ਪੰਜਾਬੀ ਸਾਹਿਤ ਨਾਲ ਸਬੰਧਤ ਪੁਸਤਕਾਂ ਦੀ ਲਗਾਈ ਗਈ ਪ੍ਰਦਰਸ਼ਨੀ

Punjabi Literature Sachkahoon

ਭਾਸ਼ਾ ਵਿਭਾਗ ਨੇ ਕਰਵਾਇਆ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ

(ਸਤਪਾਲ ਥਿੰਦ) ਫਿਰੋਜ਼ਪੁਰ। ਭਾਸ਼ਾ ਵਿਭਾਗ, ਫ਼ਿਰੋਜਪੁਰ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਗੁਰੂ ਨਾਨਕ ਕਾਲਜ, ਫ਼ਿਰੋਜਪੁਰ ਛਾਉਣੀ, ਜ਼ਿਲ੍ਹਾ ਫ਼ਿਰੋਜਪੁਰ ਵਿਖੇ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਧੁਨੀ ‘ਧਨੁ ਲਿਖਾਰੀ ਨਾਨਕਾ’ ਨਾਲ ਹੋਈ। ਆਏ ਹੋਏ ਮਹਿਮਾਨਾਂ ਨੂੰ ਡਾ. ਜਗਦੀਪ ਸਿੰਘ ਸੰਧੂ ਜ਼ਿਲ੍ਹਾ ਭਾਸ਼ਾ ਅਫਸਰ, ਫ਼ਿਰੋਜਪੁਰ ਵੱਲੋਂ ‘ਜੀ ਆਂਇਆ’ ਕਹਿੰਦਿਆਂ ਹੋਇਆਂ ਪੰਜਾਬੀ ਦੇ ਬਹੁਵਿਧਾਈ ਅਤੇ ਸਮਰੱਥ ਲੇਖਕ ਗੁਰਮੀਤ ਕੜਿਆਲਵੀ ਬਾਰੇ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਗੁਰਮੀਤ ਕੜਿਆਲਵੀ ਇੱਕ ਅਜਿਹਾ ਸਾਹਿਤਕਾਰ ਹੈ, ਜਿਸ ਲਈ ਕਲਾ ਧਰਮ ਵੀ ਹੈ ਅਤੇ ਲੁਕਾਈ ਦੀ ਪੀੜ ਵੀ। ਇਸ ਤੋਂ ਬਾਅਦ ਉਨ੍ਹਾਂ ਵਿਸ਼ੇਸ਼ ਮਹਿਮਾਨ ਰਤਿੰਦਰ ਸਿੰਘ ਸਾਂਈਆਂ ਵਾਲਾ ਅਤੇ ਪ੍ਰਿੰਸੀਪਲ ਇੰਦਰਜੀਤ ਸਿੰਘ ਗੁਰੂ ਨਾਨਕ ਕਾਲਜ, ਫ਼ਿਰੋਜਪੁਰ ਛਾਉਣੀ ਅਤੇ ਭਾਸ਼ਾ ਮੰਚ ਗੁਰੂ ਨਾਨਕ ਕਾਲਜ, ਫ਼ਿਰੋਜਪੁਰ ਦਾ ਵੀ ਧੰਨਵਾਦ ਕੀਤਾ ਕਿ ਉਨ੍ਹਾਂ ਦੁਆਰਾ ਇਸ ਸਮਾਗਮ ਨੂੰ ਨੇਪਰੇ ਚਾੜਨ ਵਿੱਚ ਮਿਲਿਆ ਸਹਿਯੋਗ ਸ਼ਲਾਘਾਯੋਗ ਸੀ।

