ਐਲੀਮੈਂਟਰੀ ਅਧਿਆਪਕਾਂ ਨੇ ਸਾੜਿਆ ਸਿੱਖਿਆ ਮੰਤਰੀ ਦਾ ਪੁਤਲਾ
11 ਦਸੰਬਰ ਨੂੰ ਸਿੱਖਿਆ ਮੰਤਰੀ ਦੇ ਘਿਰਾਓ ਦਾ ਐਲਾਨ
(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਵੱਲੋਂ ਦਿੱਤੇ ਗਏ ਪ੍ਰੋਗਰਾਮ ਤਹਿਤ ਅੱਜ ਬਲਾਕ ਸੁਨਾਮ 1 ਅਤੇ ਬਲਾਕ ਚੀਮਾ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਦੇ ਐਲੀਮੈਂਟਰੀ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦਾ ਪੁਤਲਾ ਸਾੜਿਆ ਗਿਆ। ਪਿਛਲੇ ਲੰਮੇ ਅਰਸੇ ਤੋਂ ਪ੍ਰਾਇਮਰੀ ਕਾਡਰ ਵਿੱਚ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰਾਂ ਦੀਆਂ ਤਰੱਕੀਆਂ ਦਾ ਕੰਮ ਠੱਪ ਪਿਆ ਹੋਣ ਕਾਰਨ ਅਧਿਆਪਕਾਂ ਨੇ ਰੋਸ ਜਾਹਰ ਕਰਨ ਲਈ ਇਸ ਪ੍ਰੋਗਰਾਮ ਨੂੰ ਅੰਜਾਮ ਦਿੱਤਾ। ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਣ ਬੁੱਝ ਕੇ ਅਧਿਆਪਕ ਮਸਲਿਆਂ ਨੂੰ ਲਟਕਾਇਆ ਜਾ ਰਿਹਾ ਹੈ। ਪ੍ਰਾਇਮਰੀ ਕਾਡਰ ਦੀਆਂ ਤਰੱਕੀਆਂ ਦੀ ਨਿਰੋਲ ਜ਼ਿਮੇਵਾਰੀ ਜਿਲ੍ਹਾ ਸਿੱਖਿਆ ਅਫਸਰ ਦੀ ਹੁੰਦੀ ਹੈ, ਜਦਕਿ ਇਸ ਵਾਰ ਉੱਚ ਅਧਿਕਾਰੀਆਂ ਤੋਂ ਮਨਜੂਰੀ ਲੈਣ ਦੇ ਨਾਂ ‘ਤੇ ਨਵੀਂ ਪਿਰਤ ਪਾ ਕੇ ਸ਼ਕਤੀਆ ਦਾ ਕੇਂਦਰੀਕਰਨ ਕਰਦੇ ਹੋਏ ਅਧਿਆਪਕਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ।
ਜਿਲ੍ਹਾ ਸਿੱਖਿਆ ਅਫਸਰ ਵੱਲੋਂ ਤਰੱਕੀ ਦੀਆਂ ਲਿਸਟਾਂ ਉੱਚ ਅਧਿਕਾਰੀਆਂ ਨੂੰ ਭੇਜਿਆਂ ਲੰਮਾ ਸਮਾਂ ਲੰਘ ਜਾਣ ਦੇ ਬਾਵਜੂਦ ਵੀ ਮਨਜੂਰੀ ਦੇਣ ਵਿੱਚ ਦੇਰੀ ਕੀਤੀ ਜਾ ਰਹੀ ਹੈ। ਅਧਿਆਪਕਾਂ ਨੇ ਕਿਹਾ ਕਿ ਉਹ ਵਿਭਾਗ ਦੇ ਇਸ ਰਵੱਈਏ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸੰਘਰਸ਼ ਦੇ ਅਗਲੇ ਪੜਾਅ ਤਹਿਤ 11 ਦਸੰਬਰ ਨੂੰ ਜਲੰਧਰ ਵਿਖੇ ਸਿੱਖਿਆ ਮੰਤਰੀ ਦੇ ਘਿਰਾਓ ਲਈ ਰੱਖੇ ਗਏ। ਸੂਬਾ ਪੱਧਰੀ ਧਰਨੇ ਵਿੱਚ ਅਧਿਆਪਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਜਿਸ ਸੰਬੰਧੀ ਸਾਰੀ ਰਣਨੀਤੀ ਬਣਾ ਲਈ ਗਈ ਹੈ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਾਇਮਰੀ ਅਧਿਆਪਕਾਂ ਦੀਆਂ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਦੀਆਂ ਤਿਆਰ ਪਈਆਂ ਤਰੱਕੀ ਦੀਆਂ ਲਿਸਟਾਂ ਤੁਰੰਤ ਜਾਰੀ ਕੀਤੀਆਂ ਜਾਣ ਅਤੇ ਪ੍ਰਾਇਮਰੀ ਤੋਂ ਮਾਸਟਰ ਕਾਡਰ ਤਰੱਕੀਆਂ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾਵੇ। ਇਸ ਮੌਕੇ ਕੁਲਵੀਰ ਸਿੰਘ ਚਹਿਲ, ਭਾਰਤ ਰਤਨ ਜੋਸ਼ੀ, ਲਖਵੀਰ ਸਿੰਘ ਪੁਰਬਾ, ਅਮਰੀਕ ਸਿੰਘ,ਜਸਵਿੰਦਰ ਸਿੰਘ, ਰਾਮ ਸਿੰਘ, ਸੁਰਿੰਦਰ ਪਾਲਮਿੱਤਲ, ਰੁਪਿੰਦਰ ਪਾਲ, ਪਵਿੱਤਰ ਸਿੰਘ, ਰਮਨੀਕ ਸਿੰਘ, ਹਰੀ ਦਾਸ, ਸੁਖਪ੍ਰੀਤ ਸਿੰਘ, ਅਧਿਆਪਕ ਆਗੂ ਅਤੇ ਬਹੁਤ ਸਾਰੇ ਹੋਰ ਅਧਿਆਪਕ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