ਸਾਡੇ ਨਾਲ ਸ਼ਾਮਲ

Follow us

18.5 C
Chandigarh
Sunday, February 15, 2026
More
    Home Breaking News Employees Pro...

    Employees Protest: ਪਾਵਰਕੌਮ ਦੀ 50 ਏਕੜ ਜ਼ਮੀਨ ਪੁੱਡਾ ਨੂੰ ਤਬਦੀਲ ਕਰਨ ਖਿਲਾਫ ਭਖੇ ਮੁਲਾਜ਼ਮ

    Employees Protest: 16 ਅਤੇ 17 ਫਰਵਰੀ ਨੂੰ ਪਾਵਰ ਮੈਨੇਜ਼ਮੈਂਟ ਦੇ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਐਲਾਨ

    • ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕਣ ਲਈ 28 ਫਰਵਰੀ ਨੂੰ ਲੁਧਿਆਣਾ ਵਿਖੇ ਸੱਦੀ ਮੀਟਿੰਗ | Employees Protest

    Employees Protest: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ ਦੀ 50 ਏਕੜ ਜ਼ਮੀਨ ਪੁੱਡਾ ਨੂੰ ਤਬਦੀਲ ਕਰਨ ਖਿਲਾਫ਼ ਮੁਲਾਜ਼ਮਾਂ ’ਚ ਰੋਸ ਵੱਧ ਗਿਆ ਹੈ। ਮੁਲਾਜ਼ਮਾਂ ਦਾ ਰੋਸ ਹੈ ਕਿ ਸਰਕਾਰ ਵੱਲੋਂ ਆਪਣੇ ਸਿਆਸੀ ਮੁਫਾਦ ਪੂਰੇ ਕਰਨ ਲਈ ਸਰਕਾਰੀ ਜ਼ਮੀਨਾਂ ਦੀ ਬਲੀ ਦਿੱਤੀ ਜਾ ਰਹੀ ਹੈ। ਮੁਲਾਜ਼ਮਾਂ ਵੱਲੋਂ 16 ਅਤੇ 17 ਫਰਵਰੀ ਨੂੰ ਰੋਸ ਵਜੋਂ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਗਿਆ ਹੈ।

    ਦੱਸਣਯੋਗ ਹੈ ਕਿ ਪਾਵਰਕੌਮ ਦੀਆਂ ਪਟਿਆਲਾ, ਜਲੰਧਰ, ਲੁਧਿਆਣਾ ਆਦਿ ਜ਼ਿਲ੍ਹਿਆਂ ਵਿੱਚ ਕਾਫ਼ੀ ਜ਼ਮੀਨਾਂ ਪਈਆਂ ਹਨ, ਜਿਨ੍ਹਾਂ ’ਤੇ ਸਰਕਾਰ ਦੀ ਅੱਖ ਟਿਕੀ ਹੋਈ ਹੈ। ਪਟਿਆਲਾ ਦੇ ਬਡੁੁੰਗਰ ਇਲਾਕੇ ’ਚ ਪਾਵਰਕੌਮ ਦੀ 50 ਏਕੜ ਜ਼ਮੀਨ ਨੂੰ ਸਰਕਾਰ ਵੱਲੋਂ ਪੁੱਡਾ ਨੂੰ ਤਬਦੀਲ ਕਰਨ ਦੀ ਹਰੀ ਝੰਡੀ ਦੇ ਦਿੱਤੀ ਗਈ ਹੈ, ਜਿਸ ਤੋਂ ਬਾਅਦ ਮੁਲਾਜ਼ਮ ਜਥੇਬੰਦੀਆਂ ਵੱਲੋਂ ਵਿਰੋਧ ਪ੍ਰਗਟਾਇਆ ਗਿਆ ਹੈ। ਪਿਛਲੇ ਦਿਨਾਂ ਤੋਂ ਮੁਲਾਜ਼ਮਾਂ ਵੱਲੋਂ ਆਪਣੇ ਅਦਾਰੇ ਦੀਆਂ ਜ਼ਮੀਨਾਂ ਬਚਾਉਣ ਲਈ ਸੰਘਰਸ਼ ਵੀ ਵਿੱਢਿਆ ਹੋਇਆ ਹੋਇਆ ਹੈ, ਜਿਸ ਤੇ ਤਹਿਤ ਕਈ ਆਗੂਆਂ ਦਾ ਤਬਾਦਲਾ ਵੀ ਕਰ ਦਿੱਤਾ ਗਿਆ ਹੈ ਤਾਂ ਜੋ ਉਹ ਸੰਘਰਸ਼ ਦਾ ਬਿਗਲ ਨਾ ਵਜਾ ਸਕਣ। Employees Protest

    ਮੁਲਾਜ਼ਮਾਂ ਦੇ ਸਾਂਝੇ ਥੜੇ ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ, ਪਾਵਰਕੌਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ, ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਦੇ ਆਗੂਆਂ ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਫੈਸਲਾ ਕਰਕੇ 16 ਅਤੇ 17 ਫਰਵਰੀ ਨੂੰ ਸਮੁੱਚੇ ਪੰਜਾਬ ਦੀਆਂ ਸਬ ਡਵੀਜਨ ਅਤੇ ਡਵੀਜਨ ਪੱਧਰ ’ਤੇ ਪਾਵਰ ਮੈਨੇਜ਼ਮੈਂਟ ਅਤੇ ਸੀਐੱਮਡੀ ਦੀਆਂ ਅਰਥੀਆਂ ਫੂਕ ਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।

    ਆਗੂਆਂ ਨੇ ਕਿਹਾ ਕਿ ਜਾਇਦਾਦਾਂ ਵੇਚਣ ਦੇ ਖਿਲਾਫ ਵੱਡੀ ਲਹਿਰ ਖੜ੍ਹੀ ਕਰਨ ਅਤੇ ਮੰਨੀਆਂ ਹੋਈਆਂ ਵਾਜਿਬ ਮੰਗਾਂ ਦੀ ਪ੍ਰਾਪਤੀ ਲਈ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ 28 ਫਰਵਰੀ ਨੂੰ ਲੁਧਿਆਣਾ ਵਿਖੇ ਸਾਂਝੀ ਮੀਟਿੰਗ ਕਰਕੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

    ਜ਼ਮੀਨਾਂ ਬਚਾਉਣ ਲਈ ਪੱਕਾ ਮੋਰਚਾ ਲਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ : ਆਗੂ

    ਇਸ ਦੌਰਾਨ ਆਗੂਆਂ ਹਰਪਾਲ ਸਿੰਘ , ਗੁਰਵੇਲ ਸਿੰਘ ਬੱਲਪੁਰੀਆ, ਬਲਦੇਵ ਸਿੰਘ ਮੰਡਾਲੀ, ਕੁਲਵਿੰਦਰ ਸਿੰਘ ਢਿੱਲੋਂ, ਸਰਿੰਦਰਪਾਲ ਲਹੌਰੀਆ, ਬਲਜੀਤ ਸਿੰਘ ਮੋਦਲਾ ਆਦਿ ਨੇ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕੇ ਜੇਕਰ ਪੰਜਾਬ ਸਰਕਾਰ ਨੇ ਆਪਣੀਆਂ ਰਾਜਸੀ ਲੋੜਾਂ ਲਈ ਅਦਾਰੇ ਦੀਆਂ ਜਮੀਨਾਂ ਵੇਚਣ ਦਾ ਘਾਤਕ ਫੈਸਲਾ ਵਾਪਸ ਨਾ ਲਿਆ ਤਾਂ ਅਦਾਰੇ ਦੇ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਪੱਕਾ ਮੋਰਚਾ ਲਾਉਣ ਤੋਂ ਵੀ ਗੁਰੇਜ਼ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਜਿਸ ਨਾਲ ਇਸ ਸਨੱਅਤੀ ਅਦਾਰੇ ਦਾ ਮਾਹੌਲ ਅਸ਼ਾਂਤ ਹੋਣ ਅਤੇ ਨਿਕਲੇ ਹੋਰ ਮਾੜੇ ਸਿਟਿਆਂ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰ ਮੈਨੇਜ਼ਮੈਂਟ ਦੀ ਹੋਵੇਗੀ।