ਬੇਅਦਬੀ ਮਾਮਲੇ ‘ਚ ਸੀਬੀਆਈ ਦੀ ਕਲੋਜਰ ਰਿਪੋਰਟ ‘ਚ ਹੋਇਆ ਖੁਲਾਸਾ
ਪੁਲਿਸ ਵੱਲੋਂ ਦਿੱਤੇ ਗਏ ਸਾਰੇ ਸਬੂਤ ਸੀਬੀਆਈ ਨੇ ਸਾਬਤ ਕੀਤੇ ਝੂਠੇ, ਨਹੀਂ ਮਿਲਿਆ ਕੋਈ ਮੌਕੇ ਦਾ ਗਵਾਹ
ਸੱਚ ਕਹੂੰ ਨਿਊਜ਼, ਚੰਡੀਗੜ੍ਹ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਰਗੇ ਗੰਭੀਰ ਦੋਸ਼ ਵਿੱਚ ਡੇਰਾ ਸ਼ਰਧਾਲੂਆਂ ਨੂੰ ਫਸਾਉਣ ਲਈ ਪੰਜਾਬ ਪੁਲਿਸ ਦੀ ਕੋਸ਼ਿਸ਼ ਨੂੰ ਸੀਬੀਆਈ ਨੇ ਨਾਕਾਮ ਕਰਦੇ ਹੋਏ ਨਾਮਜ਼ਦ ਤਿੰਨਾਂ ਸ਼ਰਧਾਲੂਆਂ ਨੂੰ ਕਲੀਨ ਚਿੱਟ ਦੇਣ ਨਾਲ ਹੀ ਇਸ ਗੰਭੀਰ ਦੋਸ਼ ਦਾ ਦਾਗ ਵੀ ਉਨ੍ਹਾਂ ਦੇ ਮੱਥੇ ਤੋਂ ਹਟਾ ਦਿੱਤਾ ਹੈ। ਸੀਬੀਆਈ ਵੱਲੋਂ ਆਪਣੀ ਕਲੋਜਰ ਰਿਪੋਰਟ ਵਿੱਚ ਸਾਫ਼ ਕਿਹਾ ਗਿਆ ਹੈ ਕਿ ਇਸ ਘਟਨਾ ਨੂੰ ਹੁੰਦਾ ਦੇਖਣ ਵਾਲਾ ਕੋਈ ਵੀ ਗਵਾਹ ਸੀਬੀਆਈ ਜਾਂ ਫਿਰ ਪੰਜਾਬ ਪੁਲਿਸ ਨੂੰ ਅੱਜ ਤੱਕ ਨਹੀਂ ਮਿਲਿਆ ਹੈ, ਅਤੇ ਪੰਜਾਬ ਪੁਲਿਸ ਵੱਲੋਂ ਜਿਹੜੀ ਥਿਊਰੀ ਤਿਆਰੀ ਕੀਤੀ ਗਈ ਸੀ, ਉਸ ਵਿੱਚ ਕੁਝ ਵੀ ਸੱਚਾਈ ਨਹੀਂ ਹੈ
ਸੀਬੀਆਈ ਵੱਲੋਂ ਆਪਣੀ ਰਿਪੋਰਟ ਵਿੱਚ ਸਾਫ਼ ਤੌਰ ‘ਤੇ ਕਿਹਾ ਗਿਆ ਹੈ ਕਿ ਪੰਜਾਬ ਪੁਲਿਸ ਵਲੋਂ ਫੜੇ ਗਏ ਤਿੰਨੇ ਡੇਰਾ ਸ਼ਰਧਾਲੂਆਂ ਦੇ ਹਰ ਤਰ੍ਹਾਂ ਦਾ ਛੋਟੇ ਤੋਂ ਛੋਟਾ ਅਤੇ ਵੱਡੇ ਤੋਂ ਵੱਡਾ ਟੈਸਟ ਕਰਵਾ ਕੇ ਦੇਖ ਲਿਆ ਹੈ, ਜਿਸ ਵਿੱਚ ਉਹ ਪਾਸ ਹੁੰਦੇ ਗਏ ਸਨ। ਜਿਸ ਕਾਰਨ ਸੀਬੀਆਈ ਨੂੰ ਹੁਣ ਤੱਕ ਨਾ ਹੀ ਇਹੋ ਜਿਹਾ ਕੋਈ ਸਬੂਤ ਮਿਲਿਆ ਹੈ, ਜਿਹੜਾ ਕਿ ਹਲਕੀ ਜਿਹੀ ਸ਼ੱਕ ਦੀ ਸੂਈ ਵੀ ਇਨ੍ਹਾਂ ਵੱਲ ਘੁੰਮਾਉਂਦਾ ਹੋਵੇ। ਸੀਬੀਆਈ ਨੇ ਆਪਣੇ ਕਲੋਜਰ ਰਿਪੋਰਟ ਵਿੱਚ ਦੱਸਿਆ ਹੈ ਕਿ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਨੂੰ 1 ਜੁਲਾਈ 2015 ਨੂੰ ਚੋਰੀ ਕਰ ਲਿਆ ਜਾਂਦਾ ਹੈ। ਜਿਸ ਬਾਰੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਜਾਂਦੀ ਹੈ ਅਤੇ ਐਫ.