ਖੇਤੀਬਾੜੀ ਬੋਰਾਂ ਰਾਹੀਂ ਧਰਤੀ ਹੇਠਲੇ ਪਾਣੀ ਨੂੰ ਪਲੀਤ ਕਰਨ ਵਾਲੀ ਫਰਮ ਦਾ ਪਰਦਾਫਾਸ਼

The exposure of firms to pollute ground water through agricultural ponds

ਹੁਣ ਤੱਕ 17 ਹਜ਼ਾਰ ਬੋਰਾਂ ‘ਚ ਪਾ ਚੁੱਕਾ ਸੀ ਹਜ਼ਾਰਾਂ ਕੁਇੰਟਲ ਤੇਜ਼ਾਬ ਤੇ ਹੋਰ ਕੈਮੀਕਲ

ਪਟਿਆਲਾ  (ਖੁਸ਼ਵੀਰ ਸਿੰਘ ਤੂਰ)। ਕਿਸਾਨਾਂ ਦੇ ਟਿਊਬਵੈੱਲਾਂ ਦਾ ਪਾਣੀ ਵਧਾਉਣ ਦੇ ਨਾਂਅ ‘ਤੇ ਧਰਤੀ ਵਿਚਲੇ ਪਾਣੀ ਨੂੰ ਤੇਜ਼ਾਬ ਅਤੇ ਕੈਮੀਕਲਾਂ ਜ਼ਰੀਏ ਪਲੀਤ ਕਰਨ ਵਾਲੀ ਇੱਕ ਫਰਮ ਦਾ ਪਰਦਾਫਾਸ਼ ਹੋਇਆ ਹੈ। ਹੁਣ ਤੱਕ ਇਹ ਫਰਮ 17 ਹਜ਼ਾਰ ਬੋਰਾਂ ਰਾਹੀਂ ਇਹ ਕੈਮੀਕਲ ਧਰਤੀ ਮਾਂ ਦੀ ਹਿੱਕ ਨੂੰ ਪਲੀਤ ਕਰ ਚੁੱਕੀ ਹੈ। ਇਹ ਵਰਤਾਰਾ ਪਿਛਲੇ 13 ਸਾਲਾਂ ਤੋਂ ਜਾਰੀ ਸੀ, ਜਿਸ ਰਾਹੀਂ ਧਰਤੀ ਹੇਠਲੇ ਪਾਣੀ ‘ਚ ਪ੍ਰਦੂਸ਼ਣ ਫੈਲਾ ਕੇ ਲੋਕਾਂ ਦੀਆਂ ਜਿੰਦਗੀਆਂ ਨੂੰ ਦਾਅ ‘ਤੇ ਲਗਾਇਆ ਜਾ ਰਿਹਾ ਸੀ। ਇਸ ਮਾਮਲੇ ਦਾ ਭੇਦ ਖੁੱਲ੍ਹਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਗੋਦਾਮ ਵਿੱਚ ਲੱਖਾਂ ਲਿਟਰ ਤੇਜ਼ਾਬ ਅਤੇ ਕੈਮੀਕਲ ਨੂੰ ਸੀਲ ਕਰ ਦਿੱਤਾ ਗਿਆ ਹੈ।  ਜਾਣਕਾਰੀ ਅਨੁਸਾਰ ਇਹ ਕਾਰਵਾਈ ਮਿਸ਼ਨ ਤੰਦਰੁਸਤ ਪੰਜਾਬ ਦੇ ਮਿਸ਼ਨ ਡਾਇਰੈਕਟਰ  ਕਾਹਨ ਸਿੰਘ ਪੰਨੂੰ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਕੀਤੀ ਗਈ ਹੈ, ਜਿਨ੍ਹਾਂ ਨੂੰ ਇਸ ਫ਼ਰਮ ਵੱਲੋਂ ਖੇਤੀਬਾੜੀ ਬੋਰਾਂ ਦਾ ਪਾਣੀ ਵਧਾਉਣ ਅਤੇ ਬੰਦ ਪਏ ਬੋਰਾਂ ਨੂੰ ਇਹ ਤੇਜ਼ਾਬੀ ਕੈਮੀਕਲ ਪਾ ਕੇ ਮੁੜ ਚਲਾਉਣ ਲਈ ਅਜਿਹੇ ਕੈਮੀਕਲ ਵੱਡੀ ਮਾਤਰਾ ‘ਚ ਵੇਚੇ ਜਾਣ ਦੀ ਅੰਦਰਖਾਤੇ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋ. ਐਸ.