ਪੰਜਾਬ ਸਰਕਾਰ ਆਪਣੇ ਪੱਧਰ ‘ਤੇ ਕਰ ਰਹੀ ਐ ਟੈਲੀਫੋਨ ਕੰਪਨੀ ਨਾਲ ਗੱਲਬਾਤ, 125 ਰੁਪਏ ‘ਚ ਹੋਏਗਾ ਮੋਬਾਇਲ ਰਿਚਾਰਜ਼
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਹੁਣ ਸਰਕਾਰੀ ਕਰਮਚਾਰੀਆਂ ਦੀ ਹੈਲੋ ਹੈਲੋ ਬੰਦ ਕਰਨ ਜਾ ਰਹੀ ਹੈ। ਹੁਣ ਸਰਕਾਰੀ ਕਰਮਚਾਰੀ ਆਪਣੀ ਪਸੰਦ ਅਨੁਸਾਰ ਮੋਬਾਇਲ ਰਿਚਾਰਜ਼ ਹੀ ਨਹੀਂ ਕਰਵਾ ਪਾਉਣਗੇ, ਕਿਉਂਕਿ ਸਰਕਾਰ ਹੁਣ ਮੋਬਾਇਲ ਰਿਚਾਰਜ਼ ਕਰਨ ਦਾ ਜਿੰਮਾ ਆਪਣੇ ਸਿਰ ਲੈਣ ਜਾ ਰਹੀ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪੰਜਾਬ ਵਿੱਚ ਕਿਸੇ ਵੀ ਸਰਕਾਰੀ ਕਰਮਚਾਰੀ ਨੂੰ ਟੈਲੀਫੋਨ ਭੱਤਾ ਪਹਿਲਾਂ ਵਾਲਾ ਨਹੀਂ ਮਿਲੇਗਾ, ਜਿਹੜਾ ਕਿ ਪਿਛਲੇ ਕਈ ਦਹਾਕੇ ਤੋਂ ਮਿਲਦਾ ਆ ਰਿਹਾ ਹੈ।
ਹਾਲਾਂਕਿ ਮੋਬਾਇਲ ਰਿਚਾਰਜ਼ ਤੋਂ ਬਾਅਦ ਇਸ ਭੱਤੇ ਵਿੱਚੋਂ ਬਚਣ ਵਾਲੀ ਰਕਮ ਨੂੰ ਵੀ ਸਰਕਾਰ ਆਪਣੇ ਕੋਲ ਰੱਖਣ ਦੀ ਥਾਂ ਕਰਮਚਾਰੀਆਂ ਨੂੰ ਦੇਣ ਦੀ ਗੱਲ ਆਖ ਰਹੀ ਹੈ ਪਰ ਕਰਮਚਾਰੀ ਇਸ ਪਿੱਛੇ ਸਰਕਾਰ ਦੀ ਮਨਸ਼ਾ ਗਲਤ ਦੱਸ ਰਹੇ ਹਨ, ਕਿਉਂਕਿ ਕਰਮਚਾਰੀਆਂ ਨੂੰ ਇੰਝ ਲਗਦਾ ਹੈ ਕਿ ਕੁਝ ਸਮੇਂ ਬਾਅਦ ਰਿਚਾਰਜ਼ ਕਰਵਾਉਣਾ ਵੀ ਬੰਦ ਕਰ ਦੇਵੇਗੀ ਅਤੇ ਉਨ੍ਹਾਂ ਦਾ ਟੈਲੀਫੋਨ ਭੱਤਾ ਬੰਦ ਹੋ ਜਾਏਗਾ।
ਦੱਸਿਆ ਜਾ ਰਿਹਾ ਹੈ ਕਿ ਮੋਬਾਇਲ ਫੋਨ ਰਿਚਾਰਜ਼ ਕਰਵਾਉਣ ਦੇ ਫੈਸਲੇ ਨੂੰ ਲਾਗੂ ਕਰਨ ਤੋਂ ਪਹਿਲਾਂ ਖਜ਼ਾਨਾ ਵਿਭਾਗ ਕੈਬਨਿਟ ਮੀਟਿੰਗ ਵਿੱਚ ਮੋਹਰ ਲਗਾਉਣਾ ਚਾਹੁੰਦਾ ਹੈ। ਇਸ ਲਈ ਕੈਬਨਿਟ ਮੀਟਿੰਗ ਵਿੱਚ ਖਜਾਨਾ ਵਿਭਾਗ ਵੱਲੋਂ ਇਹ ਏਜੰਡਾ ਪੇਸ਼ ਕੀਤਾ ਜਾਵੇਗਾ। ਜਿੱਥੋਂ ਹਰੀ ਝੰਡੀ ਮਿਲਣ ਤੋਂ ਬਾਅਦ ਇਸ ਸਬੰਧੀ ਕਾਰਵਾਈ ਉਲੀਕ ਦਿੱਤੀ ਜਾਏਗੀ।