ਆਈ.ਆਰ. ਵੀ ਇਸ ਮਾਮਲੇ ਵਿੱਚ ਦਰਜ਼ ਹੈ। ਇਸ ਤੋਂ ਬਾਅਦ 24-25 ਸਤੰਬਰ 2015 ਦੀ ਰਾਤ ਨੂੰ ਬਰਗਾੜੀ ਗੁਰੂਦੁਆਰਾ ਸਾਹਿਬ ਦੇ ਗੇਟ ਦੇ ਬਾਹਰ ਕੁਝ ਪੋਸਟਰ ਚਿਪਕਾਏ ਜਾਂਦੇ ਹਨ, ਜਿਹੜੇ ਕਿ ਹੱਥਾ ਨਾਲ ਲਿਖੇ ਹਨ ਅਤੇ ਉਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਬਿਰਾਦਰੀ ਬਾਰੇ ਕਾਫ਼ੀ ਕੁਝ ਗਲਤ ਲਿਖਿਆ ਹੋਇਆ ਸੀ।
ਇਸ ਤੋਂ ਬਾਅਦ ਇਸ ਸਾਰੇ ਮਾਮਲੇ ਦੀ ਪੜਤਾਲ ਕਰਨ ਬਾਰੇ ਸੀਬੀਆਈ ਨੂੰ ਮਾਮਲਾ ਦੇ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਸੀਬੀਆਈ ਪੜਤਾਲ ਕਰ ਰਹੀ ਹੁੰਦੀ ਹੈ ਕਿ ਮਾਰਚ 2011 ਦੌਰਾਨ ਸਰਕਾਰੀ ਪ੍ਰਾਪਰਟੀ ਦੀ ਭੰਨ ਤੋੜ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਮਹਿੰਦਰਪਾਲ ਬਿੱਟੂ ਨੂੰ 10 ਜੁਲਾਈ 2018 ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਅਤੇ ਇਸ ਦੌਰਾਨ ਪੁਲਿਸ ਦਾ ਦਾਅਵਾ ਹੈ ਕਿ ਮਹਿੰਦਰਪਾਲ ਬਿੱਟੂ ਵਲੋਂ ਬਰਗਾੜੀ ਬੇਅਦਬੀ ਮਾਮਲੇ ਨੂੰ ਕਬੂਲ ਕਰਦੇ ਹੋਏ ਸਾਰੀ ਕਹਾਣੀ ਦੱਸੀ ਜਾਂਦੀ ਹੈ। ਪੰਜਾਬ ਪੁਲਿਸ ਉਸ ਸਾਰੀ ਫਿਲਮੀ ਕਹਾਣੀ ਨੂੰ ਤਿਆਰ ਕਰਦੇ ਹੋਏ ਮਾਮਲੇ ਦੀ ਪੜਤਾਲ ਸੀਬੀਆਈ ਨੂੰ ਦੇ ਦਿੰਦੀ ਹੈ। ਸੀਬੀਆਈ ਦਾ ਕਹਿਣਾ ਹੈ ਕਿ 18 ਸਤੰਬਰ ਨੂੰ ਐਮ.ਐਸ.ਜੀ.-2 ਰਲੀਜ ਹੁੰਦੀ ਹੈ, ਜਿਸ ਵਿੱਚ ਮਹਿੰਦਰਪਾਲ ਬਿੱਟੂ ਕਾਫ਼ੀ ਜਿਆਦਾ ਰੁੱਝਿਆ ਹੁੰਦਾ ਹੈ, ਕਿਉਂਕਿ ਪੰਜਾਬ ਵਿੱਚ ਫਿਲਮ ‘ਤੇ ਪਾਬੰਦੀ ਲੰਗਣ ਦੇ ਕਾਰਨ 3 ਦਿਨਾਂ ਦਾ ਧਰਨਾ ਦਿੱਤਾ ਜਾਂਦਾ ਹੈ, ਜਿਸ ਦੀ ਅਗਵਾਈ ਵੀ ਮਹਿੰਦਰਪਾਲ ਬਿੱਟੂ ਹੀ ਕਰਦਾ ਹੈ। ਇਥੇ ਹੀ ਫੰਨ ਪਲਾਜਾ ਮਾਲ ਫਰੀਦਕੋਟ ਵਿਖੇ ਮਹਿੰਦਰਪਾਲ ਬਿੱਟੂ ਅਤੇ ਉਨਾਂ ਦੇ ਸਾਥੀ ਫਿਲਮ ਨੂੰ ਲੈ ਕੇ ਲਗਾਤਾਰ ਰਹਿੰਦੇ ਹਨ। 