ਕਰਜ਼ਾ ਪੀੜਤ ਕਿਸਾਨਾਂ ਦੀ ਮਹਾਂ ਰੈਲੀ ਦੌਰਾਨ ਉਮੜਿਆ ਇਤਿਹਾਸਕ ਇਕੱਠ

Farmer issues, Dabit, Maha Rally, BKU

ਅਗਲੇ ਪੜਾਅ ਤਹਿਤ 22 ਸਤੰਬਰ ਤੋਂ ਮੋਤੀ ਮਹਿਲ ਪਟਿਆਲਾ ਅੱਗੇ 5 ਰੋਜ਼ਾ ਧਰਨੇ ਦਾ ਐਲਾਨ

ਜੀਵਨ ਰਾਮਗੜ੍ਹ/ਜਸਵੀਰ ਸਿੰਘ, ਬਰਨਾਲਾ: ਕਿਸਾਨੀ ਕਰਜ਼ੇ/ਖੁਦਕੁਸ਼ੀਆਂ/ਕੁਰਕੀਆਂ ਤੋਂ ਮੁਕਤੀ ਤੇ ਰੁਜ਼ਗਾਰ ਪ੍ਰਾਪਤੀ ਜਿਹੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੀਆਂ 7 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਅੱਜ ਇੱਥੇ ਦਾਣਾ ਮੰਡੀ ‘ਚ ਕੀਤੀ ਗਈ ‘ਕਰਜ਼ਾ-ਮੁਕਤੀ ਮਹਾਂ ਰੈਲੀ’ ‘ਚ 50,000 ਤੋਂ ਵੱਧ ਕਿਸਾਨ-ਮਜ਼ਦੂਰ ਔਰਤਾਂ ਦਾ ਭਾਰੀ ਇਕੱਠ ਹੋਇਆ ਇਹ ਇਕੱਠ ਕਰਜ਼ਾ ਮੁਕਤੀ ਅੰਦੋਲਨ ਦਾ ਅਗਲਾ ਪੜਾਅ ਮੋਤੀ ਮਹਿਲ ਦੇ ਦਰਾਂ ਤੋਂ 5 ਰੋਜ਼ਾ ਧਰਨਾ ਲਾ ਕੇ ਸ਼ੁਰੂ ਕਰਨ ਦਾ ਸੱਦਾ ਦੇ ਗਿਆ।

ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰਿਆਂ ‘ਚ ਸ਼ਾਮਲ ਭਾਕਿਯੂ (ਏਕਤਾ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਭਾਕਿਯੂ ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਕਿਸਾਨ ਸੰਘਰਸ਼ ਕਮੇਟੀ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਸ਼ਿੰਦਰ ਸਿੰਘ ਨੱਥੂਵਾਲਾ, ਭਾਕਿਯੂ (ਕ੍ਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ, ਕਿਸਾਨ ਸੰਘਰਸ਼ ਕਮੇਟੀ (ਆਜ਼ਾਦ) ਦੇ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਅਤੇ ਔਰਤ ਕਿਸਾਨ ਆਗੂ ਹਰਵਿੰਦਰ ਕੌਰ ਬਿੰਦੂ ਨੇ ਸਾਂਝੇ ਘੋਲ ਦੀ ਤਰਜਮਾਨੀ ਕਰਦਿਆਂ ਕਿਹਾ ਕਿ ਕਿਸਾਨ ਖੁਦਕੁਸ਼ੀਆਂ ਰੋਕਣ ਲਈ ਭਖਦੇ ਕਿਸਾਨੀ ਮਸਲੇ ਤੁਰੰਤ ਹੱਲ ਕਰਨ ਤੋਂ ਮੂੰਹ ਫੇਰਨ ਲਈ ਕੈਪਟਨ ਸਰਕਾਰ ਦੀ ਜ਼ੋਰਦਾਰ ਨਿਖੇਧੀ ਕੀਤੀ।

ਇਹ ਹਨ ਕਿਸਾਨਾਂ ਦੀਆਂ ਮੰਗਾਂ

ਬੁਲਾਰਿਆਂ ਨੇ ਮੰਗ ਕੀਤੀ ਕਿ ਕਰਜ਼ੇ ਮੋੜਨੋਂ ਅਸਮੱਰਥ ਸਮੂਹ ਕਿਰਤੀ-ਕਿਸਾਨਾਂ ਦੇ ਹਰ ਕਿਸਮ ਦੇ ਕਰਜ਼ਿਆਂ ‘ਤੇ ਲਕੀਰ ਮਾਰੀ ਜਾਵੇ ਅਤੇ 2 ਲੱਖ ਦੀ ਨਿਗੂਣੀ ਰਾਹਤ ਦਾ ਨੋਟੀਫੀਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ। ਕਰਜ਼ਾ ਲੈਣ ਸਮੇਂ ਮਜ਼ਬੂਰ ਕਿਸਾਨਾਂ ਦੇ ਹਾਸਲ ਕੀਤੇ ਦਸਖਤ/ਅੰਗੂਠੇ ਵਾਲੇ ਖਾਲੀ ਚੈੱਕ/ਪ੍ਰੋਨੋਟ/ਅਸ਼ਟਾਮ ਬੈਂਕਾਂ ਤੇ ਆੜਤੀਆਂ ਪਾਸੋਂ ਵਾਪਸ ਕਰਵਾਏ ਜਾਣ, ਅੱਗੇ ਤੋਂ ਇਹਨਾਂ ਦਸਤਾਵੇਜਾਂ ਸਮੇਤ ਵਹੀ-ਖਾਤਿਆਂ ਦੀ ਕਾਨੂੰਨੀ ਮਾਨਤਾ ਰੱਦ ਕੀਤੀ ਜਾਵੇ ਅਤੇ ਪਹਿਲਾਂ ਚੱਲ ਰਹੇ ਕੋਰਟ ਕੇਸ ਵਾਪਸ ਲਏ ਜਾਣ। ਖ਼ੁਦਕੁਸ਼ੀਆਂ ਦਾ ਸ਼ਿਕਾਰ ਹੋਏ ਕਿਸਾਨਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ, 1-1 ਸਰਕਾਰੀ ਨੌਕਰੀ ਤੇ ਸਮੁੱਚੇ ਕਰਜ਼ੇ ‘ਤੇ ਲੀਕਰ ਦੀ ਫੌਰੀ ਰਾਹਤ ਤੁਰੰਤ ਦਿੱਤੀ ਜਾਵੇ।

