ਮਾਮਲਾ ਤਾਰੋਂ ਪਾਰ ਪੱਕੀ ਫ਼ਸਲ ਵੱਢਣ ’ਤੇ ਲਗਾਈ ਰੋਕ ਦਾ (Ferozepur News)
- 24 ਅਪਰੈਲ ਤੋਂ ਧਰਨਾ ਸ਼ੁਰੂ ਕਰਨਗੇ ਕਿਸਾਨ
(ਸਤਪਾਲ ਥਿੰਦ) ਫ਼ਿਰੋਜ਼ਪੁਰ। ਤਾਰ ਲਾਗੇ ਕਿਸਾਨਾਂ ਵੱਲੋਂ ਆਬਾਦ ਕਰਕੇ ਬੀਜ਼ੀ ਗਈ ਪੱਕੀ ਫ਼ਸਲ ਨੂੰ ਨਾ ਵੱਢਣ ਦੇ ਆਏ ਹੁਕਮਾਂ ਤੋਂ ਬਾਅਦ ਅੱਜ ਸਤਲੁਜ ਪ੍ਰੈੱਸ ਕਲੱਬ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਆਗੂਆਂ ਗੁਰਸੇਵਕ ਸਿੰਘ ਧਾਲੀਵਾਲ ਬਲਾਕ ਪ੍ਰਧਾਨ ਮਮਦੋਟ, ਗੁਰਮੀਤ ਸਿੰਘ ਘੋੜੇ ਚੱਕ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਰਣਜੀਤ ਸਿੰਘ ਢਿੱਲੋਂ ਪ੍ਰੈਸ ਸਕੱਤਰ, ਜਗਦੀਸ਼ ਲਾਲ, ਬਲਵਿੰਦਰ ਸਿੰਘ ਆਦਿ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। Ferozepur News
ਇਸ ਮੌਕੇ ਐਲਾਨ ਕੀਤਾ ਗਿਆ ਕਿ 24 ਅਪਰੈਲ ਨੂੰ ਫਿਰੋਜ਼ਪੁਰ ਵਿੱਚ ਪੱਕਾ ਮੋਰਚਾ ਲਾਇਆ ਜਾ ਰਿਹਾ ਹੈ ਇਹ ਮੋਰਚਾ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਖਾਈਂ ਮਹਿਲ ਸਿੰਘ ਵਾਲਾ ਰੋਡ, ਵਿਧਾਇਕ ਰਜਨੀਸ਼ ਦਹੀਆ ਦੀ ਰਿਹਾਇਸ਼ ਜਾਂ ਫਿਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਇਨ੍ਹਾਂ ਤਿੰਨਾਂ ਥਾਵਾਂ ’ਚੋਂ ਕਿਸੇ ਇੱਕ ਜਗ੍ਹਾ ’ਤੇ ਲਗਭਗ 300 ਟਰੈਕਟਰ-ਟਰਾਲੀਆਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਲਾਇਆ ਜਾਵੇਗਾ।
ਕਿਸਾਨਾਂ ਦੀਆਂ ਮੰਗਾਂ ਨਾ ਮੰਨਣ ਤੱਕ ਮੋਰਚਾ ਜਾਰੀ ਰਹੇਗਾ
ਕਿਸਾਨ ਆਗੂਆਂ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਜਿੰਨਾ ਚਿਰ ਅਬਾਦਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਨਹੀਂ ਲਈਆਂ ਜਾਂਦੀਆਂ ਉਨੀਂ ਦੇਰ ਇਹ ਮੋਰਚਾ ਸਮਾਪਤ ਨਹੀਂ ਕੀਤਾ ਜਾਵੇਗਾ। ਕਿਉਂਕਿ ਸਥਾਨਕ ਵਿਧਾਇਕ ਰਜਨੀਸ਼ ਦਹੀਆ ਵੱਲੋਂ ਦਬਾਅ ਬਣਾ ਕੇ ਜ਼ਿਲ੍ਹਾ ਫਿਰੋਜ਼ਪੁਰ ਪ੍ਰਸ਼ਾਸਨ ਵੱਲੋਂ ਕੁਝ ਕੁ ਕਿਸਾਨਾਂ ਖਿਲਾਫ ਚਿੱਠੀ ਕੱਢਵਾ ਕੇ ਕੰਡਿਆਲੀ ਤਾਰ ਤੋਂ ਪਾਰ ਵਾਲੇ ਅਬਾਦਕਾਰ ਕਿਸਾਨਾਂ ਨੂੰ ਪੱਕੀਆਂ ਫਸਲਾਂ ਕਣਕ, ਸਰ੍ਹੋਂ, ਸਬਜ਼ੀ ਆਦਿ ਕੱਟਣ ਤੋਂ ਰੋਕ ਦਿੱਤਾ ਗਿਆ ਹੈ। Ferozepur News
