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਆਗੂਆਂ ਵਲੋਂ ਅੱਜ ਕੇਂਦਰੀ ਮੰਤਰੀ ਸ੍ਰੀ ਸੋਮ ਪ੍ਰਕਾਸ਼ ਦੀ ਸੈਕਟਰ 71 ਵਿਚਲੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਅਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆਂ ਰੋਸ ਜਾਹਿਰ ਕੀਤਾ ਗਿਆ। ਇਸ ਮੌਕੇ ਕਿਸਾਨਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਸਾੜਿਆ ਗਿਆ।
ਇਸ ਸੰਬੰਧੀ ਕਿਸਾਨਾਂ ਵੱਲੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਘਰ ਦਾ ਘਿਰਾਓ ਦਾ ਪ੍ਰੋਗਰਾਮ ਦਿੱਤੇ ਜਾਣ ਤੋਂ ਬਾਅਦ ਅੱਜ ਸਵੇਰੇ ਤੋਂ ਹੀ ਪੁਲੀਸ ਵਲੋਂ ਇਸ ਪੂਰੇ ਖੇਤਰ ਦੀ ਨਾਕੇਬੰਦੀ ਕਰ ਲਈ ਗਈ ਸੀ ਪਰੰਤੂ ਇਸਦੇ ਬਾਵਜੂਦ ਕਿਸਾਨ ਮੰਤਰੀ ਦੀ ਕੋਠੀ ਤਕ ਪਹੁੰਚਣ ਵਿੱਚ ਕਾਮਯਾਬ ਰਹੇ। ਕਿਸਾਨਾਂ ਵਲੋਂ ਸਵੇਰੇ ੳਦਯੋਗਿਕ ਖੇਤਰ ਫੇਜ਼ 9 ਵਿੱਚ ਸਥਿਤ ਬੈਸਟੇਕ ਮਾਲ ਤੋਂ ਰੋਸ ਮਾਰਚ ਆਰੰਭ ਕੀਤਾ ਗਿਆ ਅਤੇ ਸੋਹਾਣਾ ਚੌਂਕ ਹੁੰਦੇ ਹੋਏ ਮੰਤਰੀ ਦੀ ਕੋਠੀ ਤੱਕ ਪਹੁੰਚੇ ਜਿੱਥੇ ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਣ ਉਪਰੰਤ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪੂਰੇ ਸੂਬੇ ਭਰ ਵਿੱਚ ਕਿਸਾਨ ਜੱਥੇਬੰਦੀਆਂ ਵਲੋਂ ਭਾਜਪਾ ਦੇ ਮੰਤਰੀਆਂ, ਵਿਧਾਇਕਾਂ ਅਤੇ ਸਾਂਸਦ ਮੈਂਬਰਾਂ ਦੇ ਨਿਵਾਸ ਸਥਾਨਾਂ ਦੇ ਬਾਹਰ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤੇ ਗਏ ਹਨ।
ਇਸ ਮੌਕੇ ਮੇਹਰ ਸਿੰਘ ਥੇੜੀ ਸੀਨੀ. ਮੀਤ ਪ੍ਰਧਾਨ ਸਿਧੂਪੁਰ, ਕਿ੍ਰਪਾਲ ਸਿੰਘ ਸਿਆਊ ਸੀਨੀਅਰ ਮੀਤ ਪ੍ਰਧਾਨ ਸਿਧੂਪੁਰ, ਜਗਜੀਤ ਸਿੰਘ ਕਰਾਲਾ ਡਕੌਕਾ ਮੁਹਾਲੀ, ਲਖਵਿੰਦਰ ਸਿੰਘ ਕਰਾਲਾ ਬਲਾਕ ਮੁਹਾਲੀ, ਹਰਦੀਪ ਸਿੰਘ ਪ੍ਰਧਾਨ ਜੀਕਰਪੁਰ ਸਿਧੂਪੁਰ, ਜਸਪਾਲ ਸਿੰਘ ਲਾਂਡਰਾ, ਜਸਪਾਲ ਸਿੰਘ ਨਿਆਮੀਆਂ, ਜਸਬੀਰ ਸਿੰਘ ਬਲਾਕ ਪ੍ਰਧਾਨ ਸਿਧੂਪੁਰ ਖਰੜ, ਕੁਲਵੰਤ ਸਿੰਘ, ਗੁਰਜੰਟ ਸਿੰਘ, ਰਜਿੰਦਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਕਾਦੀਆਂ, ਗੁਰਪ੍ਰੀਤ ਸਿੰਘ ਮਟਰਾਂ ਬਲਾਕ ਪ੍ਰਧਾਨ, ਗੁਰਮੀਤ ਸਿੰਘ ਪ੍ਰਧਾਨ ਸੋਹਾਣਾ ਗੁਰਦੁਆਰਾ ਸਿੰਘ ਸ਼ਹੀਦਾਂ, ਪਰਵਿੰਦਰ ਸਿੰਘ ਸੋਹਾਣਾ ਸਾਬਕਾ ਐਮ ਡੀ ਲੇਬਰਫੈਡ, ਦਮਨਜੀਤ ਲਾਂਡਰਾ, ਗੁਰਪ੍ਰੀਤ ਸਿੰਘ, ਯਾਦਵਿੰਦਰ ਸ਼ਰਮਾ, ਅਮਰੀਕ ਸਿੰਘ, ਗੁਰਬਾਜ ਸਿੰਘ ਮੌਲਾ ਰਾਮਦੀਆਂ, ਧਰਮਾ, ਗੁਰਦੀਪ ਸਿੰਘ, ਅਵਤਾਰ ਸਿੰਘ ਸਮੇਤ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।
ਇਸ ਦੌਰਾਨ ਯੂਥ ਕਲੱਬ ਸੋਹਾਣਾ ਦੇ ਪ੍ਰਧਾਨ ਗੁਰੀ ਸੋਹਾਣਾ ਦੀ ਅਗਵਾਈ ਵਿੱਚ ਸੋਹਾਣਾ ਦੇ ਨੌਜਵਾਨਾਂ ਵੱਲੋਂ ਕਿਸਾਨ ਸੰਘਰਸ਼ ਦੇ ਹੱਕ ਵਿੱਚ ਗੁਰੁਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਬੈਸਟੈਕ ਮਾਲ ਤਕ ਰੋਸ ਮਾਰਚ ਕੱਢਿਆ ਗਿਆ। ਨੌਜਵਾਨ ਨਾਹਰੇਬਾਜੀ ਕਰਦੇ ਹੋਏ ਬੈਸਟੈਕ ਮਾਲ ਤਕ ਪਹੁੰਚੇ ਤੇ ਉੱਥੇ ਪਹੁੰਚ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।