ਸਰਕਾਰ ਯੂਨੀਵਰਸਿਟੀ ਨੂੰ ਕਰਜ਼ਾ ਮੁਕਤ ਕਰਕੇ ਬਣਦੀ ਗ੍ਰਾਂਟ ਕਰੇ ਜਾਰੀ, ਯੂਨੀਵਰਸਿਟੀ ਦਾ ਮਸਲਾ ਜਨਤਕ ਮਸਲਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ (Punjabi University) ਵਿਖੇ ਗ੍ਰਾਂਟ ਕਟੌਤੀ ਮਾਮਲੇ ’ਚ ਚੱਲ ਰਹੇ ਸੰਘਰਸ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਗਰਜ਼ੇ। ਉਨ੍ਹਾਂ ਪੰਜਾਬ ਸਰਕਾਰ ਨੂੰ ਲਪੇਟਦਿਆ ਆਖਿਆ ਕਿ ਮਾਲਵੇ ਦੀ ਸਭ ਤੋਂ ਸਸਤੀ ਯੂਨੀਵਰਸਿਟੀ ਜੋਂ ਗਰੀਬਾਂ ਦੇ ਬੱਚਿਆ ਦੀ ਉੱਚ ਵਿੱਦਿਆ ਲਈ ਜਾਣੀ ਜਾਂਦੀ ਹੈ, ਉਸ ਨੂੰ ਖਤਮ ਕਰਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਚੇਤਵਾਨੀ ਦਿੰਦਿਆ ਆਖਿਆ ਕਿ ਸਰਕਾਰ ਯੂਨੀਵਰਸਿਟੀ ਦੇ ਕਰਜ਼ੇ ਦੇ ਲੀਕ ਫੇਰ ਕੇ ਉਸ ਨੂੰ ਤੁਰੰਤ ਗ੍ਰਾਂਟ ਜਾਰੀ ਕਰੇ।
ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ (Punjabi University) ਬਚਾਓ ਮੋਰਚੇ ਵੱਲੋਂ ਯੂਨੀਵਰਸਿਟੀ ਦੀ ਕਰਜਾ-ਮੁਕਤੀ ਅਤੇ ਗ੍ਰਾਂਟ ਦੀ ਮੰਗ ਸਬੰਧੀ ਚੱਲ ਰਿਹਾ ਧਰਨੇ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਅਗਲੇ ਦਿਨਾਂ ਦੌਰਾਨ ਇਹ ਧਰਨਾ ਸਰਕਾਰ ਲਈ ਗਲ੍ਹੇ ਦੀ ਹੱਡੀ ਸਾਬਤ ਹੋ ਸਕਦਾ ਹੈ। ਅੱਜ ਯੂਨੀਵਰਸਿਟੀ ਅੰਦਰ ਕਲਾਸਾਂ ਦਾ ਬਾਈਕਾਟ ਕਰਕੇ ਅਧਿਆਪਕਾਂ, ਮੁਲਾਜ਼ਮਾਂ ਅਤੇ ਵਿਦਿਆਰਥੀਆਂ ਨੇ ਯੂਕੋ ਅਤੇ ਸਾਇੰਸ ਬਲਾਕਾਂ ਤੋਂ ਚੱਲ ਕੇ ਮੇਨ ਗੇਟ ਤੱਕ ਰੋਸ ਮਾਰਚ ਕੀਤਾ ਅਤੇ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ।
