ਕਿਸਾਨਾਂ ਦਾ ਰੇਲ ਰੋਕੋ ਅੰਦੋਲਨ 1 ਤੱਕ ਮੁਲਤਵੀ

ਪੰਜਾਬੀ ਕਿਸਾਨ ਅੜਬ ਹਨ ਅਤੇ ਆਪਣੇ ਹੱਕਾਂ ਲਈ ਲੜ ਰਹੇ ਹਨ : ਚਮਕੋਰ ਖੱਟੜਾ

ਨਾਭਾ, (ਤਰੁਣ ਕੁਮਾਰ ਸ਼ਰਮਾ) ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਅਧੀਨ ਨਾਭਾ ਦੇ ਰੇਲ ਟ੍ਰੈਕ ‘ਤੇ ਧਰਨੇ ‘ਤੇ ਬੈਠੇ ਕਿਸਾਨਾਂ ਦਾ ਧਰਨਾ ਅੱਜ ਵੀ ਬਦਸਤੂਰ ਜਾਰੀ ਰਿਹਾ। ਇਸ ਮੌਕੇ ਗੁਰਮੇਲ ਸਿੰਘ ਅਤੇ ਮਨਜੀਤ ਸਿੰਘ ਆਦਿ ਸਮੇਤ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਪੰਗਾਂ ਤਾਂ ਲੈ ਲਿਆ ਹੈ ਪਰੰਤੂ ਹੁਣ ਉਸ ਨੂੰ ਸੁੱਝ ਨਹੀਂ ਰਿਹਾ ਕਿ ਇਸ ਨੂੰ ਕਿਸ ਤਰ੍ਹਾਂ ਨਿੱਜਠੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਅੰਦੋਲਨ ਤੋਂ ਪੂਰੀ ਤਰ੍ਹਾਂ ਹਿੱਲ ਗਈ ਹੈ ਅਤੇ ਬਿੱਲਾਂ ਨੂੰ ਵਾਪਸ ਲੈਣ ਲਈ ਦੋਚਿੱਤੀ ਵਿੱਚ ਪੈ ਗਈ ਹੈ। ਉਨ੍ਹਾਂ ਕਿਹਾ ਕਿ ਸਾਡਾ ਸੰਘਰਸ਼ ਅਣਮਿੱਥੇ ਸਮੇਂ ਲਈ ਚੱਲ ਸਕਦਾ ਹੈ ਜਿਸ ਲਈ ਪੰਜਾਬੀ ਕਿਸਾਨ ਤਿਆਰ ਬਰ ਤਿਆਰ ਹਨ।

ਇਸ ਮੌਕੇ ਕਿਸਾਨ ਅੰਦੋਲਨ ਵਿੱਚ ਅੱਜ ਮੁੜ ਸ਼ਾਮਲ ਹੋਏ ਪ੍ਰਸਿੱਧ ਪੰਜਾਬੀ ਕਲਾਕਾਰ ਚਮਕੌਰ ਖੱਟੜਾ ਨੇ ਕਿਹਾ ਕਿ ਬੇਸ਼ੱਕ ਅਸੀਂ ਚੰਗੇ ਕੱਪੜੇ ਪਾ ਕੇ ਕਲਾਕਾਰੀ ਕਰਦੇ ਹਾਂ ਪਰੰਤੂ ਮੁੱਢ ਤੋਂ ਅਸੀਂ ਕਿਸਾਨ ਪਰਿਵਾਰਾਂ ਨਾਲ ਹੀ ਸੰਬੰਧ ਰੱਖਦੇ ਹਾਂ। ਉਨ੍ਹਾਂ ਮੋਦੀ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਮੋਦੀ ਸਰਕਾਰ ਤਾਨਾਸ਼ਾਹੀ ਤਰੀਕੇ ਨਾਲ ਚੱਲ ਰਹੀ ਹੈ ਅਤੇ ਦੇਸ਼ ਦੀ ਜਨਤਾ ਅਤੇ ਕਿਸਾਨਾਂ ਨੂੰ ਬੰਦੀ ਬਣਾ ਕੇ ਰੱਖਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਅਸੀਂ ਪਹਿਲਾਂ ਵੀ ਆਜਾਦ ਰਹੇ ਹਾਂ ਅਤੇ ਹੁਣ ਵੀ ਆਜਾਦ ਹੀ ਰਹਾਂਗੇ। ਸਾਡੇ ਗੁਰੂਆਂ ਪੀਰਾਂ ਤੋਂ ਇਲਾਵਾ ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਸ਼ਹੀਦੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਅੜਬ ਹਨ ਅਤੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ, ਨਹੀਂ ਤਾਂ ਸਾਡਾ ਵੀ ਦਿਲ ਨਹੀਂ ਕਰਦਾ ਕਿ ਅਸੀਂ ਇੱਥੇ ਆ ਕੇ ਬੈਠੀਏ। ਸਾਡੀਆਂ ਮਾਵਾਂ ਅਤੇ ਭੈਣਾਂ ਵੀ ਸਾਡੇ ਨਾਲ ਸੰਘਰਸ਼ ਲਈ ਸੜਕਾਂ ‘ਤੇ ਉਤਰ ਆਈਆਂ ਹਨ।