ਦਲਜੀਤ ਸਿੰਘ, ਖੋਜ ਅਫਸਰ ਨੇ ਦੱਸਿਆ ਕਿ ਸ੍ਰੀ ਗੁਰਮੀਤ ਕੜਿਆਲਵੀ ਜੀ ਨੇ ਆਪਣੇ ਕੁੰਜੀਵਤ ਭਾਸ਼ਣ ਦੌਰਾਨ ਸ. ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਹੀ ਰੂਪ ’ਚ ਸਮਝਣ ਦੀ ਲੋੜ ’ਤੇ ਜ਼ੋਰ ਦਿੱਤਾ। ਸ. ਭਗਤ ਸਿੰਘ ਦਾ ਅਕਸ ਬੰਬ ਅਤੇ ਬੰਦੂਕਾਂ ਵਾਲਾ ਨਹੀਂ, ਸਗੋਂ ਉਹ ਇੱਕ ਚਿੰਤਨ ਨਾਲ ਜੁੜਿਆ ਹੋਇਆ ਇਨਕਲਾਬੀ ਯੋਧਾ ਸੀ। ਸਮਕਾਲ ਵਿੱਚ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਬੜੇ ਹੀ ਖ਼ੂਬਸੂਰਤ ਤਰੀਕੇ ਨਾਲ ਸ੍ਰੀ ਗੁਰਮੀਤ ਕੜਿਆਲਵੀ ਨੇ ਇਤਿਹਾਸ ਦੇ ਹਵਾਲੇ ਨਾਲ ਜੋੜਿਆ ਹੈ। ਸੰਨ 1907 ਵਿੱਚ ‘ਪੱਗੜੀ ਸੰਭਾਲ ਜੱਟਾ ਲਹਿਰ’ ਵਿੱਚੋਂ ਭਗਤ ਸਿੰਘ ਜਿਹੇ ਇਨਕਲਾਬੀ ਯੋਧੇ ਦਾ ਜਨਮ ਹੁੰਦਾ ਹੈ। ਵਰਤਮਾਨ ਸਮੇਂ ਦੀਆਂ ਵੰਗਾਰਾਂ ਵਿਰੁੱਧ ਲਾਮਬੰਦ ਹੋਣ ਲਈ ਸ. ਭਗਤ ਸਿੰਘ ਅਤੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਮੁੜ ਨਵੇਂ ਸਿਰੇ ਤੋਂ ਸੰਜੀਦਾ ਰੂਪ ਵਿੱਚ ਸਮਝਿਆ ਜਾਵੇ।

ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਰਤਿੰਦਰ ਸਿੰਘ ਸਾਂਈਆਂ ਵਾਲਾ, ਚੇਅਰਮੈਨ ਗੁਰੂ ਨਾਨਕ ਕਾਲਜ ਐਜੂਕੇਸ਼ਨ ਸੁਸਾਇਟੀ ਨੇ ਕਿਹਾ ਕਿ ਸ. ਭਗਤ ਸਿੰਘ ਦੇ ਨਾਂਅ ’ਤੇ ਸਿਆਸੀ ਫਾਇਦਾ ਲੈਣ ਵਾਲੀਆਂ ਧਿਰਾਂ ਨੂੰ ਪਛਾਨਣ ਦੀ ਲੋੜ ਹੈ। ਸ. ਭਗਤ ਸਿੰਘ ਪ੍ਰਤੀ ਸ਼ਰਧਾ ਹੀ ਨਾ ਹੋਵੇ ਸਗੋਂ ਉਸ ਦੇ ਦਿਖਾਏ ਹੋਏ ਰਸਤੇ ’ਤੇ ਚਲਣਾ ਹੀ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਪੰਜਾਬੀ ਸਾਹਿਤਕ ਜਗਤ ਦੇ ਨਾਮਵਰ ਸ਼ਾਇਰ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਸ. ਭਗਤ ਸਿੰਘ ਨੂੰ ਸਿਰਫ਼ 23 ਸਾਲ ਦੀ ਉਮਰ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਮੌਕੇ ਅਦਾਰਾ ਤਾਸਮਨ ਵੱਲੋਂ ਸ੍ਰੀ ਹਰਮੀਤ ਵਿਦਿਆਰਥੀ ਰਾਹੀਂ ਸ੍ਰੀ ਗੁਰਮੀਤ ਕੜਿਆਲਵੀ ਜੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