ਢਾਈ ਏਕੜ ਜ਼ਮੀਨ ਵੇਚ ਕੇ ਵੀ ਕੈਂਸਰ ਪੀੜਤ ਪਿਓ ਦੀ ਜਾਨ ਨਾ ਬਚਾ ਸਕਿਆ ਪੁੱਤ
ਪੱਕਾ ਕਲਾਂ, (ਪੁਸ਼ਪਿੰਦਰ ਸਿੰਘ) ਮਾਲਵਾ ਖਿੱਤੇ ‘ਚ ਕੈਂਸਰ ਦਾ ਦੈਂਤ ਲਗਾਤਾਰ ਪੈਰ ਪਸਾਰ ਰਿਹੈ ਪ੍ਰੰਤੂ ਸਰਕਾਰਾਂ ਵੱਲੋਂ ਇਸ ‘ਤੇ ਕਾਬੂ ਨਹੀਂ ਪੈ ਰਿਹਾ ਮਹਿੰਗੇ ਇਲਾਜ ਲਈ ਲੋਕ ਜ਼ਮੀਨਾਂ ਵੀ ਵੇਚ ਦਿੰਦੇ ਨੇ ਪਰ ਘਰ ਦਾ ਜੀਅ ਫਿਰ ਵੀ ਨਹੀਂ ਬਚਦਾ ਤਾਜਾ ਮਾਮਲਾ ਪਿੰਡ ਪੱਕਾ ਕਲਾਂ ਤੋਂ ਸਾਹਮਣੇ ਆਇਆ ਹੈ ਜਿਥੇ ਕੈਂਸਰ ਦੇ ਦੈਂਤ ਨੇ ਇੱਕ ਮੱਧਵਰਗੀ ਕਿਸਾਨ ਦੀ ਜਾਨ ਲੈ ਲਈ ਪੁੱਤ ਵੱਲੋਂ ਆਪਣੇ ਪਿਤਾ ਨੂੰ ਬਚਾਉਣ ਲਈ ਇਲਾਜ਼ ‘ਚ ਢਾਈ ਏਕੜ ਜ਼ਮੀਨ ਵੀ ਵੇਚ ਦਿੱਤੀ ਪ੍ਰੰਤੂ ਉਸ ਦਾ ਪਿਤਾ ਫਿਰ ਵੀ ਬਚ ਨਹੀਂ ਸਕਿਆ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨਛੱਤਰ ਸਿੰਘ (47) ਪੁੱਤਰ ਹਾਕਮ ਸਿੰਘ ਪਿੱਛਲੇ ਸੱਤ ਮਹੀਨਿਆਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜ੍ਹਤ ਸੀ, ਜਿਸ ਦੀ ਇਲਾਜ਼ ਦੌਰਾਨ ਅੱਜ ਮੌਤ ਹੋ ਗਈ। ਮ੍ਰਿਤਕ ਨਛੱਤਰ ਸਿੰਘ ਦੇ ਲੜਕੇ ਜਸ਼ਨਜੋਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਕੈਂਸਰ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਪਿੱਛਲੇ ਸੱਤ ਮਹੀਨਿਆਂ ਤੋਂ ਉਨ੍ਹਾਂ ਦੇ ਪਿਤਾ ਦਾ ਬੀਕਾਨੇਰ (ਰਾਜਸਥਾਨ) ਦੇ ਸਰਦਾਰ ਪਟੇਲ ਹਸਪਤਾਲ ਤੋਂ ਇਲਾਜ਼ ਚੱਲ ਰਿਹਾ ਸੀ।
ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਇਲਾਜ਼ ‘ਚ ਉਨ੍ਹਾਂ ਦੀ ਢਾਈ ਏਕੜ ਜ਼ਮੀਨ ਵੀ ਵਿਕ ਗਈ ਪ੍ਰੰਤੂ ਉਹ ਫਿਰ ਵੀ ਆਪਣੇ ਪਿਤਾ ਨੂੰ ਬਚਾ ਨਹੀਂ ਸਕਿਆ। ਉਨ੍ਹਾਂ ਦੱਸਿਆ ਕਿ ਇਲਾਜ਼ ਦੌਰਾਨ ਉਨ੍ਹਾਂ ਸਿਰ ਸਰਕਾਰੀ ‘ਤੇ ਪ੍ਰਾਈਵੇਟ ਅਦਾਰਿਆ ਦਾ ਕਾਫੀ ਕਰਜ਼ ਵੀ ਸਿਰ ਚੜ੍ਹ ਗਿਆ।
ਮ੍ਰਿਤਕ ਆਪਣੇ ਪਿੱਛੇ ਮਾਂ, ਪਤਨੀ, ਦੋ ਧੀਆਂ ‘ਤੇ ਇਕ ਪੁੱਤਰ ਨੂੰ ਛੱਡ ਗਿਆ ਹੈ। ਪਿੰਡ ਦੇ ਸਰਪੰਚ ਅੰਗਰੇਜ ਸਿੰਘ ਸੰਧੂ ਨੇ ਦੁੱਖ ਦਾ ਪ੍ਰਗਟਾਵਾਂ ਕਰਦਿਆਂ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜ੍ਹਤ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ। ਨਛੱਤਰ ਸਿੰਘ ਦੀ ਮੌਤ ਨਾਲ ਸਮੁੱਚੇ ਪਿੰਡ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