ਰਿਸ਼ਤਿਆਂ ’ਚ ਮੇਰੀ-ਮੇਰੀ ਦੀ ਭਾਵਨਾ ਤੋੜਨ ਲੱਗੀ ਪਰਿਵਾਰਕ ਸਾਂਝ
ਪੁਰਾਤਨ ਸਮਿਆਂ ਵਿਚ ਪਰਿਵਾਰਕ ਸਾਂਝ ਦਾ ਬਹੁਤ ਮਹੱਤਵ ਸੀ, ਪਰ ਜਿਵੇਂ-ਜਿਵੇਂ ਸਮਾਂ ਬਦਲਿਆ ਪਰਿਵਾਰਕ ਸਾਂਝ ਦੇ ਚੱਲਦਿਆਂ ਪਰਿਵਾਰਕ ਰਿਸ਼ਤਿਆਂ ਵਿਚ ਮੇਰੀ ਮੇਰੀ ਦੀ ਭਾਵਨਾ ਵਧਣ ਲੱਗੀ ਤੇ ਆਖਰ ਇਹ ਮੇਰੀ ਮੇਰੀ ਆਪਣੇ ਮਾਂ-ਬਾਪ ਦੇ ਸੁਫ਼ਨੇ ਪਰਿਵਾਰਕ ਸਾਂਝ ਨੂੰ ਤੋੜਨ ਲੱਗੀ। ਜਿਸ ਨੇ ਆਪਸੀ ਨਹੁੰ-ਮਾਸ ਦੇ ਰਿਸ਼ਤਿਆਂ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ। ਇਸ ਮੇਰੀ ਮੇਰੀ ਦੇ ਨਾਲ ਹੋਂਦ ਵਿਚ ਆਇਆ ਛੋਟੇ ਪਰਿਵਾਰਾਂ ਦਾ ਰੁਝਾਨ।
ਇਹਨਾਂ ਛੋਟੇ ਪਰਿਵਾਰਾਂ ਦੇ ਰੁਝਾਨ ਨੇ ਕਈ ਰਿਸ਼ਤਿਆਂ ਨੂੰ ਖ਼ਤਮ ਕੀਤਾ ਤੇ ਆਖ਼ਰਕਾਰ ਇਹ ਛੋਟੇ ਪਰਿਵਾਰ ਐਨੇ ਛੋਟੇ ਹੋ ਚੁੱਕੇ ਹਨ ਕਿ ਛੋਟੇ ਪਰਿਵਾਰ ਦਾ ਮੁਖੀ ਜਦੋਂ ਆਪਣੇ ਜੀਵਨ ਦੇ ਅੰਤਿਮ ਦਿਨਾਂ ਵਿਚ ਉਸਦੀ ਆਪਣੀ ਮੇਰੀ ਮੇਰੀ ਦੀ ਭਾਵਨਾ ਨਾਲ ਟੁੱਟੇ ਪਰਿਵਾਰ ਨੂੰ ਫਿਰ ਜੋੜਨ ਦੀ ਕੋਸ਼ਿਸ਼ ਕਰਦਾ ਹੈ। ਪਰ ਸਮਾਂ ਆਪਣੀ ਚਾਲ ਚੱਲਦਾ ਹੈ। ਫਿਰ ਉਸ ਨੂੰ ਉਸਦੇ ਆਪਣੇ ਪਰਿਵਾਰ ਵਿਚੋਂ ਵੀ ਮੇਰੀ ਮੇਰੀ ਦੀ ਆਵਾਜ਼ ਸੁਣਾਈ ਦਿੰਦੀ ਹੈ, ਕਿਉਂਕਿ ਗੁਰੂ ਸਾਹਿਬ ਦਾ ਫੁਰਮਾਨ ਹੈ ਕਿ ਜਿਹੋ ਜਿਹਾ ਬੀਜ ਬੀਜੋਗੇ, ਉਹੋ ਹੀ ਵੱਢੋਗੇ।
