ਕਾਂਗਰਸ ਹਾਈਕਮਾਨ ਨੇ ਸੰਭਾਲਿਆ ਪੰਜਾਬ, ਚੋਣਮਨੋਰਥ ਪੱਤਰ ਲਾਗੂ ਕਰਨ ਲਈ ਬਣਾਈ ਕਮੇਟੀ

Sports University

ਅਮਰਿੰਦਰ ਸਰਕਾਰ ‘ਤੇ ਨਹੀਂ ਭਰੋਸਾ, ਪੀ ਚਿਦੰਬਰਮ ਕਰਵਾਉਣਗੇ ਚੋਣ ਮਨੋਰਥ ਪੱਤਰ ਲਾਗੂ

ਹਰਿਆਣਾ ਕਾਂਗਰਸ ਪ੍ਰਧਾਨ ਕੁਮਾਰੀ ਸੈਲਜਾ ਨੂੰ ਭੇਜਿਆ ਗਿਆ ਪੰਜਾਬ, 5 ਮੈਂਬਰੀ ਕਮੇਟੀ ਦਾ ਗਠਨ

ਚੰਡੀਗੜ, (ਅਸ਼ਵਨੀ ਚਾਵਲਾ)। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਹੁਣ ਆਪਣੇ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਵਿਸ਼ਵਾਸ ਨਹੀਂ ਰਿਹਾ ਹੈ ਕਿ ਉਹ ਇਸ ਸਰਕਾਰ ਦੌਰਾਨ ਕਾਂਗਰਸ ਪਾਰਟੀ ਦਾ ਚੋਣ ਮਨੋਰਥ ਪੱਤਰ ਲਾਗੂ ਕਰਵਾ ਪਾਉਣਗੇ। ਜਿਸ ਕਾਰਨ ਹੁਣ ਸੋਨੀਆ ਗਾਂਧੀ ਨੇ ਆਪਣੇ ਪੱਧਰ ‘ਤੇ ਇੱਕ ਕਮੇਟੀ ਦਾ ਹੀ ਗਠਨ ਕਰ ਦਿੱਤਾ ਹੈ, ਜਿਹੜੀ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਤੋਂ ਆਪਣੇ ਪੱਧਰ ‘ਤੇ ਚੋਣ ਮਨੋਰਥ ਪੱਤਰ ਲਾਗੂ ਕਰਵਾਉਣ ਲਈ ਨਾ ਸਿਰਫ਼ ਦਬਾਅ ਬਣਾਏਗੀ, ਸਗੋਂ ਸਮੇਂ ਸਮੇਂ ਸਿਰ ਸਰਕਾਰ ਤੋਂ ਰਿਪੋਰਟ ਵੀ ਲਏਗੀ।

ਸੋਨੀਆ ਗਾਂਧੀ ਵਲੋਂ ਗਠਿਤ ਕੀਤੀ ਗਈ 5 ਮੈਂਬਰੀ ਕਮੇਟੀ ਦਾ ਚੇਅਰਮੈਨ ਪੀ. ਚਿਦੰਬਰਮ ਨੂੰ ਲਾਇਆ ਗਿਆ ਹੈ ਅਤੇ ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸੈਲਜਾ ਨੂੰ ਇਸ ਕਮੇਟੀ ਦਾ ਚੇਅਰਮੈਨ ਤੋਂ ਬਾਅਦ ਮੁੱਖ ਮੈਂਬਰ ਬਣਾਇਆ ਗਿਆ ਹੈ। ਇਸ ਕਮੇਟੀ ਵਿੱਚ ਕਿਸੇ ਵੀ ਤਰਾਂ ਦਾ ਵਿਰੋਧ ਪੈਦਾ ਨਾ ਹੋਵੇ, ਇਸ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਪ੍ਰਦੇਸ਼ ਇੰਚਾਰਜ ਆਸ਼ਾ ਕੁਮਾਰੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਇਸ ਕਮੇਟੀ ਵਿੱਚ ਥਾਂ ਦਿੱਤੀ ਗਈ ਹੈ ਤਾਂ ਕਿ ਚੋਣ ਮਨੋਰਥ ਪੱਤਰ ਨੂੰ ਲੈ ਕੇ ਕਾਂਗਰਸ ਪਾਰਟੀ ਵਲੋਂ ਵੀ ਸਰਕਾਰ ਵਿੱਚ ਆਪਣਾ ਪੱਖ ਰੱਖਿਆ ਜਾ ਸਕੇ।

