ਟੀਕਾਕਰਨ ’ਚ ਬੇਤੁਕੀ ਸ਼ਰਤ ਖ਼ਤਮ
ਆਖ਼ਰ ਕੇਂਦਰ ਸਰਕਾਰ ਨੇ 18-44 ਸਾਲ ਦੀ ਉਮਰ ਵਾਲੇ ਵਿਅਕਤੀਆਂ ਲਈ ਕੋਰੋਨਾ ਵੈਕਸੀਨ ਦੀ ਮੋਬਾਇਲ ਫੋਨ ’ਤੇ ਰਜਿਸਟੇ੍ਰਸ਼ਨ ਦੀ ਸ਼ਰਤ ਹਟਾ ਦਿੱਤੀ ਹੈ । ਇਹ ਦੇਰੀ ਨਾਲ ਆਇਆ ਦਰੁਸਤ ਕਦਮ ਹੈ ਦਰਅਸਲ ਵੈਕਸੀਨ ਦੀ ਸ਼ੁਰੂਆਤ ’ਚ ਵੱਡਾ ਅੜਿੱਕਾ ਹੀ ਇਹ ਆਇਆ ਸੀ ਕਿ ਲੋਕ ਟੀਕਾ ਲਵਾਉਣ ਤੋਂ ਡਰ ਰਹੇ ਸਨ । ਕੁਝ ਅਫ਼ਵਾਹਾਂ ਨੇ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਸੀ ਨੇਤਾਵਾਂ ਤੇ ਹੋਰ ਵੱਡੀਆਂ ਹਸਤੀਆਂ ਨੇ ਖੁਦ ਨੂੰ ਟੀਕਾ ਲਵਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਪਰ ਰਜਿਸਟੇ੍ਰਸ਼ਨ ਦੀ ਸ਼ਰਤ ਟੀਕਾ ਲੱਗਣ ’ਚ ਅੜਿੱਕਾ ਵੀ ਬਣਨ ਲੱਗੀ ।
ਅਸਲ ’ਚ ਨਾ ਤਾਂ ਹਰ ਵਿਅਕਤੀ ਕੋਲ ਸਮਾਰਟ ਫੋਨ ਹੈ ਤੇ ਨਾ ਹੀ ਸਮਾਰਟ ਫੋਨ ਦੀ ਵਰਤੋਂ ਕਰਨ ਵਾਲਾ ਹਰ ਵਿਅਕਤੀ ਰਜਿਸਟੇ੍ਰਸ਼ਨ ਕਰਵਾਉਣ ਦੇ ਸਮਰੱਥ ਹੈ । ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਇਸ ਗੱਲ ਦੀ ਹੀ ਜ਼ਰੂੂਰਤ ਸੀ ਕਿ ਹਰ ਵਿਅਕਤੀ ਨੂੰ ਹੀ ਟੀਕਾ ਲੱਗੇ ਪਰ ਟੀਕਾਕਰਨ ਦੀ ਸ਼ੁਰੂਆਤ ’ਚ ਵੈਕਸੀਨ ਦੀ ਘਾਟ ਕਰਕੇ ਟੀਕਾ ਪਹਿਲਾਂ 60 ਸਾਲ ਤੋਂ ਉੱਪਰ ਵਾਲਿਆਂ ਫ਼ਿਰ 45 ਤੋਂ ਉੱਪਰ ਵਾਲਿਆਂ ਨੂੰ ਲਾਇਆ ਗਿਆ । ਹੁਣ ਜਦੋਂ ਦੇਸ਼ ਅੰਦਰ ਵਿਦੇਸ਼ੀ ਵੈਕਸੀਨ ਵੀ ਮੰਗਵਾਈ ਜਾ ਰਹੀ ਹੈ ਤੇ ਦੇਸ਼ ਅੰਦਰ ਵੈਕਸੀਨ ਦਾ ਉਤਪਾਦਨ ਵਧਾਉਣ ਲਈ ਸਰਕਾਰ ਯਤਨ ਕਰ ਰਹੀ ਹੈ ਤਾਂ ਟੀਕਾਕਰਨ ਦੀ ਰਫ਼ਤਾਰ ਵਧਾਉਣ ਲਈ ਹਰ ਤਰ੍ਹਾਂ ਰੁਕਾਵਟ (ਰਜਿਸਟੇ੍ਰਸ਼ਨ) ਹਟਾਉਣੀ ਜ਼ਰੂਰੀ ਹੈ ।