ਜ਼ਮੀਨ ਵੇਚ ਕੇ ਲੜਕੀ ਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ ਕਿਸਾਨ
ਸੰਗਤ ਮੰਡੀ (ਮਨਜੀਤ ਨਰੂਆਣਾ)। ਮਾਨਸਿਕ (Mental Distress) ਪ੍ਰੇਸ਼ਾਨੀ ਦੇ ਚੱਲਦਿਆਂ ਪਿੰਡ ਮੀਆਂ ਦਾ ਇੱਕ ਹੋਰ ਅੰਨਦਾਤਾ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਅਨੁਸਾਰ ਗੁਰਬਿੰਦਰ ਸਿੰਘ (46) ਪੁੱਤਰ ਜਲੌਰ ਸਿੰਘ ਕੋਲ 2 ਏਕੜ ਜ਼ਮੀਨ ਸੀ। ਗੁਰਬਿੰਦਰ ਸਿੰਘ ਦੇ ਤਿੰਨ ਲੜਕੀਆਂ ਸਨ। ਉਹ ਵੱਡੀ ਲੜਕੀ ਨੂੰ ਆਈਲੈਟਸ ਕਰਵਾ ਕੇ ਵਿਦੇਸ਼ ਭੇਜਣਾ ਚਾਹੁੰਦਾ ਸੀ। ਉਸ ਨੇ ਲੜਕੀ ਦੀ ਫਾਇਲ ਵੀ ਲਗਾਈ ਜੋ ਕਿਸੇ ਵਜ੍ਹਾ ਕਾਰਨ ਵੀਜਾ ਰੀਫਿਊਜ਼ ਹੋ ਗਿਆ, ਜਿਸ ਕਾਰਨ ਕਿਸਾਨ ਉਸ ਸਮੇਂ ਤੋਂ ਹੀ ਪ੍ਰੇਸ਼ਾਨੀ ‘ਚ ਰਹਿੰਦਾ ਸੀ। ਅੱਜ ਸਵੇਰੇ ਉਸ ਨੇ ਖ਼ੇਤ ‘ਚ ਦਰੱਖਤ ਨਾਲ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਪਿੰਡ ਦੇ ਸਰਪੰਚ ਹਰਮੇਲ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨ ਕੋਲ 2 ਏਕੜ ਜ਼ਮੀਨ ਸੀ, ਜੋ ਉਸ ਨੇ ਲੜਕੀ ਨੂੰ ਵਿਦੇਸ਼ ਭੇਜਣ ਲਈ ਸਾਰੀ ਵੇਚ ਦਿੱਤੀ ਸੀ, ਹੁਣ ਕਿਸਾਨ ਪਿੰਡ ‘ਚ ਕਿਸੇ ਦੂਸਰੇ ਕਿਸਾਨ ਦੀ ਜ਼ਮੀਨ ਠੇਕੇ ‘ਤੇ ਲੈ ਕੇ ਵਾਹੀ ਕਰਦਾ ਸੀ। ਥਾਣਾ ਸਦਰ ਦੀ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਹਾਰਾ ਵਰਕਰਾਂ ਦੀ ਸਹਾਇਤਾ ਨਾਲ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪਿੰਡ ਵਾਸੀਆਂ ਵੱਲੋਂ ਸਰਕਾਰ ਤੋਂ ਕਿਸਾਨ ਦੇ ਪਰਿਵਾਰ ਲਈ ਸਰਕਾਰੀ ਨੌਕਰੀ ਤੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।