ਇਹ ਦਾਸਤਾਨ ਹਰ ਪਰਿਵਾਰ ਦੀ ਹੈ, ਇਹ ਦਾਸਤਾਨ ਅੱਜ ਦੇ ਸਮਾਜ ਦੀ ਹੱਡਬੀਤੀ ਹੈ। ਜਿਸ ਦਾਸਤਾਨ ਦੀ ਮੈਂ ਹੁਣ ਗੱਲ ਕਰਨ ਜਾ ਰਿਹਾ ਹਾਂ ਇਹ ਮਨ ਦੀ ਕਹਾਣੀ ਨਹੀਂ ਅਸਲ ਜ਼ਿੰਦਗੀ ਦਾ ਸੱਚ ਹੈ। ਇੱਕ ਐਸੇ ਪਰਿਵਾਰ ਦੇ ਮੁਖੀ ਦੀ ਹੈ ਜਿਸ ਨੇ 1947 ਤੋਂ ਪਹਿਲਾਂ ਲਵਾਰਿਸ ਹਾਲਤ ਵਿਚ ਆਪਣੀ ਭੈਣ ਨਾਲ ਇੱਕ ਪਿੰਡ ਦੀ ਪੰਚਾਇਤ ਦੇ ਕਹਿਣ ’ਤੇ ਪਿੰਡ ਵਿਚ ਸ਼ਰਨ ਲਈ। ਭੈਣ ਭਰਾ ਨੇ ਬਹੁਤ ਮਿਹਨਤ ਕੀਤੀ ਤੇ ਆਪਣੇ ਪਰਿਵਾਰ ਨਾਲ ਆਪਣੇ ਸੁਫ਼ਨਿਆਂ ਦਾ ਸੰਸਾਰ ਬਣਾਇਆ, ਫਿਰ ਉਸ ਪਰਿਵਾਰ ਨੇ ਇੱਕ ਸੰਯੁਕਤ ਪਰਿਵਾਰ ਦਾ ਰੂਪ ਧਾਰ ਲਿਆ। ਜਦ ਪਰਿਵਾਰ ਦਾ ਮੁਖੀ ਆਪਣੀ ਜੀਵਨ ਯਾਤਰਾ ਪੂਰੀ ਕਰ ਗਿਆ ਤਾਂ ਸੰਯੁਕਤ ਪਰਿਵਾਰ ਅੱਗੋਂ ਤਿੰਨ ਛੋਟੇ ਪਰਿਵਾਰਾਂ ਵਿਚ ਬਦਲ ਗਿਆ।
ਸਮਾਂ ਆਪਣੀ ਚਾਲ ਚੱਲਦਾ ਗਿਆ ਤੇ ਇਹ ਤਿੰਨ ਪਰਿਵਾਰਾਂ ਵਿਚੋਂ ਇੱਕ ਪਰਿਵਾਰ ਨੇ ਆਪਣੇ ਵੱਡੇ ਪੁੱਤਰ ਨੂੰ ਫਿਰ ਦਾਦੇ ਵਾਂਗ ਲਵਾਰਿਸ ਹਾਲਤ ਵਿਚ ਘਰੋਂ ਜਾਣ ਲਈ ਮਜ਼ਬੂਰ ਕੀਤਾ ਤੇ ਉਸ ਨੇ ਸ਼ਹਿਰ ਆ ਕੇ ਫਿਰ ਦਾਦੇ ਵਾਂਗ ਮਿਹਨਤ ਕੀਤੀ ਤੇ ਆਪਣੇ ਸੁਫ਼ਨਿਆਂ ਦਾ ਸੰਸਾਰ ਬਣਾਇਆ। ਉਹ ਚਾਹੁੰਦਾ ਸੀ ਕਿ ਜੋ ਮੇਰੇ ਨਾਲ ਹੋਈ ਹੈ ਉਹ ਮੇਰੇ ਪਰਿਵਾਰ ਨਾਲ ਨਾ ਹੋਵੇ ਤੇ ਆਪਣੀ ਜੀਵਨ ਯਾਤਰਾ ਦੇ ਅੰਤਿਮ ਸਮੇਂ ਇੱਕ ਹੀ ਗੱਲ ਕੀਤੀ ਕਿ ਤੁਸੀਂ ਹਰ ਹਾਲ ਵਿਚ ਇਕੱਠੇ ਰਹਿ ਕੇ ਮੇਰੇ ਸੁਫ਼ਨਿਆਂ ਨੂੰ ਪੂਰਾ ਕਰਨਾ।