ਐਸ. ਮਰਵਾਹਾ ਵੱਲੋਂ ਇੱਕ ਟੀਮ ਬਣਾਈ ਗਈ ਸੀ, ਜਿਸ ਨੇ ਇਸ ਫ਼ਰਮ ਦਾ ਪਰਦਾਫ਼ਾਸ਼ ਕਰਨ ਲਈ ਵਿਛਾਏ ਗਏ ਜਾਲ ਅਧੀਨ ਕੁਲਵਿੰਦਰ ਰਾਏਕੋਟ ਨਾਂਅ ਦੇ ਵਿਅਕਤੀ ਰਾਹੀਂ 1600 ਕਿਲੋ ਤੇਜ਼ਾਬ ਤੇ ਕੈਮੀਕਲ, ਜਿਸ ਨੂੰ ਇਹ ‘ਬੋਰ ਕੈਮੀਕਲ’ ਦੇ ਨਾਂਅ ਹੇਠ ਕੇਵਲ ਖੇਤੀਬਾੜੀ ਵਰਤੋਂ ਲਈ ਵੇਚਦਾ ਸੀ, 7552 ਰੁਪਏ ‘ਚ ਖਰੀਦ ਕਰਵਾਇਆ।
ਇਸ ਟੀਮ ਵੱਲੋਂ ਦਿੱਤੀ ਸੂਚਨਾ ਦੇ ਆਧਾਰ ‘ਤੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਇੱਕ ਹੋਰ ਟੀਮ ਨੇ ਘਲੋੜੀ ਗੇਟ ਵਿਖੇ ਛਾਪਾਮਾਰੀ ਕਰਕੇ ਲੱਖਾਂ ਲਿਟਰ ਤੇਜ਼ਾਬ ਤੇ ਹੋਰ ਕੈਮੀਕਲ ਬਰਾਮਦ ਕੀਤਾ। ਇੱਥੇ ਹੀ ਇਸ ਫ਼ਰਮ ਵੱਲੋਂ ਕੀਤਾ ਗਿਆ ਇੱਕ ਗ਼ੈਰਕਾਨੂੰਨੀ ਬੋਰ ਵੀ ਮਿਲਿਆ, ਜਿਸ ‘ਚ ਇਸ ਫ਼ਰਮ ਵੱਲੋਂ ਤੇਜ਼ਾਬ ਤੇ ਹੋਰ ਕੈਮੀਕਲ ਬਿਨ੍ਹਾਂ ਸੋਧੇ ਸਿੱਧੇ ਹੀ ਧਰਤੀ ‘ਚ ਇਸ ਬੋਰ ਰਾਹੀਂ ਪਾ ਕੇ ਧਰਤੀ ਹੇਠਲਾ ਜਲ ਪਲੀਤ ਕੀਤਾ ਜਾ ਰਿਹਾ ਸੀ। ਇਸ ਟੀਮ ‘ਚ ਡਰੱਗ ਕੰਟਰੋਲ ਅਫ਼ਸਰ ਪਟਿਆਲਾ ਰੋਹਿਤ ਕਾਲੜਾ ਤੇ ਅਮਨਮਦੀਪ ਵਰਮਾ, ਜ਼ੋਨ ਲਾਇਸੈਂਸਿੰਗ ਅਥਾਰਟੀ ਡਰੱਗ ਪਟਿਆਲਾ ਮਿਸ ਨਵਜੋਤ ਕੌਰ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਾਤਾਵਰਣ ਇੰਜੀਨੀਅਰ ਇੰ. ਗਰਬਖ਼ਸੀਸ਼ ਸਿੰਘ ਗਿੱਲ ਤੇ ਪਟਿਆਲਾ ਖੇਤਰ ਦੇ ਇੰਜ. ਲਵਨੀਤ ਦੂਬੇ, ਵਿਗਿਆਨ ਅਫ਼ਸਰ ਡਾ. ਚਰਨਜੀਤ ਸਿੰਘ ਨਾਭਾ, ਏ.ਈ.ਈ. ਸ੍ਰੀ ਜਤਿੰਦਰ ਸੋਨੀ, ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਰਾਹੁਲ ਕੌਸ਼ਲ ਆਦਿ ਸ਼ਾਮਲ ਸਨ।
