ਦੋ ਘੰਟੇ ਸੜਕੀ ਆਵਾਜਾਈ ਰੋਕ ਕੇ ਕੀਤੀ ਗਈ ਨਾਅਰੇਬਾਜ਼ੀ, ਲਖੀਮਪੁਰ ਘਟਨਾ ਦੇ ਦੋਸ਼ੀਆਂ ਨੂੰ ਜਲਦ ਕੀਤਾ ਜਾਵੇ ਗਿ੍ਰਫਤਾਰ : ਆਗੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੰਯੁਕਤ ਕਿਸਾਨ ਮੋਰਚ ਦੇ ਸੱਦੇ ’ਤੇ (Farmers) ਅੱਜ ਪੂਰੇ ਪੰਜਾਬ ਵਿੱਚ ਤਹਿਸੀਲਾਂ ਅਤੇ ਜਿਲਾ ਕੰਪਲੈਕਸਾਂ ਵਿੱਚ ਮੋਦੀ ਅਤੇ ਯੋਗੀ ਮੁੱਖ ਮੰਤਰੀ ਦੇ ਪੁੱਤਲੇ ਸਾੜੇ ਗਏ। ਭਾਵੇਂ ਸੁਪਰੀਮ ਕੋਰਟ ਵੱਲੋਂ ਬਣਾਈ ਸਿੱਟ ਨੇ ਕੇਂਦਰ ਦੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਲਖੀਮਪੁਰ ਕਿਸਾਨਾਂ ਦੇ ਕਤਲਿਆਮ ਵਿੱਚ 120ਬੀ ਤਹਿਤ ਮੁੱਖ ਮੁਲਜ਼ਮ ਕਰਾਰ ਦਿੱਤਾ ਹੋਇਆ ਹੈ ਅਤੇ ਉਸ ਦਾ ਨਾਂਅ ਐਫ.ਆਈ.ਆਰ. ’ਚ ਵੀ ਦਰਜ ਹੈ ਪਰੰਤੂ ਫਿਰ ਵੀ ਮੋਦੀ ਵੱਲੋਂ ਉਸ ਨੂੰ ਨਾ ਅਹੁਦੇ ਤੋਂ ਬਰਖਾਸਤ ਨਹੀਂ ਕੀਤਾ ਗਿਆ ਹੈ ਨਾ ਹੀ ਉਸ ਦੀ ਗਿ੍ਰਫਤਾਰੀ ਕੀਤੀ ਗਈ ਹੈ।
ਇਸ ਦੇ ਨਾਲ ਹੀ ਯੂ.ਪੀ. ਦੇ ਬੀ.ਜੇ.ਪੀ. ਦੇ ਰਾਜ ਵਿੱਚ ਲਖੀਮੁਪਰ ਦੇ ਚਸ਼ਮਦੀਪ ਗਵਾਹਾਂ ’ਤੇ ਹਮਲੇ ਕੀਤੇ ਜਾ ਰਹੇ ਹਨ। ਇਸ ਸਾਰੇ ਘਟਨਾ ਕਰਮ ਦਾ ਸੰਯੁਕਤ ਕਿਸਾਨ ਮੋਰਚੇ ਵਲੋਂ ਨੋਟਿਸ ਲੈ ਕੇ ਅੱਜ ਦਾ ਉਪਰੋਕਤ ਪ੍ਰੋਗਰਾਮ ਉਲੀਕਿਆ ਗਿਆ ਸੀ। ਪਟਿਆਲੇ ਜ਼ਿਲ੍ਹੇ ਦੀਆਂ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਜਿਨਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਬੀ.ਕੇ.