ਧਰਨੇ ਨੂੰ ਸੰਬੋਧਨ ਕਰਦਿਆ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਆਖਿਆ ਕਿ ਜਦੋਂ ਉਹਨਾਂ ਨੇ ਸੁਣਿਆ ਕਿ ਸਰਕਾਰਾਂ ਦੀ ਬੇਧਿਆਨੀ ਕਰਕੇ ਪੰਜਾਬੀ ਯੂਨੀਵਰਸਿਟੀ ਕਰਜ਼ੇ ਵਿੱਚ ਹੈ ਤਾਂ ਉਹਨਾਂ ਦਾ ਸਿਰ ਸ਼ਰਮ ਨਾਲ਼ ਝੁਕ ਗਿਆ। ਉਹਨਾਂ ਕਿਹਾ ਕਿ ਸਰਕਾਰੀ ਯੂਨੀਵਰਸਿਟੀਆਂ ਨੂੰ ਜਾਣਬੁਝ ਕੇ ਇੱਕ ਸੋਚੀ ਸਮਝੀ ਚਾਲ ਨਾਲ਼ ਇਸ ਹਾਲਤ ਵਿੱਚ ਕਰ ਦਿੱਤਾ ਗਿਆ ਹੈ ਤਾਂ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਫਾਇਦਾ ਹੋ ਸਕੇ । ਇਸ ਪੰਜਾਬੀ ਯੂਨੀਵਰਸਿਟੀ ਵਿੱਚ ਆਮ ਕਿਸਾਨ ਖੇਤ ਮਜ਼ਦੂਰਾਂ ਦੇ ਅਤੇ ਸਧਾਰਨ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ ਅਤੇ ਇਹ ਕਿਹਾ ਜਾ ਸਕਦਾ ਹੈ ਕਿ ਪੂਰੇ ਮਾਲਵੇ ਦੇ ਵਿੱਚ ਸਭ ਤੋਂ ਸਸਤੀ ਵਿੱਦਿਆ ਇਸ ਪੰਜਾਬੀ ਯੂਨੀਵਰਸਿਟੀ ਵਿੱਚ ਮਿਲਦੀ ਹੈ ।
Punjabi University ਅੰਦਰ ਲੱਗੇ ਮੋਰਚੇ ਨੂੰ ਵੱਖ ਵੱਖ ਜਥੇਬੰਦੀਆਂ ਦਾ ਮਿਲ ਰਿਹੈ ਸਾਥ
ਇਸ ਕਰਕੇ ਉਹ ਮੋਰਚੇ ਦੀ ਮੰਗ ਦੇ ਨਾਲ਼ ਸਹਿਮਤ ਹਨ ਅਤੇ ਉਹਨਾਂ ਦੀ ਭਗਵੰਤ ਮਾਨ ਸਰਕਾਰ ਨੂੰ ਸਖਤ ਚਿਤਾਵਨੀ ਦਿੱਤੀ ਕਿ ਯੂਨੀਵਰਸਿਟੀ ਨੂੰ ਗ੍ਰਾਂਟ ਅਤੇ ਕਰਜਮੁਕਤੀ ਦਾ ਮਸਲਾ ਇਕੱਲੇ ਅੰਦਰ ਬੈਠੇ ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਅਧਿਆਪਕਾਂ ਦਾ ਮਸਲਾ ਨਹੀਂ ਬਲਕਿ ਇੱਕ ਜਨਤਕ ਮਸਲਾ ਹੈ ਜੋ ਸਰਕਾਰ ਦੀ ਨੀਤੀ ਨਾਲ਼ ਜੁੜਿਆ ਹੋਇਆ ਹੈ । ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰੈਸ ਸਕੱਤਰ ਜਗਤਾਰ ਸਿੰਘ ਕਾਲਝਾੜ ਨੇ ਮੋਰਚੇ ਦੀ ਮੰਗ ਦਾ ਪੱਖ ਪੂਰਿਆ ਅਤੇ ਪੰਜਾਬ ਸਰਕਾਰ ਨੂੰ ਤੁਰੰਤ ਗ੍ਰਾਂਟ ਜਾਰੀ ਕਰਨ ਲਈ ਕਿਹਾ ।
