ਕਿਸਾਨ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ

Suicide, Farmer 

ਬਰਨਾਲਾ (ਜੀਵਨ ਰਾਮਗੜ੍ਹ/ਜਸਵੀਰ ਸਿੰਘ)। ਜ਼ਿਲ੍ਹਾ ਬਰਨਾਲਾ ਦੇ ਪਿੰਡ ਠੀਕਰੀਵਾਲਾ ਦੇ ਇੱਕ ਕਿਸਾਨ ਵੱਲੋਂ ਘਰ ਅੰਦਰ ਹੀ ਫਾਹਾ ਲਾ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਹੈ। ਪੁਲੀਸ ਨੇ ਮ੍ਰਿਤਕ ਕਿਸਾਨ ਦੇ ਪਿਤਾ ਦੇ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਸਿਵਲ ਹਸਪਤਾਲ ਬਰਨਾਲਾ ਵਿਖੇ ਮ੍ਰਿਤਕ ਕਿਸਾਨ ਦਾ ਪੋਸਟਮਾਰਟਮ ਕਰਵਾਉਣ ਆਏ ਮ੍ਰਿਤਕ ਕਿਸਾਨ ਦੇ ਪਿਤਾ ਜੀਤ ਸਿੰਘ ਤੇ ਹਰਜੀਤ ਸਿੰਘ ਆਦਿ ਨੇ ਦੱਸਿਆ ਕਿ ਜਸਵੀਰ ਸਿੰਘ ਉਰਫ ਹਰਮੀਤ ਸਿੰਘ (42) ਵਾਸੀ ਠੀਕਰੀਵਾਲਾ ਦੇ ਸਿਰ ਪੰਜ ਲੱਖ ਦੇ ਕਰੀਬ ਕਰਜ਼ਾ ਸੀ। ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਉਸ ਕੋਲ ਆਪਣੇ ਹਿੱਸੇ ਦੀ ਸਿਰਫ਼ ਇੱਕ ਏਕੜ ਜ਼ਮੀਨ ਸੀ। ਉਨ੍ਹਾਂ ਦੱਸਿਆ ਕਿ ਲੰਘੇ ਸਮੇਂ ਦੌਰਾਨ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਦੌਰਾਨ ਉਹ ਆਪਣੇ ਖਾਤੇ ‘ਚੋਂ ਪੈਸੇ ਨਾ ਕਢਾਉਣ ਦੀ ਪ੍ਰੇਸ਼ਾਨੀ ਦੇ ਚਲਦਿਆਂ ਹੋਰ ਕਰਜ਼ ਥੱਲੇ ਆ ਗਿਆ ਸੀ। (Suicide)

ਪੀੜਤਾਂ ਅਨੁਸਾਰ ਲੰਘੀ ਸ਼ਾਮ ਖਾਣਾ ਖਾਣ ਉਪਰੰਤ ਆਪਣੇ ਸੌਣ ਵਾਲੇ ਕਮਰੇ ‘ਚ ਜਾ ਵੜਿਆ, ਸਵੇਰ ਦੇਰ ਤੱਕ ਨਾ ਉੱਠਣ ‘ਤੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਕਮਰੇ ਦਾ ਦਰਵਾਜਾ ਖੜਕਾਇਆ ਤਾਂ ਅੰਦਰੋਂ ਕੋਈ ਅਵਾਜ ਨਾ ਆਉਣ ‘ਤੇ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਜਸਵੀਰ ਸਿੰਘ ਦੀ ਲਾਸ਼ ਛੱਤ ਵਾਲੇ ਪੱਖੇ ਨਾਲ ਲਟਕ ਰਹੀ ਸੀ। ਪਰਿਵਾਰਕ ਮੈਂਬਰ ਦੇ ਰੌਲਾ ਪਾਉਣ ‘ਤੇ ਇਕੱਤਰ ਹੋਏ ਲੋਕਾਂ ਨੇ ਪੁਲੀਸ ਨੂੰ ਸੂਚਿਤ ਕਰਦਿਆਂ ਲਾਸ਼ ਨੂੰ ਪੱਖੇ ਤੋਂ ਹੇਠਾਂ ਉਤਾਰਿਆ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ। ਜਾਣਕਾਰੀ ਅਨੁਸਾਰ ਮ੍ਰਿਤਕ ਖੇਤੀ ਦੇ ਨਾਲ-ਨਾਲ ਡਰਾਇਵਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਭਰ ਰਿਹਾ ਸੀ। (Suicide)

ਪੀੜਤਾਂ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਦੇ ਕੋਲੋਂ ਇੱਕ ਖੁਦਕੁਸ਼ੀ ਨੋਟ ਵੀ ਮਿਲਿਆ ਹੈ, ਜਿਸ ਵਿੱਚ ਆਪਣੀ ਮੌਤ ਦਾ ਜਿੰਮੇਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਠਹਿਰਾਇਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਇੱਕ ਲੜਕਾ ਹੈ ਜੋ ਪੰਜਵੀਂ ਜਮਾਤ ਵਿੱਚ ਪੜਦਾ ਹੈ ਤੇ ਮ੍ਰਿਤਕ ਦੀ ਪਤਨੀ ਘਟਨਾਂ ਵਾਲੇ ਦਿਨ ਰਿਸਤੇਦਾਰ ‘ਚ ਕਿਸੇ ਵਿਆਹ ‘ਤੇ ਗਈ ਹੋਈ ਸੀ। ਜਾਂਚ ਕਰ ਰਹੇ ਏਐਸਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਜਸਵੀਰ ਸਿੰਘ ਦੇ ਪਿਤਾ ਜੀਤ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ 174 ਦੀ ਕਾਰਵਾਈ ਕੀਤੀ ਗਈ ਹੈ। ਖੁਦਕੁਸ਼ੀ ਨੋਟ ਮਿਲਣ ਸਬੰਧੀ ਉਨ੍ਹਾਂ ਇਨਕਾਰ ਕਰਦਿਆਂ ਜਾਂਚ ਕਰਨ ਦੀ ਗੱਲ ਆਖੀ। (Suicide)