ਡਿਗਰੀਆਂ ਲੈ ਕੇ ਨੌਜਵਾਨ ਕਰ ਰਹੇ ਹਨ ਭਰਤੀ ਦੀ ਉਡੀਕ ਪਰ ਵਿਭਾਗ ਕਰ ਰਿਹਾ ਐ ਪੁੱਠੇ ਕੰਮ
-
ਕ੍ਰਿਸ਼ਨ ਕੁਮਾਰ ਨੇ ਚਾੜੇ੍ਹ ਆਦੇਸ਼, ਸੇਵਾਮੁਕਤ ਅਧਿਆਪਕਾਂ ਦੀ ਤਿਆਰ ਹੋਵੇ ਲਿਸਟ, ਲਿਆ ਜਾਵੇਗਾ ਕੰਮ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਸੇਵਾਮੁਕਤ ਹੋਏ ਅਧਿਆਪਕ ਮੁਫ਼ਤ ਵਿੱਚ ਪੜ੍ਹਾਈ ਕਰਵਾਉਂਦੇ ਹੋਏ ਦਿਖਾਈ ਦੇਣਗੇ। ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਰਿਟਾਇਰ ਅਧਿਆਪਕਾਂ ਨੂੰ ਨਾ ਹੀ ਕੋਈ ਮਾਣ ਭੱਤਾ ਦਿੱਤਾ ਜਾਵੇਗਾ ਅਤੇ ਨਾ ਹੀ ਕੋਈ ਖ਼ਰਚਾ ਪਾਣੀ ਦਿੱਤਾ ਜਾਵੇਗਾ। ਸਿੱਖਿਆ ਵਿਭਾਗ ਦੇ ਇਸ ਨਵੇਕਲੇ ਫੈਸਲੇ ਤੋਂ ਨਰਾਜ਼ ਹੁੰਦੇ ਹੋਏ ਅਧਿਆਪਕ ਯੂਨੀਅਨਾਂ ਨੇ ਸਿੱਖਿਆ ਵਿਭਾਗ ਨੂੰ ਸਲਾਹ ਦਿੱਤੀ ਹੈ ਕਿ ਇਹ ਡਰਾਮੇ ਅਤੇ ਪੁੱਠੇ ਕੰਮਾਂ ਨੂੰ ਛੱਡ ਕੇ ਸਿੱਖਿਆ ਵਿਭਾਗ ਨਵੀਂ ਭਰਤੀ ਦੇ ਇਸ਼ਤਿਹਾਰ ਕੱਢੇ ਤਾਂ ਕਿ ਡਿਗਰੀਆਂ ਲੈ ਕੇ ਬੇਰੁਜ਼ਗਾਰ ਘੁੰਮ ਰਹੇ ਨੌਜਵਾਨ ਭਰਤੀ ਰਾਹੀਂ ਨੌਕਰੀ ਹਾਸਲ ਕਰ ਸਕਣ।
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕ ਲਗਾਤਾਰ ਹੀ ਸੇਵਾ ਮੁਕਤ ਹੋ ਰਹੇ ਹਨ ਅਤੇ ਪਿਛਲੇ ਸਮੇਂ ਦੌਰਾਨ ਅਧਿਆਪਕਾਂ ਦੀ ਭਰਤੀ ਵੀ ਕੋਈ ਜ਼ਿਆਦਾ ਨਾ ਹੋਣ ਕਰਕੇ ਵੱਡੀ ਗਿਣਤੀ ਵਿੱਚ ਸਕੂਲ ਵੀ ਖਾਲੀ ਹੁੰਦੇ ਨਜ਼ਰ ਆ ਰਹੇ ਹਨ। ਦੇਸ਼ ਵਿੱਚ ਆਈ ਮਹਾਂਮਾਰੀ ਕਰਕੇ ਸਿੱਖਿਆ ਵਿਭਾਗ ਦਾ ਕੰਮ ਵੀ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਪੰਜਾਬ ਵਿੱਚ ਅਧਿਆਪਕਾਂ ਤੋਂ ਖਾਲੀ ਪਏ ਸਕੂਲਾਂ ਵਿੱਚ ਅਧਿਆਪਕ ਭੇਜਣ ਤੋਂ ਅਸਮਰਥ ਸਿੱਖਿਆ ਵਿਭਾਗ ਹੁਣ ਹੋਰ ਜ਼ਿਆਦਾ ਸਕੂਲ ਖਾਲੀ ਨਹੀਂ ਦੇਖਣਾ ਚਾਹੁੰਦਾ ਹੈ, ਜਿਸ ਕਰਕੇ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਸੇਵਾ ਮੁਕਤ ਹੋਣ ਵਾਲੇ ਅਧਿਆਪਕਾਂ ਤੋਂ ਹੀ ਕੰਮ ਲੈਣ ਦਾ ਫੈਸਲਾ ਕਰ ਲਿਆ ਹੈ।
