ਗਾਜ਼ੀਆਬਾਦ ’ਚ ਬਜ਼ੁਰਗ ਨਾਲ ਮਾਰਕੁੱਟ ਮਾਮਲਾ : ਭੜਕਾਊ ਟਵੀਟ ਦੇ ਦੋਸ਼ ’ਚ ਸਵਰਾ ਤੇ ਆਰਫ਼ਾ ਸਮੇਤ ਹੋਰ ਖਿਲਾਫ਼ ਹੋਈ ਸ਼ਿਕਾਇਤ ਦਰਜ਼
ਨਵੀਂ ਦਿੱਲੀ। ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਬਜ਼ੁਰਗ ’ਤੇ ਹਮਲੇ ਦੇ ਮਾਮਲੇ ਵਿਚ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਇਸ ਵਿਵਾਦ ਲਈ ਅਦਾਕਾਰਾ ਸਵਰਾ ਭਾਸਕਰ, ਪੱਤਰਕਾਰ ਅਰਫਾ ਖਾਨੂਮ ਸ਼ੇਰਵਾਨੀ, ਟਵਿੱਟਰ ਇੰਡੀਆ ਦੇ ਮਨੀਸ਼ ਮਹੇਸ਼ਵਰੀ ਅਤੇ ਹੋਰਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਐਡਵੋਕੇਟ ਅਮਿਤ ਅਚਾਰੀਆ ਨੇ ਇਸ ਮਾਮਲੇ ਸਬੰਧੀ ਦਿੱਲੀ ਦੇ ਤਿਲਗ ਮਾਰਗ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਸਾਰਿਆਂ ਉੱਤੇ ਗਾਜ਼ੀਆਬਾਦ ਵਿੱਚ ਬਜ਼ੁਰਗ ਉੱਤੇ ਹੋਏ ਹਮਲੇ ਸੰਬੰਧੀ ਭੜਕਾਊ ਟਵੀਟ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਹਾਲਾਂਕਿ ਇਸ ਮਾਮਲੇ ਵਿਚ ਅਜੇ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ, ਪਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਪੂਰਾ ਮਾਮਲਾ
ਧਿਆਨ ਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਲੋਨੀ ਖੇਤਰ ਦਾ ਇੱਕ ਵੀਡੀਓ ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਸੀ। ਵੀਡੀਓ ਵਿਚ ਦੇਖਿਆ ਗਿਆ ਹੈ ਕਿ ਕੁਝ ਨੌਜਵਾਨ ਦਾੜ੍ਹੀ ਵਾਲੇ ਬਜ਼ੁਰਗ ਨੂੰ ਕੁੱਟ ਰਹੇ ਹਨ। ਇਸ ਤੋਂ ਬਾਅਦ ਗਾਜ਼ੀਆਬਾਦ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਸੋਸ਼ਲ ਮੀਡੀਆ ਵਿਚ ਕੀਤੇ ਜਾ ਰਹੇ ਸਾਰੇ ਦਾਅਵਿਆਂ ਨੂੰ ਝੂਠਾ ਕਰਾਰ ਦਿੱਤਾ। ਇਸ ਤੋਂ ਪਹਿਲਾਂ ਗਾਜ਼ੀਆਬਾਦ ਪੁਲਿਸ ਇਸ ਮਾਮਲੇ ਸੰਬੰਧੀ ਟਵਿੱਟਰ, ਟਵਿੱਟਰ ਇੰਡੀਆ ਅਤੇ ਹੋਰਾਂ ’ਤੇ ਐਫਆਈਆਰ ਦਰਜ ਕਰ ਚੁੱਕੀ ਹੈ।
ਬਜ਼ੁਰਗ ਨੇ ਪੁਲਿਸ ਦੇ ਦਾਅਵੇ ਨੂੰ ਗਲਤ ਦੱਸਿਆ
ਗਾਜ਼ੀਆਬਾਦ ਪੁਲਿਸ ਨੇ ਪੂਰੇ ਵਿਵਾਦ ਦੇ ਪਿੱਛੇ ਤਾਬੀਜ਼ ਦੀ ਖਰੀਦ ਨੂੰ ਲੈ ਕੇ ਫੁੱਟ ਦਾ ਕਾਰਨ ਦੱਸਿਆ ਸੀ। ਹਾਲਾਂਕਿ, ਬਾਅਦ ਵਿਚ ਬਜ਼ੁਰਗ ਆਦਮੀ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਤਾਬੀਜ਼ ਸਬੰਧੀ ਕੋਈ ਕੰਮ ਨਹੀਂ ਕਰਦਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।