ਮਾਝੇ ਤੇ ਦੁਆਬੇ ’ਚ ਦਰਜ਼ਨਾਂ ਥਾਵਾਂ ’ਤੇ ਕਿਸਾਨਾਂ ਵੱਲੋਂ ਰੇਲਾਂ ਦਾ ਚੱਕਾ ਜਾਮ

Farmers Rail Roko Protest Sachkahoon

ਮਾਝੇ ਤੇ ਦੁਆਬੇ ’ਚ ਦਰਜ਼ਨਾਂ ਥਾਵਾਂ ’ਤੇ ਕਿਸਾਨਾਂ ਵੱਲੋਂ ਰੇਲਾਂ ਦਾ ਚੱਕਾ ਜਾਮ

ਕਿਸਾਨ ਔਰਤਾਂ ਸਮੇਤ ਰੇਲਵੇ ਪਟੜੀਆਂ ’ਤੇ ਉਤਰੇ

(ਰਾਜਨ ਮਾਨ) ਅੰਮਿ੍ਰਤਸਰ । ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ ਵਿੱਚ ਰੇਲਾਂ ਰੋਕਣ ਦੇ ਦਿੱਤੇ ਗਏ ਸੱਦੇ ਤਹਿਤ ਅੱਜ ਮਾਝੇ ਅਤੇ ਦੁਆਬੇ ਵਿੱਚ ਦਰਜਨਾਂ ਥਾਵਾਂ ‘ਤੇ ਕਿਸਾਨਾਂ ਨੇ ਰੇਲਾਂ ਰੋਕੀਆਂ ਅਤੇ ਮੋਦੀ ਤੇ ਯੋਗੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਅੰਮਿ੍ਰਤਸਰ ਦੇ ਰੇਲਵੇ ਸਟੇਸ਼ਨ ਤੇ ਰੇਲਾਂ ਰੋਕੀ ਬੈਠੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਹਰਜੀਤ ਸਿੰਘ ਝੀਤਾ, ਕਾਮਰੇਡ ਰਤਨ ਸਿੰਘ ਰੰਧਾਵਾ, ਹੋਲੀ ਸਿਟੀ ਫਾਰਮਰਜ਼ ਗਰੁੱਪ ਦੇ ਆਗੂ ਰਾਜਨ ਮਾਨ, ਜਤਿੰਦਰ ਸਿੰਘ ਛੀਨਾ, ਕੰਵਲਪ੍ਰੀਤ ਸਿੰਘ ਪੰਨੂ, ਧਨਵੰਤ ਸਿੰਘ ਖਤਰਾਏਂ, ਕਾਮਰੇਡ ਦੁਧਾਲਾ ਨੇ ਕਿਹਾ ਕਿ ਅਜੇ ਮਿਸਰਾ ਨੂੰ ਭੇਜਿਆ ਜਾਵੇ ਜੇਲ ਅਤੇ ਕੇਂਦਰੀ ਮੰਤਰੀ ਮੰਡਲ ਚੋਂ ਮਿਸ਼ਰਾ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ ਦੇ ਕਿਸਾਨਾਂ ਮਜਦੂਰਾਂ ਤੋਂ ਵੱਡੀ ਨਹੀਂ, ਅੱਜ ਦਾ ਰੇਲ ਰੋਕੋ ਸਰਕਾਰ ਦੀਆਂ ਜੜ੍ਹਾਂ ਪੁੱਟੇਗਾ।

ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਅੰਦੋਲਨ ਨੂੰ ਬਦਨਾਮ ਕਰਨ ਲਈ ਸਿੰਘੂ ਬਾਰਡਰ ’ਤੇ ਵਾਪਰੀ ਘਟਨਾ ’ਤੇ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਕਾਨੂੰਨ ਦੀ ਗੱਲ ਕਰ ਰਹੀ ਹੈ, ਉਸ ਸਰਕਾਰ ਦਾ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਲਖੀਮਪੁਰ ਕਤਲ ਕਾਂਡ ਦੀ ਘਟਨਾ ਦੇ 120ਬੀ ਕੇਸ ’ਚ ਦੋਸ਼ੀ ਹੈ।ਉਸ ਉੱਤੇ ਨਾ ਕਰਵਾਈ ਹੋ ਰਹੀ ਹੈ ਅਤੇ ਨਾ ਹੀ ਮੰਤਰੀ ਮੰਡਲ ਤੋਂ ਅਸਤੀਫ਼ਾ ਲਿਆ ਜਾ ਰਿਹਾ ਹੈ। ਉਲਟਾ ਉਹ ਗਵਾਹਾਂ ਉੱਤੇ ਦਬਾਅ ਬਣਾ ਰਹੇ ਹਨ ਕਿ ਬਿਆਨ ਦਰਜ ਨਾ ਕਰਵਾਉਣ ਤਾਂ ਜੋ ਕੇਂਦਰੀ ਮੰਤਰੀ ਨੂੰ ਬਚਾਇਆ ਜਾ ਸਕੇ।ਮੋਦੀ ਸਰਕਾਰ ਤਿੰਨ ਕਾਲੇ ਕਾਨੂੰਨ ਲਾਗੂ ਕਰਕੇ ਦੇਸ ਨੂੰ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਦੇ ਹੱਥ ਵਿਚ ਦੇਣਾ ਚਾਹੁੰਦੀ ਹੈ।ਜਿਸ ਨੂੰ ਅਨਾਜ ਸਮੇਤ ਦੇਸ ਦੇ ਜਨਤਕ ਸਾਧਨਾਂ ਉੱਤੇ ਅੰਬਾਨੀ, ਅਡਾਨੀ ਦਾ ਕਬਜਾ ਹੋਣ ਨਾਲ ਮਹਿੰਗਾਈ ਸਿਖਰਾਂ ਤੇ ਪਹੁੰਚ ਜਾਵੇਗੀ।