ਜ਼ਿਕਰਯੋਗ ਹੈ ਕਿ ਅੱਜ ਪੀ.ਆਰ.ਟੀ. ਸੀ-ਪਨਬਸ-ਪੰਜਾਬ ਰੋਡਵੇਜ ਕੰਟਰੈਕਟ ਵਰਕਰਜ ਯੂਨੀਅਨ ਦੇ ਗੁਰਪ੍ਰੀਤ ਪੰਨੂ ਨੇ ਵੀ ਸੰਬੋਧਨ ਕਰਦਿਆ ਕਿਹਾ ਕਿ ਸਾਡੇ ਹੀ ਬੱਚੇ ਇਸ ਯੂਨੀਵਰਸਿਟੀ ਵਿੱਚ ਪੜ੍ਹਦੇ ਹਨ ਜਿਸ ਕਰਕੇ ਇਹ ਮਸਲਾ ਸਿੱਧਾ ਸਾਨੂੰ ਵੀ ਪ੍ਰਭਾਵਿਤ ਕਰਦਾ ਹੈ। ਅੱਜ ਮੋਰਚੇ ਵਿੱਚ ਡੈਮੋਕ੍ਰੇਟਿਕ ਲਾਇਰਜ ਐਸੋਸੀਏਸ਼ਨ ਤੋਂ ਰਾਜੀਵ ਲੋਹਟਬੱਦੀ ਨੇ ਵੀ ਮੋਰਚੇ ਨੂੰ ਪੂਰਨ ਸਮੱਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਡਾ ਰਾਜਦੀਪ ਸਿੰਘ, ਡਾ ਮਾਨ ਸਿੰਘ ਢੀਂਡਸਾ, ਅਮਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਦਿਆਰਥੀ ਮੌਜੂਦ ਸਨ।
Punjabi University ਅਥਾਰਟੀ ਦਾ ਮੋਰਚੇ ਨਾਲ ਕੋਈ ਸਬੰਧ ਨਹੀਂ : ਆਗੂ
ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਅਮਨਦੀਪ ਖਿਓਵਾਲੀ ਨੇ ਆਖਿਆ ਕਿ ਸਾਡੇ ਵਿਦਿਆਰਥੀ ਹੁਣ ਹਰ ਕੁਰਬਾਨੀ ਕਰਨ ਨੂੰ ਤਿਆਰ ਹੋ ਚੁੱਕੇ ਹਨ, ਇਸ ਕਰਕੇ ਸਰਕਾਰ ਗ੍ਰਾਂਟ ਅਤੇ ਕਰਜਾਮੁਕਤੀ ਦੀ ਮੰਗ ਨੂੰ ਸੁਣੇ ਅਤੇ ਪੂਰਾ ਕਰੇ ਨਾ ਕਿ ਉਹਨਾਂ ਦੇ ਸਬਰ ਨੂੰ ਪਰਖੇ । ਮੰਚ ਤੋਂ ਗੁਰਸੇਵਕ ਲੰਬੀ ਨੇ ਇੱਕ ਗੀਤ ‘ਰੱਖ ਹੌਸਲਾ ਸਾਡੀ ਵੀ ਸਵੇਰ ਹੋਵੇਗੀ’ ਪੇਸ਼ ਕੀਤਾ।
ਇਸ ਮੌਕੇ ਆਗੂਆਂ ਰਸ਼ਪਿੰਦਰ ਜਿੰਮੀ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਅਤੇ ਡਾ. ਜਗਬੀਰ ਸਿੰਘ ਨੇ ਆਖਿਆ ਕਿ ਕੁਝ ਸਰਕਾਰ ਪੱਖੀ ਤਾਕਤਾਂ ਇਸ ਮੋਰਚੇ ਵਿਰੁੱਧ ਇਹ ਭੰਡੀ ਪ੍ਰਚਾਰ ਕਰ ਰਹੀਆਂ ਹਨ ਕਿ ਇਹ ਮੋਰਚਾ ਅਥਾਰਟੀ ਵੱਲੋਂ ਹੀ ਲਗਾਇਆ ਗਿਆ ਹੈ ਜੋ ਕਿ ਕੋਰਾ ਝੂਠ ਹੈ । ਉਹਨਾਂ ਆਖਿਆ ਕਿ ਮੋਰਚਾ ਯੂਨੀਵਰਸਿਟੀ ਅਥਾਰਟੀ ਦੇ ਕਹਿਣ ਉੱਤੇ ਨਾ ਤਾਂ ਧਰਨਾ ਲਗਾ ਰਿਹਾ ਹੈ ਨਾ ਹੀ ਉਹਨਾਂ ਦੇ ਕਹਿਣ ਉੱਤੇ ਬੰਦ ਕਰ ਰਿਹਾ ਹੈ, ਸਗੋਂ ਮੋਰਚਾ ਯੂਨੀਵਰਸਿਟੀ ਦੀ ਗ੍ਰਾਂਟ ਅਤੇ ਕਰਜਮੁਕਤੀ ਨੂੰ ਲੈ ਕੇ ਇੱਕ ਸਰਕਾਰੀ ਨੀਤੀ ਬਣਵਾਉਣ ਦੀ ਲੜ੍ਹਾਈ ਲੜ ਰਿਹਾ ਹੈ।