ਨਵੀਂ ESIC ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ’ਚ 50 ਸੀਟਾਂ ਨਾਲ MBBS ਕੋਰਸ ਦੀ ਸ਼ੁਰੂਆਤ
Medical Education Punjab: (ਗੁਰਪ੍ਰੀਤ ਪੱਕਾ) ਫਰੀਦਕੋਟ। ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ (BFUHS), ਫਰੀਦਕੋਟ, ਪ੍ਰੋ. (ਡਾ.) ਰਾਜੀਵ ਸੂਦ, ਵਾਈਸ ਚਾਂਸਲਰ ਦੀ ਅਗਵਾਈ ਹੇਠ ਨਵੇਂ ESIC ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਨੂੰ MBBS ਕੋਰਸ ਦੀ ਸ਼ੁਰੂਆਤ ਲਈ ਅਫੀਲੀਏਸ਼ਨ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਰਾਸ਼ਟਰੀ ਮੈਡੀਕਲ ਕਮਿਸ਼ਨ (NMC), ਨਵੀਂ ਦਿੱਲੀ ਵੱਲੋਂ ਲੋੜੀਂਦੇ ਮਨਜ਼ੂਰੀਆਂ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ, ਜਿਸ ਦੀ ਅਗਵਾਈ ਭਗਵੰਤ ਸਿੰਘ ਮਾਨ, ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਡਾ. ਬਲਬੀਰ ਸਿੰਘ, ਮਾਣਯੋਗ ਮੰਤਰੀ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਪੰਜਾਬ ਵੱਲੋਂ ਕੀਤੀ ਜਾ ਰਹੀ ਹੈ।
ਪਹਿਲੀ ਕੌਂਸਲਿੰਗ ਪੂਰੀ ਹੋਣ ਅਤੇ ਦੂਜੀ ਕੌਂਸਲਿੰਗ ਨਜ਼ਦੀਕ ਆਉਣ ਦੇ ਮੱਦੇਨਜ਼ਰ, ਬਾਬਾ ਫਰੀਦ ਯੂਨੀਵਰਸਿਟੀ ਦੇ ਅਧੀਨ ਆਉਂਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਵਿੱਚ ਪਹਿਲਾਂ ਹੀ 50 MBBS ਸੀਟਾਂ ਦਾ ਇਜ਼ਾਫਾ ਕੀਤਾ ਜਾ ਚੁੱਕਿਆ ਹੈ। ਇਸ ਨਾਲ ਪੰਜਾਬ ਵਿੱਚ MBBS ਸੀਟਾਂ ਦੀ ਕੁੱਲ ਗਿਣਤੀ ਵੱਧ ਕੇ 1650 ਤੱਕ ਪਹੁੰਚ ਗਈ ਹੈ। ਇਹ ਵਾਧਾ ਪੰਜਾਬ ਨਿਵਾਸੀ ਵਿਦਿਆਰਥੀਆਂ ਲਈ ਇੱਕ ਵੱਡਾ ਫਾਇਦਾ ਸਾਬਤ ਹੋਵੇਗਾ, ਜਿਨ੍ਹਾਂ ਨੇ ਇਸ ਸਾਲ NEET-UG 2025 ਪਾਸ ਕੀਤਾ ਹੈ। ਹੁਣ ਘੱਟੋ-ਘੱਟ 100 ਤੋਂ ਵੱਧ ਵਿਦਿਆਰਥੀ ਪ੍ਰਾਈਵੇਟ ਕਾਲਜਾਂ ਦੀਆਂ ਮਹਿੰਗੀਆਂ ਫੀਸਾਂ ਤੋਂ ਬਚ ਕੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਦਾਖਲਾ ਲੈ ਸਕਣਗੇ, ਜਿਵੇਂ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਅਤੇ ESIC ਮੈਡੀਕਲ ਕਾਲਜ & ਹਸਪਤਾਲ, ਲੁਧਿਆਣਾ।
ਇਹ ਵੀ ਪੜ੍ਹੋ: Punjab Floods News: ਡਿਪਟੀ ਕਮਿਸ਼ਨਰ ਨੇ ਸ਼ੁਤਰਾਣਾ ਹਲਕੇ ਦੇ ਪਿੰਡਾਂ ਵਿੱਚ ਹੜ੍ਹ ਸੁਰੱਖਿਆ ਕਾਰਜਾਂ ਦਾ ਜਾਇਜ਼ਾ ਲਿਆ
NMC ਵੱਲੋਂ ESIC ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਨੂੰ ਅਕਾਦਮਿਕ ਸੈਸ਼ਨ 2025 ਤੋਂ 50 MBBS ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਇਸ ਮੌਕੇ ‘ਤੇ ਪ੍ਰੋ. (ਡਾ.) ਰਾਜੀਵ ਸੂਦ ਨੇ ਕਿਹਾ ਕਿ ਇਸ ਨਵੇਂ ਮੈਡੀਕਲ ਕਾਲਜ ਦੀ ਸ਼ੁਰੂਆਤ ਪੰਜਾਬ ਲਈ ਇੱਕ ਮਹੱਤਵਪੂਰਨ ਮੋੜ ਹੈ। ਇਸ ਨਾਲ ਵਿਦਿਆਰਥੀਆਂ ਦੇ ਨਾ ਸਿਰਫ਼ ਡਾਕਟਰ ਬਣਨ ਦੇ ਸੁਪਨੇ ਪੂਰੇ ਹੋਣਗੇ, ਸਗੋਂ ਆਉਣ ਵਾਲੇ ਸਮੇਂ ਵਿੱਚ ਰਾਜ ਵਿੱਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਵਿੱਚ ਵੀ ਮੱਦਦ ਮਿਲੇਗੀ।
ਇਸ ਮੌਕੇ ‘ਤੇ ਡਾ. ਪੀ.ਐਸ. ਬਰਾੜ (ਮੈਂਬਰ, ਬੋਰਡ ਆਫ਼ ਮੈਨੇਜਮੈਂਟ, BFUHS), ਡਾ. ਇੰਦਰ ਪਾਵਰ (ਪ੍ਰਿੰਸੀਪਲ, ESIC ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ), ਸ਼੍ਰੀ ਅਰਵਿੰਦ ਕੁਮਾਰ (ਰਜਿਸਟਰਾਰ, BFUHS) ਅਤੇ ਡਾ. ਦੀਪਕ ਜੌਨ ਭੱਟੀ (ਡੀਨ, ਕਾਲਜਜ਼, BFUHS) ਵੱਲੋਂ ਵੀ ਮੁਬਾਰਕਬਾਦ ਦਿੱਤੀ ਗਈ। Medical Education Punjab