ਯੂ. ਸਿੱਧੂਪੁਰ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਜ਼ਿਲ੍ਹਾ ਡੀਸੀ ਦਫ਼ਤਰ ਦੇ ਸਾਹਮਣੇ ਮੋਦੀ ਅਤੇ ਯੋਗੀ ਦੇ ਪੁਤਲੇ ਸਾੜੇ ਗਏ। ਦੋ ਘੰਟੇ ਸੜਕੀ ਆਵਾਜਾਈ ਰੋਕ ਕੇ ਧਰਨੇ ’ਤੇ ਬੈਠੇ ਕਿਸਾਨ ਸੰਬੋਧਨ ਕਰਨ ਵਾਲੇ ਆਗੂਆਂ ਜਿਨ੍ਹਾਂ ਵਿੱਚ ਗੁਰਮੀਤ ਸਿੰਘ ਦਿੱਤੂਪੁਰ ਨੇ ਕਿਹਾ ਕਿ ਸਾਡਾ ਰਾਜ ਪ੍ਰਬੰਧ ਕਾਰਪੋਰੇਟ ਨੀਤੀਆਂ ਦੀ ਜਕੜ ਵਿੱਚ ਆ ਚੁੱਕਾ ਹੈ ਅਸੀਂ ਇਸ ਨੂੰ ਕੇਵਲ ਸੰਘਰਸ਼ਾਂ ਰਾਹੀਂ ਠੱਲ ਪਾ ਸਕਾਂਗੇ।
ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਨੇ ਸੰਯੁਕਤ ਮੋਰਚਾ ਨੂੰ ਤੋੜਨ ਵਾਲਿਆਂ ਕੁੱਝ ਜਥੇਬੰਦੀਆਂ ਦੀ ਕਾਰਵਾਈ ਨੂੰ ਮੰਦਭਾਗੀ ਕਰਾਰ ਦਿੱਤਾ, ਬੁਲਾਰਿਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਝਾੜ ਘੱਟ ਨਿਕਲਣ ਕਾਰਨ ਪੰਜਾਬ ਵਿੱਚ ਕਿਸਾਨੀ ਫਿਰ ਤੋਂ ਆਤਮ ਹੱਤਿਆ ਕਰਨ ਵੱਲ ਵੱਧ ਰਹੀ ਹੈ ਅਤੇ ਸਰਕਾਰ ਵੱਲੋਂ ਉਨ੍ਹਾਂ ਦੀ ਅਜੇ ਤੱਕ ਕੋਈ ਬਾਹ ਨਹੀਂ ਫੜੀ ਗਈ। ਭਾਵੇਂ ਕਿ ਡਾ. ਦਰਸ਼ਨ ਪਾਲ, ਜਗਜੀਤ ਸਿੰਘ ਡੱਲੇਵਾਲ ਅਤੇ ਸੰਯੁਕਤ ਕਿਸਾਨ ਮੋਰਚੇ ਵਿੱਚ 23 ਕਿਸਾਨ ਜਥੇਬੰਦੀਆਂ ਨਾਲ ਪਿਛਲੇ ਦਿਨੀ ਸਰਕਾਰ ਨੇ ਗੱਲਬਾਤ ਕਰਦਿਆਂ ਵਿਸ਼ਵਾਸ਼ ਦਿਵਾਇਆ ਸੀ ਕਿ ਕਿਸਾਨਾਂ ਨੂੰ ਪ੍ਰਤੀ ਕੁਆਇੰਟਲ ਬੋਨਸ ਦੇਣ ਦੀ ਗੱਲ ਵੀ ਮੰਨੀ ਸੀ, ਪਰੰਤੂ ਅਜੇ ਤੱਕ ਇਸਦਾ ਐਲਾਨ ਨਹੀਂ ਕੀਤਾ ਗਿਆ ਅਤੇ ਉਲਟਾ ਡਫਾਲਟਰ ਕਿਸਾਨਾਂ ਤੇ ਕਾਰਵਾਈਆਂ ਕਰਨ ਦੀ ਵੀ ਜਥੇਬੰਦੀਆਂ ਨੇ ਨਿਖੇਧੀ ਕੀਤੀ। ਅੱਜ ਦੇ ਧਰਨੇ ਨੂੰ ਗੁਰਜੰਟ ਸਿੰਘ ਸਿੰਬੜੋ, ਸੁਰਿੰਦਰ ਸਿੰਘ ਕਕਰਾਲਾ, ਗੁਰਨਾਮ ਸਿੰਘ, ਗੁਰਪ੍ਰੀਤ ਸਿੰਘ ਨੁਰਖੇੜੀਆਂ, ਹਰਮੇਲ ਸਿੰਘ ਆਦਿ ਨੇ ਸੰਬੋਧਨ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