Government Recharge Mobile | ਖਜ਼ਾਨਾ ਵਿਭਾਗ ਦੇ ਸੂਤਰਾਂ ਅਨੁਸਾਰ ਪੰਜਾਬ ਦੇ ਏ ਗ੍ਰੇਡ ਅਧਿਕਾਰੀਆਂ ਨੂੰ 500 ਰੁਪਏ, ਬੀ ਗ੍ਰੇਡ ਦੇ ਅਧਿਕਾਰੀ ਨੂੰ 300 ਰੁਪਏ ਅਤੇ ਸੀ ਤੇ ਡੀ ਗ੍ਰੇਡ ਦੇ ਕਰਮਚਾਰੀਆਂ ਨੂੰ 250-250 ਰੁਪਏ ਟੈਲੀਫੋਨ ਭੱਤਾ ਦਿੱਤਾ ਜਾਂਦਾ ਹੈ। ਹੁਣ ਖਜ਼ਾਨਾ ਵਿਭਾਗ ਨੇ ਤਜਵੀਜ਼ ਤਿਆਰ ਕੀਤੀ ਹੈ ਕਿ ਏ ਗ੍ਰੇਡ ਦੇ ਅਧਿਕਾਰੀਆਂ ਨੂੰ 250 ਰੁਪਏ ਭੱਤੇ ਦੇ ਨਾਲ 250 ਰੁਪਏ ਦਾ ਫੋਨ ਰਿਚਾਰਜ਼ ਕਰਵਾ ਕੇ ਦਿੱਤਾ ਜਾਏਗਾ ਤਾਂ ਬੀ ਗ੍ਰੇਡ ਦੇ ਅਧਿਕਾਰੀਆਂ ਨੂੰ 175 ਰੁਪਏ ਭੱਤਾ ਮਿਲੇਗਾ ਤਾਂ 125 ਰੁਪਏ ਦਾ ਫੋਨ ਰਿਚਾਰਜ਼ ਕਰਵਾ ਕੇ ਦਿੱਤਾ ਜਾਏਗਾ। ਇਸ ਤਰ੍ਹਾਂ ਹੀ ਸੀ ਤੇ ਡੀ ਗ੍ਰੇਡ ਦੇ ਕਰਮਚਾਰੀਆਂ ਨੂੰ 150 ਰੁਪਏ ਭੱਤਾ ਤਾਂ 100 ਰੁਪਏ ਦਾ ਮੋਬਾਇਲ ਰਿਚਾਰਜ਼ ਕਰਵਾ ਕੇ ਦਿੱਤਾ ਜਾਏਗਾ।
ਖ਼ੁਦ ਮੰਤਰੀ ਤੇ ਵਿਧਾਇਕ ਲੈਂਦੇ ਹਨ 15 ਹਜ਼ਾਰ ਰੁਪਏ ਟੈਲੀਫੋਨ ਭੱਤਾ
ਸਰਕਾਰੀ ਕਰਮਚਾਰੀਆਂ ਦੇ 100-200 ਰੁਪਏ ਮੋਬਾਇਲ ਭੱਤੇ ‘ਤੇ ਅੱਖ ਰੱਖੀ ਬੈਠੀ ਪੰਜਾਬ ਸਰਕਾਰ ਦੇ ਹੀ ਆਪਣੇ ਕੈਬਨਿਟ ਮੰਤਰੀ ਅਤੇ ਵਿਧਾਇਕ ਹਰ ਮਹੀਨੇ 15000 ਰੁਪਏ ਟੈਲੀਫੋਨ ਭੱਤਾ ਲੈਂਦੇ ਹਨ ਇਸ ਵਿੱਚ ਕੋਈ ਵੀ ਕਟੌਤੀ ਜਾਂ ਫਿਰ ਮੰਤਰੀਆਂ ਤੇ ਵਿਧਾਇਕਾਂ ਦਾ ਮੋਬਾਇਲ ਰਿਚਾਰਜ਼ ਕਰਵਾਉਣ ਬਾਰੇ ਸਰਕਾਰ ਕਿਸੇ ਵੀ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਲੈਣ ਜਾ ਰਹੀ ਹੈ। ਇਸ ਦਾ ਪੰਜਾਬ ਸਰਕਾਰ ਦੇ ਸਰਕਾਰੀ ਕਰਮਚਾਰੀਆਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਕਿ ਪਹਿਲਾਂ ਕੈਬਨਿਟ ਮੰਤਰੀ ਅਤੇ ਵਿਧਾਇਕ ਆਪਣੇ ਬਾਰੇ ਟੈਲੀਫੋਨ ਭੱਤਾ ਨਾ ਲੈਣ ਬਾਰੇ ਫੈਸਲਾ ਕਰਨ। ਉਸ ਤੋਂ ਬਾਅਦ ਹੀ ਸਰਕਾਰੀ ਕਰਮਚਾਰੀਆਂ ਬਾਰੇ ਕੋਈ ਫੈਸਲਾ ਕੀਤਾ ਜਾਵੇ।
ਕਰਮਚਾਰੀ ਗ੍ਰੇਡ ਮੌਜੂਦਾ ਭੱਤਾ ਤਜਵੀਜਤ ਭੱਤਾ ਮੋਬਾਇਲ ਪਲਾਨ
- ਏ ਗ੍ਰੇਡ 500 250 250
- ਬੀ ਗ੍ਰੇਡ 300 175 125
- ਸੀ ਗ੍ਰੇਡ 150 100 100
- ਡੀ ਗ੍ਰੇਡ 150 100 100
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।