ਇਸ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਫ਼ਰਮ ਐਮ.ਆਰ. ਦੇ ਅਧਿਕਾਰਤ ਲਾਇਸੈਂਸੀ ਨਵਨੀਤ ਮਲਹੋਤਰਾ ਨੇ ਮੰਨਿਆ ਕਿ ਉਹ ਇਹ ਕੰਮ ਪਿਛਲੇ ਕਰੀਬ 13 ਸਾਲਾਂ ਤੋਂ ਕਰ ਰਿਹਾ ਹੈ। ਉਸ ਮੁਤਾਬਕ ਇਕ ਬੋਰ ‘ਚ ਕਰੀਬ 6 ਕੁਇੰਟਲ ਤੇਜ਼ਾਬ ਤੇ ਹੋਰ ਕੈਮੀਕਲ ਪਾਏ ਜਾਂਦੇ ਸਨ ਅਤੇ ਹੁਣ ਤੱਕ ਉਹ ਕਰੀਬ 17 ਹਜ਼ਾਰ ਟਿਊਬਵੈਲਾਂ ‘ਚ ਇਹ ਕੈਮੀਕਲ ਪੁਆ ਚੁੱਕਾ ਹੈ। ਉਸ ਮੁਤਾਬਕ ਇਹ ਕੈਮੀਕਲ ਉਹ ਕਿਸਾਨ ਲਿਜਾਂਦੇ ਸਨ, ਜਿਨ੍ਹਾਂ ਦੇ ਬੋਰਾਂ ਦਾ ਪਾਣੀ ਘਟ ਜਾਂਦਾ ਸੀ ਜਾਂ ਉਹ ਸੁੱਕ ਜਾਂਦੇ ਸਨ ਅਤੇ ਉਹ ਇਨ੍ਹਾਂ ਨੂੰ ਖੇਤੀਬਾੜੀ ਵਰਤੋਂ ਲਈ ਦਸਕੇ ਇਹ ਕੈਮੀਕਲ ਵੇਚਦਾ ਸੀ ਅਤੇ ਹੁਣ ਤੱਕ ਲੱਖਾਂ ਲਿਟਰ ਅਜਿਹਾ ਤੇਜਾਬੀ ਕੈਮੀਕਲ ਧਰਤੀ ਹੇਠ ਖਪਾ ਚੁੱਕਾ ਹੈ ਪਰੰਤੂ ਉਹ ਇਹ ਰਿਕਾਰਡ ਨਹੀਂ ਪੇਸ਼ ਕਰ ਸਕਿਆ ਕਿ ਇਹ ਹੁਣ ਤੱਕ ਕਿਸ ਕਿਸ ਨੂੰ ਇਹ ਵੇਚ ਚੁੱਕਾ ਹੈ।
ਇਸੇ ਦੌਰਾਨ ਇਹ ਕਾਰਵਾਈ ਕਰਨ ਵਾਲੀ ਟੀਮ ਦੇ ਮੈਂਬਰ ਜ਼ੋਨ ਲਾਇਸੈਂਸਿੰਗ ਅਥਾਰਟੀ ਡਰੱਗ ਪਟਿਆਲਾ ਨਵਜੋਤ ਕੌਰ ਨੇ ਦੱਸਿਆ ਕਿ ਇਸ ਫ਼ਰਮ ਦੇ ਘਲੋੜੀ ਗੇਟ ਗੋਦਾਮ ਵਿਖੇ 1000 ਦੇ ਲਗਪਗ ਕੇਨ ਪਏ ਹਨ, ਜਿਨ੍ਹਾਂ ‘ਚ ਪ੍ਰਤੀ ਕੇਨ 50 ਕਿਲੋ ਦੇ ਕਰੀਬ ਤੇਜ਼ਾਬ ਤੇ ਹੋਰ ਕੈਮੀਕਲ ਸਮੇਤ ਹੋਰ ਸਾਜ਼ੋ ਸਮਾਨ ਜਮਾਂ ਹੈ, ਜਿਸ ਨੂੰ ਉਨ੍ਹਾਂ ਦੀ ਟੀਮ ਵੱਲੋਂ ਸੀਲ ਕਰ ਦਿੱਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here