ਛੋਟਾ ਬੱਚਾ ਨਹਿਰ ‘ਚ ਰੁੜਿਆ, ਮੌਕੇ ’ਤੇ ਪਹੁੰਚੀ ਪੁਲਿਸ, ਤਿੰਨਾਂ ਨੂੰ ਕਵਾਇਆ ਹਸਪਤਾਲ ਦਾਖਲ
Canal Accident: ਅਬੋਹਰ, (ਮੇਵਾ ਸਿੰਘ)। ਅਬੋਹਰ ਦੇ ਕੰਧਵਾਲਾ ਰੋਡ ’ਤੇ ਇੱਕ ਪਰਿਵਾਰ ਅਤੇ ਬੱਚੇ ਸ਼ੱਕੀ ਹਾਲਤ ਵਿਚ ਨਹਿਰ ਵਿਚ ਡਿੱਗ ਪਏ। ਇਨ੍ਹਾਂ ਨੂੰ ਆਲੇ-ਦੁਆਲੇ ਦੇ ਲੋਕਾਂ ਨੇ ਬਹੁਤ ਮੁਸ਼ੱਕਤ ਦੇ ਨਾਲ ਬਾਹਰ ਕੱਢਿਆ, ਪਰ ਦੁਖਦਾਈ ਗੱਲ ਇਹ ਹੈ ਕਿ ਇੱਕ ਤਿੰਨ ਮਹੀਨੇ ਦਾ ਬੱਚਾ ਨਹਿਰ ਵਿਚ ਰੁੜ ਗਿਆ, ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਧਰ ਨਹਿਰ ਵਿੱਚੋਂ ਬਾਹਰ ਕੱਢੀ ਗਈ ਔਰਤ ਨੇ ਆਪਣੇ ਹੀ ਪਤੀ ’ਤੇ ਕਥਿਤ ਦੋਸ਼ ਲਾਇਆ ਕਿ ਉਸ ਦੇ ਪਤੀ ਨੇ ਉਸ ਨੂੰ ਤੇ ਬੱਚਿਆਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਨਹਿਰ ਵਿਚ ਧੱਕਾ ਦਿੱਤਾ ਗਿਆ ਹੈ।
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਤੇ ਬੱਚਿਆਂ ਤੇ ਔਰਤ ਨੂੰ ਹਸਪਤਾਲ ਦਾਖਲ ਕਰਵਾਇਆ। ਜਾਣਕਾਰੀ ਅਨੁਸਾਰ ਪਿੰਡ ਰੂਕਣਪੁਰਾ ਖੁਈਖੇੜਾ ਨਿਵਾਸੀ ਬਲਵਿੰਦਰ ਸਿੰਘ ਦੀ ਪਤਨੀ ਵੀਨਾ ਰਾਨੀ ਨੇ ਰੋਂਦੇ ਹੋਏ ਦੱਸਿਆ ਕਿ ਉਸ ਦਾ ਪਤੀ ਮਜ਼ਦੂਰੀ ਕਰਦਾ ਹੈ ਤੇ ਅੱਜ ਉਹ ਉਸ ਨੂੰ ਇਹ ਕਹਿਕੇ ਆਪਣੇ ਨਾਲ ਬਾਈਕ ’ਤੇ ਲਿਆਇਆ ਕਿ ਉਸਨੇ ਸ਼ਹਿਰ ਵਿੱਚੋਂ ਕਿਸੇ ਤੋਂ ਪੈਸੇ ਲੈਣੇ ਹਨ, ਜਿਸ ਕਰਕੇ ਉਹ ਦੋ ਸਾਲ ਦੇ ਬੱਚੇ ਗੁਰਦੀਪ ਤੇ ਇਕ ਤਿੰਨ ਮਹੀਨੇ ਦੇ ਬੱਚੇ ਖੁਸ਼ਦੀਪ ਨੂੰ ਨਾਲ ਲੈ ਕੇ ਬਾਈਕ ’ਤੇ ਬੈਠ ਗਈ। ਉਸ ਦੇ ਪਤੀ ਨੇ ਨਹਿਰ ਕਿਨਾਰੇ ਬਹਾਨੇ ਨਾਲ ਬਾਈਕ ਰੋਕਿਆ ਤੇ ਉਸ ਨੂੰ ਬੱਚਿਆਂ ਸਮੇਤ ਨਹਿਰ ਵਿਚ ਧੱਕਾ ਦੇ ਦਿੱਤਾ ਤੇ ਉਸ ਤੋਂ ਬਾਅਦ ਖੁਦ ਵੀ ਨਹਿਰ ਵਿਚ ਛਾਲ ਮਾਰ ਦਿੱਤੀ, ਉਸ ਨੇ ਇਸ ਤਰ੍ਹਾਂ ਕਿਉਂ ਕੀਤਾ, ਇਸ ਬਾਰੇ ਅਜੇ ਤੱਕ ਕੁਝ ਵੀ ਨਹੀਂ ਪਤਾ ਚੱਲਿਆ।
