ਬਿਜਲੀ ਕਾਮੇ 26 ਮਈ ਨੂੰ ਮਨਾਉਣਗੇ ਕਾਲਾ ਦਿਵਸ

Electricity Workers Sachkahoon

ਸਰਕਾਰ ਕਿਸਾਨ ਸੰਘਰਸ਼ ਨੂੰ ਖਤਮ ਕਰਵਾਉਣ ਲਈ ਵਰਤ ਰਹੀ ਹੈ ਹਰ ਹੱਥਕੰਡੇ, ਸਰਕਾਰ ਗਲਤ ਫਹਿਮੀ ’ਚ : ਆਗੂ

ਪਟਿਆਲਾ, (ਖੁਸ਼ਵੀਰ ਸਿੰਘ ਤੂਰ) । ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਫੈਸਲੇ ਅਨੁਸਾਰ ਬਿਜਲੀ ਮੁਲਾਜਮਾਂ ਦੀਆਂ ਪ੍ਰਮੁੱਖ ਜੱਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 26 ਮਈ ਨੂੰ ਬਿਜਲੀ ਕਾਮੇ ਕਾਲਾ ਦਿਵਸ ਮਨਾਉਣਗੇ, ਘਰਾਂ ਦੇ ਵਹੀਕਲਾਂ ’ਤੇ ਕਾਲੇ ਝੰਡੇ ਲਗਾ ਕੇ ਸਾਂਝੇ ਰੋਸ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣਗੇ। ਇਹ ਰੋਸ ਪ੍ਰਦਰਸ਼ਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ, ਬਿਜਲੀ ਸੋਧ ਬਿੱਲ 2020 ਅਤੇ ਮਜ਼ਦੂਰ ਵਿਰੋਧੀ ਲੇਬਰ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਵਾਪਸ ਲੈਣ ਲਈ ਕੀਤੇ ਜਾਣਗੇ। ਇਹ ਫੈਸਲਾ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੀ ਵਰਚੁਅਲ ਮੀਟਿੰਗ ’ਚ ਕੀਤਾ ਗਿਆ।

ਇਸ ਮੌਕੇ ਜੁਆਇੰਟ ਫੋਰਮ ਦੇ ਸੂਬਾਈ ਆਗੂਆਂ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਕੌਰ ਸਿੰਘ ਸੋਹੀ, ਬਲਵਿੰਦਰ ਸਿੰਘ ਸੰਧੂ, ਹਰਪਾਲ ਸਿੰਘ ਨੇ ਕੇਂਦਰ ਸਰਕਾਰ ਦੀਆਂ ਕਿਸਾਨ ਮਜ਼ਦੂਰ, ਮੁਲਾਜਮ ਅਤੇ ਮਿਹਨਤਕਸ਼ ਜਨਤਾ ਵਿਰੋਧੀ ਨੀਤੀਆਂ ਦੀ ਸਖਤ ਨਿੰਦਾ ਕੀਤੀ ਅਤੇ ਕਿਹਾ ਕਿ ਮੋਦੀ ਸਰਕਾਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਿਖੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਕਰਵਾਉਣ 7 ਮਹੀਨਿਆਂ ਤੋਂ ਜਾਰੀ ਸੰਘਰਸ਼ ਨੂੰ ਅਣਡਿੱਠ ਕਰਕੇ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਖਤਮ ਕਰਨਾ ਚਾਹੁੰਦੀ ਹੈ।

ਸਰਕਾਰ ਗਲਤ ਫਹਿਮੀ ’ਚ ਹੈ। ਕਿਸਾਨ ਤੇ ਹੋਰ ਜਥੇਬੰਦੀਆਂ ਇਹ ਸੰਘਰਸ਼ ਜ਼ਰੂਰ ਜਿੱਤਣਗੀਆਂ, ਮੋਦੀ ਸਰਕਾਰ ਫਿਰਕੂ ਏਜੰਡਾਂ ਅਪਣਾ ਕੇ ਜਨਤਾ ’ਚ ਫਿਰਕੂ ਪਾੜਾ ਪਾ ਰਹੀ ਹੈ। ਬਿਜਲੀ ਸੋਧ ਬਿੱਲ 2020 ਰਾਹੀਂ ਸੂਬਿਆਂ ਦੇ ਅਧਿਕਾਰ ਖੋਹ ਕੇ ਬਿਜਲੀ ਕਾਰਪੋਰੇਸ਼ਨਾਂ ਤੇ ਬੋਰਡਾਂ ਦਾ ਨਿੱਜੀਕਰਨ ਕਰਨਾ ਚਾਹੁੰਦੀ ਹੈ ਅਤੇ ਕਾਰਪੋਰੇਟ ਅਤੇ ਸ਼ਰਮਾਏਦਾਰਾਂ ਰਾਹੀਂ ਪ੍ਰਾਈਵੇਟ ਕੰਪਨੀਆਂ ਨੂੰ ਜਨਤਾ ਨੂੰ ਮਹਿੰਗੀ ਬਿਜਲੀ ਦੇਣ ਲਈ ਕਾਹਲੀ ਹੈ। ਜਿਸ ਕਾਰਨ ਬਿਜਲੀ ਆਮ ਜਨਤਾ ਦੀ ਪਹੁੰਚ ਤੋਂ ਬਾਹਰ ਹੋਵੇਗੀ। ਬਿਜਲੀ ਰੇਟ ਬੇਸੁਮਾਰ ਵਧਣਗੇ।

ਇਸ ਮੌਕੇ ਸਕੱਤਰ ਕਰਮਚੰਦ ਭਾਰਦਵਾਜ ਨੇ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਬਿਜਲੀ ਕਾਮੇ ਆਪਣੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ 24 ਮਈ ਤੋਂ ਦਿੱਤੇ ਸੰਘਰਸ਼ ਅਨੁਸਾਰ ਪਾਵਰ ਮੈਨੇਜਮੈਂਟ ਦੇ ਡਾਇਰੈਕਟਰਜ਼ ਵਿਰੁੱਧ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਅਤੇ ਵਰਕ ਟੂ ਰੂਲ ਅਨੁਸਾਰ ਸੰਘਰਸ਼ ਜਾਰੀ ਰੱਖਣਗੇ। ਇਸ ਮੀਟਿੰਗ ’ਚ ਸਿਕੰਦਰ ਨਾਥ, ਰਾਮ ਲੁਭਾਇਆ, ਬਿ੍ਰਜ ਲਾਲ, ਪ੍ਰੀਤਮ ਸਿੰਘ ਪਿੰਡੀ, ਕਰਮ ਚੰਦ ਖੰਨਾ, ਹਰਜੀਤ ਸਿੰਘ, ਕੰਵਲਜੀਤ ਸਿੰਘ, ਸੁਖਵਿੰਦਰ ਸਿੰਘ ਦੁੱਮਨਾ, ਨਛੱਤਰ ਸਿੰਘ ਅਤੇ ਗੁਰਦਿੱਤ ਸਿੰਘ ਸਿੱਧੂ ਵੀ ਸ਼ਾਮਲ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।