ਕ੍ਰਿਸ਼ਨ ਕੁਮਾਰ ਵੱਲੋਂ ਪੰਜਾਬ ਭਰ ਦੇ ਜਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਉਨ੍ਹਾਂ ਦੇ ਜ਼ਿਲ੍ਹੇ ਵਿੱਚ ਰਿਟਾਇਰ ਹੋਣ ਵਾਲੇ ਅਧਿਆਪਕਾਂ ਦੀ ਲਿਸਟ ਬਣਾ ਕੇ ਮੁੱਖ ਦਫ਼ਤਰ ਵਿੱਚ ਭੇਜੀ ਜਾਵੇ, ਜਿਸ ਤੋਂ ਬਾਅਦ ਉਨ੍ਹਾਂ ਨਾਲ ਸੰਪਰਕ ਕਰਦੇ ਹੋਏ ਅਧਿਆਪਕਾਂ ਨੂੰ ਸਕੂਲ ਵਿੱਚ ਮੁੜ ਤੋਂ ਡਿਊਟੀ ਲਈ ਜਾਵੇਗੀ। ਇਸ ਲਈ ਕੋਈ ਵੀ ਮਾਣ ਭੱਤਾ ਨਹੀਂ ਦਿੱਤਾ ਜਾਵੇਗਾ। ਇਥੇ ਹੀ ਸਿੱਖਿਆ ਵਿਭਾਗ ਦਾ ਦਾਅਵਾ ਹੈ ਕਿ ਸੇਵਾ ਮੁਕਤ ਹੋ ਰਹੇ ਕਾਫ਼ੀ ਅਧਿਆਪਕਾਂ ਨੇ ਖ਼ੁਦ ਉਨ੍ਹਾਂ ਕੋਲ ਮੁਫ਼ਤ ’ਚ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਇੱਛਾ ਵੀ ਜ਼ਾਹਿਰ ਕੀਤੀ ਹੈ।
ਨਵੀਂ ਭਰਤੀ ਕਰਨ ਜਾਂ ਫਿਰ ਤਿਆਰ ਰਹਿਣਗੇ ਤਿੱਖੇ ਸੰਘਰਸ਼ ਲਈ
ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਪ੍ਰਧਾਨ ਵਿਕਰਮ ਦੇਵ ਨੇ ਕਿਹਾ ਕਿ ਸਿੱਖਿਆ ਵਿਭਾਗ ਨਵੀਂ ਭਰਤੀ ਨਾ ਕਰਦੇ ਹੋਏ ਡਿਗਰੀ ਪ੍ਰਾਪਤ ਨੌਜਵਾਨਾਂ ਨਾਲ ਸਿੱਧੇ ਤੌਰ ’ਤੇ ਧੱਕਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਕਾਫ਼ੀ ਮਹੀਨੇ ਤੋਂ ਕਹਿੰਦੇ ਆ ਰਹੇ ਹਨ ਕਿ ਜਲਦ ਹੀ ਭਰਤੀ ਕੀਤੀ ਜਾਵੇਗੀ ਪਰ ਹੁਣ ਉਨ੍ਹਾਂ ਦਾ ਸਿੱਖਿਆ ਵਿਭਾਗ ਸੇਵਾ ਮੁਕਤ ਅਧਿਆਪਕਾਂ ਨੂੰ ਮੁੜ ਤੋਂ ਡਿਊਟੀ ’ਤੇ ਰੱਖਣ ਦੇ ਆਦੇਸ਼ ਜਾਰੀ ਕਰਨ ਵਿੱਚ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਧੱਕੇਸ਼ਾਹੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਸਰਕਾਰ ਖ਼ਿਲਾਫ਼ ਜਲਦ ਹੀ ਵੱਡਾ ਸੰਘਰਸ਼ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਨੇ ਜਲਦ ਹੀ ਇਸ ਫੈਸਲੇ ਨੂੰ ਵਾਪਸ ਲੈਂਦੇ ਹੋਏ ਨਵੀਂ ਭਰਤੀ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਤਾਂ ਸਰਕਾਰ ਦੇ ਖ਼ਿਲਾਫ਼ ਵੱਡਾ ਸੰਘਰਸ਼ ਉਲੀਕਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।