ਕਹਿੰਦੇ ਨੇ ਕਿ ਸਮਾਂ ਆਪਣੀ ਚਾਲ ਚੱਲਦਾ ਹੀ ਰਹਿੰਦਾ ਹੈ, ਅਖ਼ੀਰ ਉਹ ਸਮਾਂ ਆ ਗਿਆ ਜਦੋਂ ਘਰ ਦੇ ਮੁਖੀ ਦੇ ਜਾਣ ਤੋਂ ਬਾਅਦ, ਜਿਸ ਨੂੰ ਪਰਿਵਾਰ ਨੇ ਜਿੰਮੇਵਾਰੀ ਸੌਂਪੀ ਸੀ, ਦੀ ਮੇਰੀ ਮੇਰੀ ਨੇ ਆਪਣੇ ਪਿਤਾ ਦੇ ਸੁਫ਼ਨਿਆਂ ਦੇ ਸੰਸਾਰ ਨੂੰ ਤੋੜ ਦਿੱਤਾ ਤੇ ਫਿਰ ਅੱਗੋਂ ਉਹੀ ਕਹਾਣੀ ਸ਼ੁਰੂ ਹੋ ਗਈ।
ਸਾਡੇ ਬਜ਼ੁਰਗਾਂ ਨੇ ਸਾਡੇ ਲਈ ਸੁਫ਼ਨੇ ਦੇਖੇ ਅਤੇ ਅਸੀਂ ਉਹਨਾਂ ਸੁਫ਼ਨਿਆਂ ਨੂੰ ਪੂਰਾ ਕਰਨ ਦੀ ਥਾਂ, ਉਹਨਾਂ ਰਾਹਾਂ ’ਤੇ ਚੱਲ ਪਏ ਜਿੱਥੇ ਮੇਰੀ ਮੇਰੀ ਦੀ ਇਹ ਦਾਸਤਾਨ ਨੇ ਪਰਿਵਾਰਕ ਸਾਂਝ ਨੂੰ ਤੋੜ ਦਿੱਤਾ ਹੈ। ਪਰ ਅਸਲ ਸੱਚ ਇਹ ਵੀ ਹੈ ਕਿ ਜੇਕਰ ਇਹ ਪਰਿਵਾਰਕ ਸਾਂਝਾਂ ਟੁੱਟਦੀਆਂ ਨਾ ਤਾਂ ਐਨਾ ਵੱਡਾ ਸੰਸਾਰ ਨਾ ਬਣਦਾ।
ਇਹ ਸਾਡੇ ਸਮਾਜ ਦਾ ਤਾਣਾ-ਬਾਣਾ ਹੈ। ਅਕਸਰ ਬੁੱਧੀਜੀਵੀ ਵਰਗ ਇਹ ਹੀ ਕਹਿੰਦਾ ਹੈ ਕਿ ਸਾਨੂੰ ਆਪਣੇ ਗੁਰੂਆਂ, ਪੀਰਾਂ ਦੇ ਦਿਖਾਏ ਰਸਤੇ ’ਤੇ ਚੱਲਣਾ ਚਾਹੀਦਾ ਹੈ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਰਦਾਨੇ ਦੀ ਕਥਾ, ਜੋ ਬਹੁਤ ਪ੍ਰਚੱਲਤ ਹੈ ਉਸਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਇੱਕ ਵਾਰ ਮਰਦਾਨੇ ਨੂੰ ਬਹੁਤ ਭੁੱਖ ਲੱਗੀ ਤੇ ਮਰਦਾਨਾ ਗੁਰੂ ਜੀ ਤੋਂ ਆਗਿਆ ਲੈ ਕੇ ਪਿੰਡ ਵਿਚੋਂ ਖਾਣ ਲਈ ਕੁਝ ਲੈਣ ਚਲਾ ਗਿਆ ਤੇ ਪਿੰਡ ਵਾਲਿਆਂ ਨੇ ਕੁਝ ਵੀ ਖਾਣ ਨੂੰ ਨਾ ਦਿੱਤਾ ਤੇ ਬੁਰਾ-ਭਲਾ ਕਿਹਾ ਤੇ ਮਰਦਾਨੇ ਨੇ ਸਾਰੀ ਗੱਲ ਗੁਰੂ ਜੀ ਨੂੰ ਦੱਸੀ ਤੇ ਗੁਰੂ ਜੀ ਨੇ ਪਿੰਡ ਵਾਲਿਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਵੱਸਦੇ ਰਹੋ। ਫਿਰ ਅਗਲੇ ਪਿੰਡ ਗਏ ਤੇ ਪਿੰਡ ਵਾਲਿਆਂ ਨੇ ਗੁਰੂ ਸਾਹਿਬ ਅਤੇ ਮਰਦਾਨੇ ਦੀ ਬਹੁਤ ਸੇਵਾ ਕੀਤੀ ਤੇ ਜਦੋਂ ਪਿੰਡ ਤੋਂ ਬਾਹਰ ਆਏ ਤਾਂ ਗੁਰੂ ਜੀ ਨੇ ਪਿੰਡ ਵਾਲਿਆਂ ਨੂੰ ਸਰਾਪ ਦਿੱਤਾ ਤੇ ਕਿਹਾ, ਉੱਜੜ ਜਾਓ।
ਇਹ ਸੁਣ ਕੇ ਮਰਦਾਨੇ ਗੁਰੂ ਜੀ ਨਾਲ ਗੁੱਸੇ ਹੁੰਦੇ ਕਿਹਾ ਕਿ ਗੁਰੂ ਜੀ ਜਿਨ੍ਹਾਂ ਨੇ ਸਾਨੂੰ ਬੁਰਾ-ਭਲਾ ਕਿਹਾ ਉਹਨਾਂ ਨੂੰ ਤੁਸੀਂ ਅਸ਼ੀਰਵਾਦ ਦੇ ਦਿੱਤਾ ਤੇ ਜਿਨ੍ਹਾਂ ਸਾਡੀ ਸੇਵਾ ਕੀਤੀ ਉਹਨਾਂ ਨੂੰ ਤੁਸੀਂ ਸਰਾਪ ਦੇ ਦਿੱਤਾ ਤਾਂ ਗੁਰੂ ਸਾਹਿਬ ਨੇ ਮਰਦਾਨੇ ਨੂੰ ਸਮਝਾਉਂਦਿਆਂ ਕਿਹਾ ਕਿ ਇਹ ਲੋਕ ਜਿਨ੍ਹਾਂ ਨੇ ਸਾਨੂੰ ਬੁਰਾ-ਭਲਾ ਕਿਹਾ ਕਿ ਇਹ ਚੰਗੇ ਸਮਾਜ ਦੇ ਸਿਰਜਣਹਾਰ ਨਹੀਂ ਇਸ ਲਈ ਇਹ ਏਥੇ ਹੀ ਵੱਸਦੇ ਰਹਿਣ ਤੇ ਜਿਨ੍ਹਾਂ ਨੇ ਸਾਡੀ ਸੇਵਾ ਕੀਤੀ ਇਹ ਚੰਗੇ ਸਮਾਜ ਦੀ ਸਿਰਜਣਾ ਕਰਨ ਵਾਲੇ ਹਨ ਇਹ ਉੱਜੜ ਜਾਣ ਤਾਂ ਕਿ ਇਹ ਇਸ ਥਾਂ ਤੋਂ ਦੂਸਰੀ ਥਾਂ ’ਤੇ ਜਾ ਕੇ ਆਪਣੇ ਚੰਗੇ ਗੁਣਾਂ ਨਾਲ ਚੰਗੇ ਸਮਾਜ ਦੀ ਸਿਰਜਣਾ ਕਰਨਗੇ।
ਮੋ. 98144-12483
ਸਰਬਜੀਤ ਲੁਧਿਆਣਵੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