ਜ਼ਰੂਰੀ ਨਹੀਂ ਕਿ ਹਰ ਕੰਮ ਲਈ ਇੱਕੋ ਤਰੀਕਾ (ਮੋਬਾਇਲ ਫੋਨ) ਵਰਤਿਆ ਜਾਵੇ ਪਹਿਲਾਂ ਵੀ ਦੇਸ਼ ਅੰਦਰ ਰਵਾਇਤੀ ਤਰੀਕਿਆਂ ਰਾਹੀਂ ਟੀਕਾਕਰਨ ਵੱਡੇ ਪੱਧਰ ’ਤੇ ਹੁੰਦਾ ਆਇਆ ਹੈ ।
ਤਰੀਕਾ ਉਹੀ ਵਰਤਣਾ ਚਾਹੀਦਾ ਹੈ ਜੋ ਸਮੇਂ ਦੀ ਜ਼ਰੂਰਤ ਹੈ ਟੀਕਾ ਕੋਈ ਵਿੱਤੀ ਸਹਾਇਤਾ ਤਾਂ ਹੈ ਨਹੀਂ ਕਿ ਕੋਈ ਨਿਯਮਾਂ ਦੀ ਉਲੰਘਣਾ ਕਰਕੇ ਦੋ ਵਾਰ ਲੈ ਜਾਵੇਗਾ ਜਿੱਥੋਂ ਤੱਕ ਭੀੜ ਤੋਂ ਬਚਣ ਦਾ ਸਬੰਧ ਹੈ ਇਹ ਕੋਈ ਟੋਕਨ ਸਿਸਟਮ ਜਾਂ ਕੋਈ ਹੋਰ ਸੌਖਾ ਤਰੀਕਾ ਵਰਤਿਆ ਜਾ ਸਕਦਾ ਹੈ । ਤਾਂ ਟੀਕਾ ਲਾਉਣ ’ਚ ਦੇਰੀ ਦੇ ਸਾਰੇ ਕਾਰਨਾਂ ਨੂੰ ਖ਼ਤਮ ਕੀਤਾ ਜਾਣਾ ਜ਼ਰੂਰੀ ਹੈ ਟੀਕਾ ਲਾਉਣ ਲਈ ਕੈਂਪ ਲਾਉਣ ਦੀ ਰਫ਼ਤਾਰ ਵਧਾਈ ਜਾਵੇ । ਦੇਸ਼ ਦੇ ਮਾਹਿਰ ਡਾਕਟਰ ਤੇ ਦਵਾਈ ਨਿਰਮਾਤਾ ਕੰਪਨੀਆਂ ਵੀ ਸਰਕਾਰ ਨੂੰ ਸੁਝਾਅ ਦੇ ਚੁੱਕੀਆਂ ਹਨ ਕਿ ਵੈਕਸੀਨ ਨਿਰਮਾਣ ਲਈ ਹੋਰ ਕੰਪਨੀਆਂ ਨੂੰ ਲਾਇਸੈਂਸ ਜਾਰੀ ਕੀਤੇ ਜਾਣ ਇੱਥੇ ਇਹ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਮਾਹਿਰਾਂ ਦੇ ਸੁਝਾਅ ’ਤੇ ਤੇਜ਼ੀ ਨਾਲ ਵਿਚਾਰ ਕਰੇ ਤੇ ਲੋਕਾਂ ਨੂੰ ਟੀਕੇ ਲਾਉਣ ਦਾ ਕੰਮ ਮੁਕੰਮਲ ਕਰੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।