ਵਿਦੇਸ਼ ਮੰਤਰਾਲੇ ਵੱਲੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਝਟਕਾ! 

External, Minister, Mann

ਮਾਲੇਰਕੋਟਲਾ ਖੇਤਰੀ ਪਾਸਪੋਰਟ ਦਫ਼ਤਰ ਦੀ ਮੁੱਖ ਮਹਿਮਾਨ ਰਜ਼ੀਆ ਸੁਲਤਾਨਾ ਨੂੰ ਬਣਾਇਆ

ਸੰਗਰੂਰ (ਗੁਰਪ੍ਰੀਤ ਸਿੰਘ) । ਆਪਣੀਆਂ ਕਵਿਤਾਵਾਂ ਰਾਹੀਂ ਮੋਦੀ ਸਰਕਾਰ ਨੂੰ ਆਪਣੇ ਵਿਅੰਗ ਦਾ ਨਿਸ਼ਾਨਾ ਬਣਾਉਂਦੇ ਆ ਰਹੇ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਨੂੰ ਕੇਂਦਰੀ ਵਿਦੇਸ਼ ਮੰਤਰਾਲੇ ਨੇ ਝਟਕਾ ਦਿੰਦਿਆਂ ਮਾਲੇਰਕੋਟਲਾ ‘ਚ ਖੁੱਲ੍ਹਣ ਜਾ ਰਹੇ ਖੇਤਰੀ ਪਾਸਪੋਰਟ ਦਫ਼ਤਰ ਦੀ ਮੁੱਖ ਮਹਿਮਾਨੀ ਸੂਬੇ ਦੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਸਪੁਰਦ ਕਰ ਦਿੱਤੀ ਹੈ ਜਦੋਂ ਕਿ ਭਗਵੰਤ ਮਾਨ ਦੀ ਹਾਜ਼ਰੀ ਸਿਰਫ਼ ਪਤਵੰਤਿਆਂ ਦੇ ਰੂਪ ਵਿੱਚ ਹੀ ਹੋਵੇਗੀ।
ਮਾਲੇਰਕੋਟਲਾ ‘ਚ 16 ਫਰਵਰੀ ਨੂੰ ਖੇਤਰੀ ਪਾਸਪੋਰਟ ਦਫ਼ਤਰ ਦਾ ਉਦਘਾਟਨ ਹੋ ਰਿਹਾ ਹੈ ਅਤੇ ਇਸ ਦਾ ਕ੍ਰੈਡਿਟ ਲੈਣ ਲਈ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਤੇ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਬਿਆਨਬਾਜ਼ੀ ਤੇ ਪੋਸਟਰ ‘ਜੰਗ’ ਚੱਲ ਰਹੀ ਸੀ। ਵਿਦੇਸ਼ ਮੰਤਰਾਲੇ ਨੇ ਭਗਵੰਤ ਮਾਨ ਨੂੰ ਝਟਕਾ ਦਿੰਦਿਆਂ ਉਦਘਾਟਨੀ ਸਮਾਰੋਹ ਦਾ ਮੁੱਖ ਮਹਿਮਾਨ ਦੀ ਡਿਊਟੀ ਮੈਡਮ ਰਜ਼ੀਆ ਸੁਲਤਾਨਾ ਦੀ ਲਾ ਦਿੱਤੀ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ‘ਚ ਚਾਰ ਥਾਵਾਂ ਤੇ ਖੁੱਲਣ ਵਾਲੇ ਖੇਤਰੀ ਪਾਸਪੋਰਟ ਦਫ਼ਤਰਾਂ ਵਿੱਚ ਮਾਲੇਰਕੋਟਲਾ ਨੂੰ ਛੱਡ ਕੇ ਬਾਕੀ ਸਾਰਿਆਂ ਥਾਵਾਂ ‘ਤੇ ਮੁੱਖ ਮਹਿਮਾਨ ਉਥੋਂ ਦੇ ਮੈਂਬਰ ਪਾਰਲੀਮੈਂਟ ਨੂੰ ਹੀ ਬਣਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਖੁੱਲ੍ਹਣ ਵਾਲੇ ਚਾਰ ਖੇਤਰੀ ਪਾਸਪੋਰਟ ਦਫ਼ਤਰਾਂ ਨੂੰ ਡਾਕਘਰਾਂ ਨਾਲ ਹੀ ਲਿੰਕਡ ਕੀਤਾ ਗਿਆ ਹੈ। ਰੋਪੜ (ਪੰਜਾਬ) ਵਿੱਚ ਡਾਕਖਾਨੇ ਦੇ ਵਿੱਚ ਹੀ 9 ਫਰਵਰੀ ਨੂੰ ਉਦਘਾਟਨ ਹੋ ਰਿਹਾ ਹੈ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਆਨੰਦਪੁਰ ਸਾਹਿਬ ਹੋਣਗੇ ਜਦੋਂ ਕਿ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵਿਸ਼ੇਸ਼ ਪਤਵੰਤੇ ਦੇ ਰੂਪ ਵਿੱਚ ਹਾਜ਼ਰੀ ਲਗਵਾਉਣਗੇ। ਇਸੇ ਤਰ੍ਹਾਂ ਬੱਸੀ ਪਠਾਣਾ (ਪੰਜਾਬ) ਵਿੱਚ ਵੀ 9 ਫਰਵਰੀ ਨੂੰ ਹੀ ਖੇਤਰੀ ਪਾਸਪੋਰਟ ਦਫ਼ਤਰ ਦਾ ਉਦਘਾਟਨ ਕੀਤਾ ਜਾਵੇਗਾ ਜਿਸ ਵਿੱਚ ਵੀ ਮੁੱਖ ਮਹਿਮਾਨ ਆਮ ਆਦਮੀ ਪਾਰਟੀ ਦੇ ਬਾਗੀ ਮੈਂਬਰ ਪਾਰਲੀਮੈਂਟ ਫਤਹਿਗੜ੍ਹ ਸਾਹਿਬ ਹਰਿੰਦਰ ਸਿੰਘ ਖਾਲਸਾ ਹੋਣਗੇ ਜਦੋਂ ਕਿ ਉਥੋਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਵਿਸ਼ੇਸ਼ ਪਤਵੰਤੇ ਵਜੋਂ ਹਾਜ਼ਰ ਹੋਣਗੇ। ਇਸੇ ਤਰਾਂ ਸਰਸਾ (ਹਰਿਆਣਾ) ਵਿੱਚ ਮੁੱਖ ਡਾਕਘਰ ਵਿਖੇ ਪਾਸਪੋਰਟ ਦਾ ਖੇਤਰੀ ਦਫ਼ਤਰ ਖੋਲਿਆ ਜਾ ਰਿਹਾ ਹੈ ਜਿਸ ਦੇ ਮੁੱਖ ਮਹਿਮਾਨ ਸਰਸਾ ਦਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਰੋੜੀ ਹੋਣਗੇ ਅਤੇ ਵਿਧਾਇਕ ਮਾਖਨ ਲਾਲ ਸਿੰਗਲਾ ਵਿਸ਼ੇਸ਼ ਪਤਵੰਤੇ ਵਜੋਂ ਸ਼ਾਮਿਲ ਹੋਣਗੇ।ਹੁਣ ਮਾਲੇਰਕੋਟਲਾ ‘ਚ ਜਿੱਥੇ ਖੇਤਰੀ ਪਾਸਪੋਰਟ ਦਫ਼ਤਰ ਦੇ ਉਦਘਾਟਨ ਨੂੰ ਲੈ ਕੇ ਐਮ.ਪੀ. ਭਗਵੰਤ ਮਾਨ ਤੇ ਸੂਬਾ ਵਜ਼ੀਰ ਰਜ਼ੀਆ ਸੁਲਤਾਨਾ ਵਿਚਾਲੇ ਕਸ਼ਮਕਸ਼ ਚੱਲ ਰਹੀ ਸੀ, ਉਥੇ ਵਿਦੇਸ਼ ਮੰਤਰਾਲੇ ਵੱਲੋਂ 16 ਫਰਵਰੀ ਨੂੰ ਡਾਕਘਰ ਦੇ ਵਿੱਚ ਹੀ ਇਹ ਦਫ਼ਤਰ ਖੋਲ੍ਹਿਆ ਜਾ ਰਿਹਾ ਹੈ ਜਿਸ ਵਿੱਚ ਮੁੱਖ ਮਹਿਮਾਨ ਪੰਜਾਬ ਦੇ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਹੋਣਗੇ ਜਦੋਂ ਕਿ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵਿਸ਼ੇਸ਼ ਪਤਵੰਤੇ ਵਜੋਂ ਆਪਣੀ ਸ਼ਮੂਲੀਅਤ ਦਰਸਾਉਣਗੇ। ਇਸ ਸਥਿਤੀ ਨੂੰ ਸਪੱਸ਼ਟ ਕਰਨ ਲਈ ਵਿਦੇਸ਼ ਮੰਤਰਾਲੇ ਵੱਲੋਂ ਜ਼ਿਲਾ ਪੱਧਰ ‘ਤੇ ਜਾਣਕਾਰੀ ਵੀ ਦੇ ਦਿੱਤੀ ਗਈ ਹੈ। ਇਸ ਸਬੰਧੀ ਜਦੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here