ਇਹ ਵੀ ਪੜ੍ਹੋ: Malerkotla Triple Suicide: ਤੀਹਰੇ ਖੁਦਕਸ਼ੀ ਮਾਮਲੇ ’ਚ ਥਾਣੇ ਮੂਹਰੇ ਮੁੜ ਲਾਇਆ ਧਰਨਾ, ਦੋਵੇਂ ਧਿਰਾਂ ਦਾ ਫਸਿਆ ਪੇਚ
ਉਧਰ ਨਹਿਰ ਦੇ ਕੋਲ ਦੀ ਲੰਘ ਰਹੇ ਕਿੱਕਰਖੇੇੜਾ ਨਿਵਾਸੀ ਸੰਜੇ ਕੁਮਾਰ ਨੇ ਜਦੋਂ ਪਰਿਵਾਰ ਨੂੰ ਨਹਿਰ ਵਿਚ ਡੁੱਬਦੇ ਦੇਖਿਆ ਤਾਂ ਉਸਨੇ ਤੁਰੰਤ ਨਹਿਰ ’ਚ ਛਾਲ ਮਾਰਕੇ ਬਲਵਿੰਦਰ ਸਿੰਘ, ਉਸ ਦੀ ਪਤਨੀ ਅਤੇ ਦੋ ਸਾਲ ਦੇ ਬੱਚੇ ਨੂੰ ਤਾਂ ਬਾਹਰ ਕੱਢ ਲਿਆ, ਜਦੋਂ ਕਿ ਤਿੰਨ ਮਹੀਨੇ ਦਾ ਬੱਚਾ ਨਹਿਰ ਵਿਚ ਰੁੜ ਗਿਆ। ਜਿਸ ਕਰਕੇ ਬੱਚੇ ਦੀ ਮਾਂ ਦਾ ਰੋ-ਰੋ ਬੁਰਾ ਹਾਲ ਸੀ। ਸੂਚਨਾ ਮਿਲਣ ’ਤੇ 112 ਦੀ ਟੀਮ ਅਤੇ ਥਾਣਾ ਨੰਬਰ 2 ਦੇ ਏ.ਐੱਸ.ਆਈ. ਗੁਰਚਰਨ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕਰਕੇ ਪਰਿਵਾਰ ਦੇ ਹੋਰ ਲੋਕਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ।
ਉਧਰ ਜਦ ਬਲਵਿੰਦਰ ਸਿੰਘ ਨੂੰ ਇਸ ਘਟਨਾ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਉਹ ਤਾਂ ਆਪਣੀ ਪਤਨੀ ਤੇ ਬੱਚਿਆਂ ਨੂੰ ਬੁਰੀ ਨਜ਼ਰਾਂ ਤੋਂ ਬਚਾਉਣ ਲਈ ਲੱਡੂ ਵਾਰ ਰਿਹਾ ਸੀ ਤੇ ਅਚਾਨਕ ਉਸ ਦੀ ਪਤਨੀ ਤੇ ਬੱਚੇ ਨਹਿਰ ਵਿਚ ਡਿੱਗ ਪਏ ਤੇ ਜਿੰਨ੍ਹਾਂ ਬਚਾਉਣ ਲਈ ਹੀ ਉਸ ਨੇ ਵੀ ਨਹਿਰ ਵਿਚ ਛਾਲ ਮਾਰੀ ਸੀ। Canal Accident














