Bathinda News: ਬਠਿੰਡਾ, (ਸੁਖਜੀਤ ਮਾਨ)। ਨਗਰ ਨਿਗਮ ਬਠਿੰਡਾ ਦੀ ਕਰੀਬ ਸਵਾ ਸਾਲ ਤੋਂ ਖਾਲੀ ਪਈ ਮੇਅਰ ਦੀ ਚੇਅਰ ਲਈ ਅੱਜ ਚੋਣ ਹੋਣ ਜਾ ਰਹੀ ਹੈ। ਮੇਅਰ ਦੀ ਇਸ ਚੋਣ ਲਈ ਬਠਿੰਡਾ ’ਚ ਪਿਛਲੇ ਕਈ ਦਿਨਾਂ ਤੋਂ ਸਿਆਸੀ ਘਮਸਾਨ ਮੱਚਿਆ ਹੋਇਆ ਹੈ। ਮੇਅਰ ਲਈ ਦਾਅਵੇਦਾਰਾਂ ’ਚ ਆਪ ਕੌਂਸਲਰ ਪਦਮਜੀਤ ਸਿੰਘ ਮਹਿਤਾ ਤੇ ਕਾਂਗਰਸ ਵੱਲੋਂ ਬਲਜਿੰਦਰ ਸਿੰਘ ਠੇਕੇਦਾਰ ਉਮੀਦਵਾਰ ਹਨ। 50 ਕੌਂਸਲਰਾਂ ਵਾਲੇ ਇਸ ਨਿਗਮ ਲਈ ਬਹੁਮਤ ਵਾਸਤੇ 27 ਕੌਂਸਲਰਾਂ ਦੀ ਲੋੜ ਹੈ। ਸ਼ਹਿਰ ’ਚ ਇਹ ਸਿਆਸੀ ਚੁੰਝ ਚਰਚਾ ਭਾਰੂ ਹੈ ਕਿ ਨਵਾਂ-ਨਵਾਂ ਜਿੱਤਿਆ ਕੌਂਸਲਰ ਪਦਮਜੀਤ ਮਹਿਤਾ ਮੇਅਰ ਦੀ ਚੇਅਰ ਤੇ ਬੈਠੇਗਾ ਪਰ ਕੌਂਸਲਰ ਕਿਸ ਨੂੰ ਮੇਅਰ ਚੁਣਦੇ ਹਨ ਹੁਣ ਤੋਂ ਕੁਝ ਸਮੇਂ ਬਾਅਦ ਤਸਵੀਰ ਸਾਫ ਹੋ ਜਾਵੇਗੀ।
ਇਹ ਵੀ ਪੜ੍ਹੋ: Punjab News: ਪੰਜਾਬ ’ਚ ਇੱਥੇ Energy Drink ’ਤੇ ਵੀ ਲੱਗ ਗਈ ਪਾਬੰਦੀ! ਨਹੀਂ ਮੰਨੇ ਤਾਂ…
ਦੱਸਣਯੋਗ ਹੈ ਕਿ ਬਠਿੰਡਾ ਨਿਗਮ ਦੀ ਇਸ ਤੋਂ ਪਹਿਲਾਂ ਚੁਣੀ ਗਈ ਪਹਿਲੀ ਮਹਿਲਾ ਮੇਅਰ ਰਮਨ ਗੋਇਲ ਖਿਲਾਫ ਨਗਰ ਨਿਗਮ ਹਾਊਸ ’ਚ ਬੇਭਰੋਸਗੀ ਦਾ ਮਤਾ ਪਾਸ ਕਰਕੇ ਕੁਰਸੀ ਤੋਂ ਲਾਹ ਦਿੱਤਾ ਗਿਆ ਸੀ। ਇਸ ਗੱਲ ਤੋਂ ਖਫਾ ਰਮਨ ਗੋਇਲ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਪਰ ਅਦਾਲਤ ਚੋਂ ਵੀ ਅਪੀਲ ਖਾਰਜ ਹੋਣ ਕਰਕੇ ਉਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਇਸ ਮਗਰੋਂ ਹੁਣ ਮੇਅਰ ਦੀ ਅੱਜ ਚੋਣ ਹੋਣ ਜਾ ਰਹੀ ਹੈ। ਮੇਅਰ ਨਾ ਹੋਣ ਦੇ ਅਰਸੇ ਦੌਰਾਨ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਕਾਰਜਕਾਰੀ ਮੇਅਰ ਵਜੋਂ ਕੰਮ ਕਰ ਰਹੇ ਸਨ। ਮੇਅਰ ਦੀ ਕੁਰਸੀ ਖਾਲੀ ਹੋਣ ਕਰਕੇ ਨਿਗਮ ਦੇ ਅਨੇਕਾਂ ਕਾਰਜ ਅੱਧਵਾਟੇ ਰੁਕੇ ਹੋਏ ਸੀ ਜੋ ਹੁਣ ਮੇਅਰ ਚੁਣੇ ਜਾਣ ਤੋਂ ਬਾਅਦ ਨੇਪਰੇ ਚੜ੍ਹਨ ਦੇ ਆਸਾਰ ਬਣ ਗਏ ਹਨ। Bathinda News