24 ਸਤੰਬਰ ਦੀ ਰਾਤ ਤੱਕ ਮਹਿੰਦਰਪਾਲ ਬਿੱਟੂ ਫਨ ਸਿਨੇਮਾ ਵਿਖੇ ਹੀ ਹੁੰਦਾ ਤਾਂ 24 ਸਤੰਬਰ ਦੀ ਸ਼ਾਮ ਨੂੰ ਮਹਿੰਦਰਪਾਲ ਬਿੱਟੂ ਕਿਵੇਂ ਪੋਸਟਰ ਲਗਾ ਸਕਦਾ ਹੈ।
ਮਹਿੰਦਰ ਪਾਲ ਬਿੱਟੂ, ਸੰਨੀ ਸਿੰਘ ਅਤੇ ਭੋਲਾ ਸਣੇ ਹੋਰ ਵਿਅਕਤੀ 25 ਸਤੰਬਰ 2015 ਤੋਂ ਲੈ ਕੇ 14 ਅਕਤੂਬਰ 2016 ਤੱਕ ਫਿਲਮ ਨੂੰ ਚਲਾਉਣ ਵਿੱਚ ਰੁੱਝੇ ਰਹਿੰਦੇ ਹਨ। ਜਦੋਂ ਕਿ 12 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਹੋਏ ਅੰਗ ਬਰਗਾੜੀ ਵਿਖੇ ਕਿਵੇਂ ਇਨਾਂ ਵਲੋਂ ਸੁੱਟੇ ਜਾ ਸਕਦੇ ਹਨ।
ਕਾਰ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਚੋਰੀ ਕਰਨ ਦੀ ਕਹਾਣੀ ਵੀ ਝੂਠੀ
ਪੁਲਿਸ ਜਾਂਚ ਦੌਰਾਨ ਦੱਸਿਆ ਗਿਆ ਕਿ ਸ਼ਕਤੀ ਸਿੰਘ ਵੱਲੋਂ ਆਲਟੋ ਕਾਰ ਨੰਬਰ ਪੀ.ਬੀ. 30 ਆਰ 6484 ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੋਰੀ ਕੀਤਾ ਜਾਂਦਾ ਹੈ, ਜਦੋਂ ਕਿ ਇਹ 28 ਅਗਸਤ 2016 ਨੂੰ ਦਿੱਲੀ ਨੰਬਰ ਵਾਲੀ ਆਲਟੋ ਕਾਰ ਨੂੰ ਘੱਗਾ ਮੋਟਰ ਮਲੋਟ ਰਾਹੀਂ ਖ਼ਰੀਦਿਆ ਜਾਂਦਾ ਹੈ ਅਤੇ 4 ਅਕਤੂਬਰ 2016 ਨੂੰ ਇਸ ਦੀ ਆਰ.ਸੀ. ਸ਼ਕਤੀ ਸਿੰਘ ਦੇ ਭਾਈ ਰਵਿੰਦਰ ਸਿੰਘ ਦੇ ਨਾਅ ‘ਤੇ ਚੜ੍ਹਦੇ ਹੋਏ ਪੰਜਾਬ ਦਾ ਨੰਬਰ ਮਿਲਦਾ ਹੈ ਤਾਂ ਇਹ ਲੋਕ ਇਸ ਕਾਰ ਰਾਹੀਂ 2015 ਵਿੱਚ ਵਾਰਦਾਤ ਨੂੰ ਕਿਵੇਂ ਅੰਜਾਮ ਦੇ ਸਕਦੇ ਹਨ। ਇਥੇ ਹੀ ਮਹਿੰਦਰਪਾਲ ਬਿੱਟੂ ਦੀ ਗੱਡੀ ਨੰਬਰ ਪੀ.ਬੀ. 