ਇਹ ਤਾਂ ਹੋ ਰਿਹਾ ਹੈ ਜੇਕਰ ਕਿਸਾਨਾਂ ਨੂੰ ਕੋਈ ਸੱਟ ਲੱਗੀ ਹੈ ਜਾਂ ਇਨ੍ਹਾਂ ਨੂੰ ਆਪਣੇ ਭਵਿੱਖ ਦਾਅ ‘ਤੇ ਲੱਗੇ ਨਜਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਭਾਵੇਂ ਜਿੰਨਾਂ ਮਰਜੀ ਸਮਾਂ ਚੱਲੇ, ਅਸੀਂ ਸਮੂਹ ਕਲਾਕਾਰ ਕਿਸਾਨਾਂ ਦੇ ਨਾਲ ਹਾਂ ਅਤੇ ਨਾਲ ਹੀ ਰਹਾਂਗੇ। ਇਸ ਮੌਕੇ ਧਰਨੇ ਵਿੱਚ ਸ਼ਾਮਲ ਬੀਬੀਆਂ ਨੇ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਨਾ ਹੀ ਮੋਦੀ ਸਰਕਾਰ ਅਤੇ ਨਾ ਹੀ ਪੰਜਾਬ ਦੀ ਕੈਪਟਨ ਸਰਕਾਰ ਨੇ ਕੋਈ ਵੀ ਚੋਣ ਵਾਅਦਾ ਪੂਰਾ ਕੀਤਾ ਹੈ। ਮੋਦੀ ਸਰਕਾਰ ਦੇ 15 ਲੱਖ ਅੱਜ ਤੱਕ ਬੁਝਾਰਤ ਬਣੇ ਹੋਏ ਹਨ। ਰਾਜੇ ਨੇ ਬੁਢਾਪਾ ਪੈਨਸ਼ਨ ਤਾਂ ਕੀ ਵਧਾਉਣੀ ਸੀ ਬਲਕਿ ਨੋਟਿਸ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ। ਕਰਜੇ ਮਾਫੀ ਦਾ ਵਾਅਦਾ ਵਫਾ ਨਹੀਂ ਹੋਇਆ। ਅਸੀਂ ਆਪਣੇ ਹੱਕਾਂ ਲਈ ਲੜ ਰਹੇ ਹਾਂ ਅਤੇ ਲੜਦੇ ਰਹਾਂਗੇ।

ਕਿਸਾਨਾਂ ਵੱਲੋਂ ਚੱਲ ਰਹੇ ਰੇਲ ਰੋਕੋ ਅੰਦੋਲਨ ‘ਚ ਵਿਸ਼ੇਸ਼ ਤੌਰ ‘ਤੇ ਨਾਭਾ ਪੁੱਜੇ ਕਿਸਾਨ ਜੱਥੇਬੰਦੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਵੱਲੋਂ ਐਲਾਨ ਕੀਤਾ ਗਿਆ ਕਿ ਕਿਸਾਨਾਂ ਦਾ ਮੌਜੂਦਾ ਧਰਨਾ 01 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਜੱਥੇਬੰਦੀਆਂ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਇਸ ਸਮੇਂ ਦੌਰਾਨ ਜੇਕਰ ਮੋਦੀ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਸੰਬੰਧੀ ਕੋਈ ਯੋਗ ਫੈਸਲਾ ਨਾ ਲਿਆ ਤਾਂ 1 ਅਕਤੂਬਰ ਤੋਂ ਮੁੜ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਜੋ ਕਿ ਅਣਮਿੱਥੇ ਸਮੇਂ ਲਈ ਜਾਰੀ ਰਹਿ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.