ਸੋਨੀਆ ਗਾਂਧੀ ਵੱਲੋਂ ਗਠਿਤ ਕੀਤੀ ਗਈ ਇਸ ਤਰਾਂ ਦੀ ਕਮੇਟੀ ਦੇ ਨਾਲ ਹੀ ਹੁਣ ਅਮਰਿੰਦਰ ਸਿੰਘ ਦੀ ਸਰਕਾਰ ‘ਤੇ ਭਾਰੀ ਦਬਾਅ ਆ ਜਾਏਗਾ, ਕਿਉਂਕਿ ਹੁਣ ਤੱਕ ਕਾਂਗਰਸ ਸਰਕਾਰ ਆਪਣੀ ਹੀ ਪਾਰਟੀ ਵਲੋਂ ਤਿਆਰ ਕੀਤੇ ਗਏ ਚੋਣ ਮਨੋਰਥ ਨੂੰ ਲਾਗੂ ਕਰਨ ਸਬੰਧੀ ਕੋਈ ਜੁਆਬ ਤਲਬੀ ਨਹੀਂ ਸੀ ਪਰ ਹੁਣ ਇਹ ਕਮੇਟੀ ਦੇ ਗਠਨ ਤੋਂ ਬਾਅਦ ਅਮਰਿੰਦਰ ਸਿੰਘ ਤੋਂ ਸਿੱਧਾ ਜੁਆਬ ਤਲਬੀ ਹੋ ਸਕਦੀ ਹੈ।
ਇਸ ਕਮੇਟੀ ਦੇ ਗਠਨ ਸਬੰਧੀ ਬਕਾਇਦਾ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਜਲਦ ਹੀ ਇਸ ਕਮੇਟੀ ਦੀ ਮੀਟਿੰਗ ਨੂੰ ਸੱਦਣ ਲਈ ਵੀ ਕਿਹਾ ਗਿਆ ਹੈ।

ਸੋਨੀਆ ਗਾਂਧੀ ਨੂੰ ਰਿਪੋਰਟ ਕਰਨਗੇ ਚੇਅਰਮੈਨ

ਚੋਣ ਮਨੋਰਥ ਪੱਤਰ ਨੂੰ ਲਾਗੂ ਕਰਨ ਲਈ ਤਿਆਰ ਕੀਤੀ ਗਈ ਕਮੇਟੀ ਹਰ ਮਹੀਨੇ ਮੀਟਿੰਗ ਕਰਨ ਤੋਂ ਬਾਅਦ ਬਕਾਇਦਾ ਇੱਕ ਰਿਪੋਰਟ ਤਿਆਰ ਕਰੇਗੀ ਅਤੇ ਇਸ ਰਿਪੋਰਟ ਨੂੰ ਸੋਨੀਆ ਗਾਂਧੀ ਕੋਲ ਪੇਸ਼ ਕੀਤਾ ਜਾਵੇਗਾ ਤਾਂ ਕਿ ਹਰ ਮਹੀਨੇ ਪੰਜਾਬ ਵਿੱਚ ਚੋਣ ਮਨੋਰਥ ਪੱਤਰ ਨੂੰ ਲਾਗੂ ਕਰਨ ਸਬੰਧੀ ਕੋਸ਼ਿਸ਼ਾਂ ਬਾਰੇ ਕਾਂਗਰਸ ਹਾਈ ਕਮਾਨ ਨੂੰ ਵੀ ਜਾਣਕਾਰੀ ਮਿਲ ਸਕੇ। ਇਸ ਕਮੇਟੀ ਦੇ ਚੇਅਰਮੈਨ ਪੀ. ਚਿਦੰਬਰਮ ਪੰਜਾਬ ਜਾਂ ਫਿਰ ਦਿੱਲੀ ਵਿਖੇ ਮੀਟਿੰਗ ਨੂੰ ਲੈਣਗੇ, ਜਿਸ ਤੋਂ ਬਾਅਦ ਰਿਪੋਰਟ ਲੈ ਕੇ ਉਹ ਖ਼ੁਦ ਸੋਨੀਆ ਗਾਂਧੀ ਕੋਲ ਪੇਸ਼ ਹੋਇਆ ਕਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।