ਕਿਸਾਨ ਆਗੂਆਂ ਨੇ ਕਿਹਾ ਕਿ ਫਸਲਾਂ ਪੱਕ ਕੇ ਤਿਆਰ ਹੋ ਚੁੱਕੀਆਂ ਹਨ ਜੋ ਨਾ ਵੱਢਣ ਕਾਰਨ ਖਰਾਬ ਹੋ ਰਹੀਆਂ ਹਨ ਅਤੇ ਇਹਨਾਂ ਕਿਸਾਨਾਂ ਨੂੰ ਉਜਾੜਨ ਲਈ ਰਜਨੀਸ਼ ਦਹੀਆ ਵੱਲੋਂ ਆਪਣੀ ਸਰਕਾਰ ਤੋਂ ਵਾਰ-ਵਾਰ ਜ਼ਮੀਨਾਂ ਠੇਕੇ ਚੁਗੱਤੇ ’ਤੇ ਦੇਣ ਲਈ ਚਿੱਠੀਆਂ ਕਢਵਾਈਆਂ ਜਾ ਰਹੀਆਂ ਹਨ ਅਤੇ ਵਿਧਾਇਕ ਵੱਲੋਂ ਆਪਣੇ ਚਹੇਤੇ ਬੰਦਿਆਂ ਨੂੰ ਜ਼ਮੀਨਾਂ ਵਿੱਚ ਵਾੜਨ ਦੀਆਂ ਲਿਸਟਾਂ ਪਹਿਲਾਂ ਹੀ ਤਿਆਰ ਕਰ ਲਈਆਂ ਗਈਆਂ ਹਨ ਜੋ ਕਿ ਵੱਖ-ਵੱਖ ਪਿੰਡਾਂ ਦੇ ਵਸਨੀਕ ਹਨ ਤੇ ਜਿਹਨਾਂ ਦਾ ਇਸ ਜ਼ਮੀਨ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਹੈ।
ਇਹ ਵੀ ਪੜ੍ਹੋ: ਅਸੀਂ ਘਰ-ਘਰ ਅਨਾਜ ਪਹੁੰਚਾ ਰਹੇ ਹਾਂ, ਦੂਜੀਆਂ ਪਾਰਟੀਆਂ ਸਿਰਫ਼ ਫੋਟੋਆਂ ਖਿੱਚ ਰਹੀਆਂ : ਪਰਮਪਾਲ ਕੌਰ
ਕਿਸਾਨਾਂ ਨੇ ਦੋਸ਼ ਲਗਾਇਆ ਕਿ ਅਬਾਦਕਾਰ ਕਿਸਾਨਾਂ ਦੀ ਮਜ਼ਬੂਰੀ ਦਾ ਨਜਾਇਜ਼ ਫਾਇਦਾ ਉਠਾ ਕੇ ਵਿਧਾਇਕ ਰਜਨੀਸ਼ ਦਹੀਆ ਵੱਲੋਂ ਕਥਿਤ ਤੌਰ ’ਤੇ ਪੈਸੇ ਵੀ ਲਏ ਗਏ ਹਨ ਅਤੇ ਫਿਰ 50 ਕਿੱਲੇ ਜ਼ਮੀਨ ਦੀ ਮੰਗ ਕੀਤੀ ਗਈ, ਕਿਸਾਨਾਂ ਵੱਲੋਂ ਜ਼ਮੀਨ ਦੇਣ ਤੋਂ ਮਨ੍ਹਾ ਕੀਤਾ ਗਿਆ। ਇਸ ਦੇ ਪੁਖਤਾ ਸਬੂਤ ਜਲਦ ਸਤਲੁਜ ਪ੍ਰੈੱਸ ਕਲੱਬ ਵਿੱਚ ਜਨਤਕ ਕੀਤੇ ਜਾਣਗੇ। ਕਿਸਾਨਾਂ ਨੇ ਆਖਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਕਈ ਹੋਰ ਵਿਅਕਤੀਆ ਵੱਲੋਂ ਵੀ ਉਕਤ ਵਿਧਾਇਕ ਖਿਲਾਫ ਰਿਸ਼ਵਤ ਦੇ ਐਫੀਡੇਵਿਟ ਸਾਡੀ ਯੂਨੀਅਨ ਨੂੰ ਦਿੱਤੇ ਹਨ ਉਹ ਵੀ ਜਲਦ ਜਨਤਕ ਕੀਤੇ ਜਾਣਗੇ।
ਕਿਸਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਵਿਧਾਇਕ ਖਿਲਾਫ ਕੀਤੀ ਕਾਰਵਾਈ ਦੀ ਮੰਗ
ਕਿਸਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਇਸ ਵਿਧਾਇਕ ਦੀ ਜਾਇਦਾਦ ਚੈੱਕ ਕੀਤੀ ਜਾਵੇ ਕਿ ਇਸ ਕੋਲ ਐਨਾ ਪੈਸਾ ਕਿੱਥੋਂ ਆਇਆ ਹੈ? ਉਹਨਾ ਕਿਹਾ ਕਿ ਯੂਨੀਅਨ ਈਡੀ ਅਤੇ ਵਿਜਲੈਂਸ ਨੂੰ ਵੀ ਮੰਗ ਪੱਤਰ ਦੇਵੇਗੀ। ਕਿਸਾਨ ਯੂਨੀਅਨ ਆਗੂਆਂ ਨੇ ਕਿਹਾ ਕਿ ਪਿੰਡਾਂ ਵਿਚ ਵੋਟਾਂ ਮੰਗਣ ਆਉਣ ’ਤੇ ਇਹਨਾਂ ਸਿਆਸੀ ਲੀਡਰਾਂ ਦਾ ਵਿਰੋਧ ਕੀਤਾ ਜਾਏਗਾ ਅਤੇ ਸਵਾਲ-ਜਵਾਬ ਕੀਤੇ ਜਾਣਗੇ। ਦੂਜੇ ਪਾਸੇ ਵਿਧਾਇਕ ਰਜਨੀਸ਼ ਦਹੀਆ ਨੇ ਕਿਸਾਨਾਂ ਵੱਲੋਂ ਆਪਣੇ ਉਪਰ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸਭ ਕੁਝ ਕਨੂੰਨ ਮੁਤਾਬਿਕ ਹੀ ਹੋ ਰਿਹਾ ਹੈ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਜਾ ਰਿਹਾ। Ferozepur News