ਪੰਜਾਬ ਦੇ ਪੜੇ-ਲਿਖੇ ਤੇ ਅਨਪੜ ਪੇਂਡੂ ਬੇਰੁਜ਼ਗਾਰਾਂ ਨੂੰ ਪੱਕੀ ਨੌਕਰੀ ਦਿੱਤੀ ਜਾਵੇ ਅਤੇ ਉਸਤੋਂ ਪਹਿਲਾਂ ਗੁਜ਼ਾਰੇਯੋਗ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਸਮੂਹ ਆਬਾਦਕਾਰ ਤੇ ਮੁਜਾਰੇ ਕਿਸਾਨਾਂ ਨੂੰ ਹਰ ਕਿਸਮ ਦੀ ਕਾਬਜ਼ ਜ਼ਮੀਨ ਦੇ ਮਾਲਕੀ ਹੱਕ ਤੁਰੰਤ ਦਿੱਤੇ ਜਾਣ। ਕਣਕ/ਝੋਨੇ ਦਾ ਨਾੜ/ਪਰਾਲੀ ਸਾੜਨ ‘ਤੇ ਪਾਬੰਦੀ/ਜ਼ੁਰਮਾਨੇ ਲਾਉਣ ਦਾ ਫ਼ੈਸਲਾ ਰੱਦ ਕੀਤਾ ਜਾਵੇ। ਫ਼ਸਲੀ ਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਹੋਰ ਫ਼ਸਲਾਂ ਤੋਂ ਵਧੇਰੇ ਆਮਦਨ ਦੀ ਗਾਰੰਟੀ ਕੀਤੀ ਜਾਵੇ ਅਤੇ ਬਦਲਵੇਂ ਸੰਭਾਲ-ਪ੍ਰਬੰਧਾਂ ਲਈ 2500 ਰੁਪਏ ਪ੍ਰਤੀ ਏਕੜ ਰਾਹਤ ਦਿੱਤੀ ਜਾਵੇ। ਖਾਦਾਂ, ਕੀਟ/ਨਦੀਨਨਾਸ਼ਕਾਂ, ਖੇਤੀ ਸੰਦਾਂ ਤੇ ਕਲ-ਪੁਰਜ਼ਿਆਂ ਸਮੇਤ ਹੋਰ ਖੇਤੀ ਲਾਗਤਾਂ ‘ਤੇ ਲਾਇਆ ਜੀ.ਐਸ.ਟੀ. ਖਤਮ ਕੀਤਾ ਜਾਵੇ।

ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਨਿਭਾਈ। ਸੰਬੋਧਨ ਕਰਨ ਵਾਲੇ ਹੋਰ ਬੁਲਾਰਿਆਂ ‘ਚ ਦਾਤਾਰ ਸਿੰਘ, ਮਨਜੀਤ ਸਿੰਘ ਧਨੇਰ, ਇੰਦਰਜੀਤ ਸਿੰਘ ਕੋਟ ਬੁੱਢਾ, ਝੰਡਾ ਸਿੰਘ ਜੇਠੂਕੇ, ਦਲਵਿੰੰਦਰ ਸਿੰਘ ਸ਼ੇਰ ਖਾਂ, ਬਲਦੇਵ ਸਿੰਘ ਜੀਰਾ ਅਤੇ ਹਰਜੀਤ ਸਿੰਘ ਝੀਂਡਾ ਸ਼ਾਮਿਲ ਸਨ

…ਤਾਂ ਉਲੀਕਾਂਗੇ ਅਗਲਾ ਪੈਂਤੜਾ

ਬੁਲਾਰਿਆਂ ਚੇਤਾਵਨੀ ਦਿੰਦਿਆਂ ਕਿਹਾ ਕਿ ਉਕਤ ਮੰਗਾਂ ਦਾ ਤਸੱਲੀਬਖਸ਼ ਨਿਪਟਾਰਾ ਨਾ ਕੀਤੇ ਜਾਣ ‘ਤੇ ਸਾਂਝੇ ਕਰਜ਼ਾ-ਮੁਕਤੀ ਘੋਲ ਦੇ ਅਗਲੇ ਪੜਾਅ ਤਹਿਤ 22 ਸਤੰਬਰ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਪਟਿਆਲਾ ਅੱਗੇ 5 ਰੋਜ਼ਾ ਦਿਨ-ਰਾਤ ਧਰਨਾ ਲਾਇਆ ਜਾਵੇਗਾ। ਜੇਕਰ ਫਿਰ ਵੀ ਟਾਲ-ਮਟੋਲ ਜਾਰੀ ਰਹੀ ਤਾਂ ਅਗਲਾ ਪੈਂਤੜਾ ਉਲੀਕਿਆ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।