ਜਿਵੇਂ ਪਿਛਲੇ ਦੋ ਹਫਤਿਆਂ ਵਿੱਚ ਪੈਟਰੋਲ, ਡੀਜਲ, ਰਸੋਈ ਗੈਸ ਦੀਆਂ ਕੀਮਤਾਂ ਵਿੱਚ ਬਹੁਤ ਵੱਡਾ ਵਾਧਾ ਕੀਤਾ ਗਿਆ ਹੈ ਕਿਉਂਕਿ ਇਹ ਕਾਰਪੋਰੇਟ ਘਰਾਣਿਆਂ ਦੇ ਕਬਜੇ ਹੇਠ ਹੈ।ਰਸੋਈ ਵਿੱਚ ਵਰਤੋ ਦੀਆਂ ਵਸਤਾਂ ਗੰਢੇ ਅਤੇ ਟਮਾਟਰ ਦੀਆਂ ਕੀਮਤਾਂ ਅਸਮਾਨ ਛੁਹ ਰਹੀਆਂ ਹਨ।ਇਸੇ ਤਰ੍ਹਾਂ ਕਾਰਪੋਰੇਟ ਘਰਾਣੇ ਦੇ ਅਡਾਨੀ ਨੇ ਪਹਿਲਾਂ ਹਿਮਾਚਲ ਦੇ ਸੇਬ ਨੂੰ ਲੁੱਟਿਆ ਹੈ ਤੇ ਹੁਣ ਦੇਸ ਦੇ ਖੇਤੀ ਸੈਕਟਰ ਉੱਤੇ ਕਬਜਾ ਕਰਕੇ ਲੁੱਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕਿਸਾਨੀ ਖੇਤਰ ਵਿੱਚ ਪਹਿਲਾਂ ਹੀ ਖੁਦਕੁਸੀਆਂ ਕਰ ਰਹੇ ਕਿਸਾਨ ਹੁਣ ਗੰਢੇ ਅਤੇ ਟਮਾਟਰ ਦੀ ਪੈਦਾਵਾਰ ਕਰਨ ਵਾਲੇ ਕਿਸਾਨ ਵੱਡੇ ਪੱਧਰ ਉੱਤੇ ਖੁਦਕੁਸੀਆਂ ਕਰ ਰਹੇ ਹਨ।ਦੇਸ ਦੀ ਅਜਿਹੀ ਮੋਦੀ ਹਕੂਮਤ ਨੂੰ ਲੋਕ ਸੱਤਾ ਤੋ ਬਾਹਰ ਦਾ ਰਸਤਾ ਵਿਖਾਉਣਗੇ ਤੇ ਤਿੰਨੇ ਖੇਤੀ ਕਾਨੂੰਨ ਵਾਪਸ ਕਰਾਉਣ ਸਮੇਤ ਸਾਰੀਆਂ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣਗੇ। ਇਸ ਮੌਕੇ ਗੁਰਦੇਵ ਸਿੰਘ ਮਾਹਲ, ਦਿਲਬਾਗ ਸਿੰਘ ਨੌਸ਼ਹਿਰਾ, ਡਾ ਐਮ ਪੀ ਸਿੰਘ ਸਰਾਂ, ਇੰਦਰਜੀਤ ਸਿੰਘ ਗਿੱਲ, ਤੇਜਬੀਰ ਸਿੰਘ ਮਾਨ, ਸੁਖਪਾਲ ਸਿੰਘ ਭੁੱਲਰ, ਸਿਕੰਦਰ ਸਿੰਘ ਗਿੱਲ, ਸਰਬਜੀਤ ਸਿੰਘ ਆਦਿ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