11 ਡਬਲੂ 7114 ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਵਿੱਚ ਸਾਲ 2015 ਦੌਰਾਨ ਇਸਤੇਮਾਲ ਕਰਨ ਬਾਰੇ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਸੀ, ਜਦੋਂ ਕਿ ਇਹ ਗੱਡੀ ਜਨਵਰੀ 2017 ‘ਚ ਰਾਜੇਂਦਰ ਕੁਮਾਰ ਤੋਂ ਮਹਿੰਦਰਪਾਲ ਬਿੱਟੂ ਇੰਸਾਂ ਵੱਲੋਂ ਖਰੀਦੀ ਗਈ ਸੀ।
ਫਿੰਗਰ ਪ੍ਰਿੰਟਸ ਦਾ ਵੀ ਨਹੀਂ ਹੋ ਸਕਿਆ ਮਿਲਾਣ
ਸੀਬੀਆਈ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ 25 ਸਤੰਬਰ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਚਿਪਕਾਏ ਗਏ ਪੋਸਟਰ ਸਮੇਂ ਮਿਲੇ ਫਿੰਗਰ ਪ੍ਰਿੰਟਸ ਦਾ ਮਿਲਾਣ ਮਹਿੰਦਰਪਾਲ ਬਿੱਟੂ, ਸੁਖਜਿੰਦਰ ਸਿੰਘ ਉਰਫ਼ ਸੰਨੀ ਅਤੇ ਸ਼ਕਤੀ ਸਿੰਘ ਦੇ ਫਿੰਗਰ ਪ੍ਰਿੰਟਸ ਨਾਲ ਨਹੀਂ ਹੋ ਸਕਿਆ ਹੈ। ਇਸ ਸਬੰਧੀ ਦਿੱਲੀ ਵਿਖੇ ਸਭ ਤੋਂ ਵੱਡੀ ਲੈਬਾਰਟਰੀ ਦੀ ਸੀਐਫਐਸਐਲ ਦੀ ਰਿਪੋਰਟ ਰਾਹੀਂ ਇਹ ਸਾਬਤ ਹੁੰਦਾ ਹੈ।
ਬ੍ਰੈਨ ਮੈਪਿੰਗ ਅਤੇ ਪੋਲੀਗ੍ਰਾਫੀ ਟੈਸਟ ਵਿੱਚ ਵੀ ਨਹੀਂ ਸਾਬਤ ਹੋਏ ਦੋਸ਼
ਸੀਬੀਆਈ ਨੇ ਆਪਣੀ ਰਿਪੋਰਟ ਵਿੱਚ ਜਿਕਰ ਕੀਤਾ ਹੈ ਕਿ ਮਹਿੰਦਰਪਾਲ ਬਿੱਟੂ, ਸੁਖਜਿੰਦਰ ਸਿੰਘ ਉਰਫ਼ ਸੰਨੀ ਅਤੇ ਸ਼ਕਤੀ ਸਿੰਘ ਦਾ ਪੋਲੀਗ੍ਰਾਫ਼ੀ ਟੈਸਟ (ਝੂਠ ਫੜੇ ਜਾਣ ਵਾਲਾ ਟੈਸਟ) ਦਿੱਲੀ ਵਿਖੇ ਮਾਨਯੋਗ ਅਦਾਲਤ ਦੀ ਇਜਾਜ਼ਤ ਨਾਲ ਕਰਵਾਇਆ ਗਿਆ ਸੀ, ਜਿਸ ਵਿੱਚ ਇਨ੍ਹਾਂ ਤਿੰਨਾਂ ‘ਤੇ ਕੋਈ ਵੀ ਦੋਸ਼ ਸਾਬਤ ਨਹੀਂ ਹੋਇਆ ਹੈ। ਸੀਬੀਆਈ ਵੱਲੋਂ ਬ੍ਰੈਨ ਮੈਪਿੰਗ ਬਾਰੇ ਵੀ ਦੱਸਿਆ ਗਿਆ ਹੈ ਕਿ ਇਨ੍ਹਾਂ ਤਿੰਨਾਂ ਮਹਿੰਦਰਪਾਲ ਬਿੱਟੂ, ਸੁਖਜਿੰਦਰ ਸਿੰਘ ਉਰਫ਼ ਸੰਨੀ ਅਤੇ ਸ਼ਕਤੀ ਸਿੰਘ ਦਾ ਬ੍ਰੈਨ ਮੈਪਿੰਗ ਟੈਸਟ ਵੀ ਕਰਵਾਇਆ ਗਿਆ, ਜਿਸ ਵਿੱਚ ਕੁਝ ਵੀ ਗਲਤ ਨਹੀਂ ਮਿਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।