ਪਹਾੜਾਂ ‘ਚ ਭਾਰੀ ਵਰਖਾ ਕਾਰਨ ਭਾਖੜਾ ‘ਚ ਪਾਣੀ ਦਾ ਪੱਧਰ ਵਧਿਆ

Rainfall, Hills, Water, Bhakra, Increased

ਹਰ ਸਾਲ ਸਤੰਬਰ ਮਹੀਨੇ ਹੁੰਦੈ ਪਾਣੀ ਦਾ ਪੱਧਰ ਸਭ ਤੋਂ ਉੱਚਾ

ਲੁਧਿਆਣਾ, ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼

ਹਿਮਾਚਲ ਪ੍ਰਦੇਸ਼ ਦੇ ਇਲਾਕਿਆਂ ‘ਚ ਹੋ ਰਹੀ ਵਾਧੂ ਬਰਸਾਤ ਕਾਰਨ ਸਤਲੁਜ ਤੇ ਬਿਆਸ ਦਰਿਆਵਾਂ ‘ਚ ਪਾਣੀ ਦਾ ਵਹਾਅ ਕਾਫੀ ਵਧਿਆ ਹੋਇਆ ਹੈ। ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ‘ਚ ਪਾਣੀ ਦਾ ਪੱਧਰ ਦਿਨੋਂ-ਦਿਨ ਵਧ ਰਿਹਾ ਹੈ। ਅਜੇ ਵੀ ਹਿਮਾਚਲੀ ਖੇਤਰ ‘ਚ ਬਰਸਾਤ ਦੀ ਹੋਰ ਭਵਿੱਖਬਾਣੀ ਕੀਤੀ ਜਾ ਰਹੀ ਹੈ, ਜਿਸ ਕਾਰਨ ਗੋਬਿੰਦ ਸਾਗਰ ਝੀਲ ‘ਚ ਹਰ ਰੋਜ ਪਾਣੀ ਆ ਰਿਹਾ ਹੈ ਤੇ ਇਸ ਦਾ ਪੱਧਰ ਉੱਚਾ ਹੋ ਰਿਹਾ ਹੈ।

2 ਜੂਨ 2018 ਨੂੰ ਭਾਖੜਾ ਦਾ ਪਾਣੀ ਪੱਧਰ 1494.35 ਫੁੱਟ ਸੀ ਤੇ 26 ਜੂਨ 2018 ਨੂੰ ਇਹ 1494.35 ਫੁੱਟ ਸੀ, ਜਿਸ ਕਾਰਨ ਰਾਜਸਥਾਨ ਵਿੱਚ ਇਹ ਚਿੰਤਾ ਹੋਣ ਲੱਗੀ ਸੀ ਕਿ ਖੇਤੀਬਾੜੀ ਤਾਂ ਛੱਡੋ ਪੀਣ ਲਈ ਵੀ ਪਾਣੀ ਮਿਲਣਾ ਮੁਸ਼ਕਲ ਹੋ ਜਾਵੇਗਾ। ਉਸ ਸਮੇਂ ਪੰਜਾਬ ਤੇ ਰਾਜਸਥਾਨ ਦੀਆਂ ਨਹਿਰਾਂ ਵਿੱਚ ਬਹੁਤ ਹੀ ਘੱਟ ਪਾਣੀ ਛੱਡਿਆ ਜਾ ਰਿਹਾ ਸੀ। ਪਰ ਸਤੰਬਰ ਮਹੀਨੇ ਦੇ ਸ਼ੁਰੂ ‘ਚ ਹੀ ਪਾਣੀ ਦਾ ਪੱਧਰ ਖਤਰੇ ਵੱਲ ਵਧਣਾ ਸ਼ੁਰੂ ਹੋ ਗਿਆ ਹੈ। ਜੇਕਰ ਅਜੇ ਪਹਾੜੀ ਇਲਾਕੇ ਵਿੱਚ ਬਾਰਸ਼ਾਂ ਨਾ ਹਟੀਆਂ ਤਾਂ ਪੰਜਾਬ ਲਈ ਖਤਰਾ ਪੈਦਾ ਹੋ ਸਕਦਾ ਹੈ। ਭਾਖੜਾ ਡੈਮ ਵਿੱਚ ਪਾਣੀ ਦਾ ਸਭ ਤੋਂ ਉੱਚਾ ਪੱਧਰ 1680 ਮਿਥਿਆ ਗਿਆ ਹੈ। ਇਸ ਤੋਂ ਵੱਧ ਪਾਣੀ ਖਤਰੇ ਦੀ ਘੰਟੀ ਹੈ ਤੇ 1680 ਫੁੱਟ ਤੋਂ ਵੱਧ ਪਾਣੀ ਹੋ ਜਾਣ ‘ਤੇ ਇਸ ਨੂੰ ਛੱਡਣਾ ਪੈਂਦਾ ਹੈ ਜਿਸ ਨਾਲ ਪੰਜਾਬ ‘ਚ ਹੜ੍ਹ ਦਾ ਖਤਰਾ ਪੈਦਾ ਹੋ ਜਾਂਦਾ ਹੈ। ਪਰ ਅਜੇ ਤਾਂ ਇਹ ਪੱਧਰ ਸਿਰਫ਼ 1642 ਫੁੱਟ ਤੱਕ ਹੀ ਅੱਪੜਿਆ ਹੈ। ਇਸ ਦਾ ਕਾਰਨ ਇਹ ਹੈ ਕਿ ਜਦੋਂ ਵੀ ਪੰਜਾਬ ‘ਚ ਹੜ੍ਹ ਆਏ ਹਨ ਜਾਂ ਭਾਖੜਾ ‘ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ‘ਤੇ ਅੱਪੜਿਆ ਹੈ ਉਹ ਸਤੰਬਰ ਦੇ ਮਹੀਨੇ ‘ਚ ਹੀ ਗੋਬਿੰਦ ਸਾਗਰ ਝੀਲ ਦੇ ਪਾਣੀ ਦਾ ਪੱਧਰ ਸਭ ਤੋਂ ਉੱਚਾ ਰਿਹਾ ਹੈ। ਇਸ ਸਮੇਂ ਹਿਮਾਚਲ ਦੀਆਂ ਪਹਾੜੀਆਂ ‘ਤੇ ਵਰਖਾ ਹੋ ਰਹੀ ਹੈ ਤੇ ਭਾਖੜਾ ‘ਚ ਪਾਣੀ ਦਾ ਪੱਧਰ ਹਰ ਰੋਜ਼ ਵਧ ਰਿਹਾ ਹੈ। ਜੇਕਰ ਆਪਣੇ ਸਹੀ ਸਮੇਂ ‘ਤੇ ਪਹਾੜਾਂ ‘ਚ ਬਰਸਾਤ ਰੁਕ ਜਾਵੇ ਤਾਂ ਹੜ੍ਹ ਦਾ ਖਤਰਾ ਘਟ ਸਕਦਾ ਹੈ ਪ੍ਰੰਤੂ ਅਗਸਤ ਮਹੀਨੇ ਦੀ ਵਰਖਾ ਪੰਜਾਬ ‘ਚ ਸਤਲੁਜ ਤੇ ਬਿਆਸ ਦਰਿਆ ਦੀ ਮਾਰ ਹੇਠ ਆਉਂਦੇ ਇਲਾਕੇ ਲਈ ਖਤਰਨਾਕ ਸਿੱਧ ਹੋ ਸਕਦੀ ਹੈ।

ਪੰਜਾਬ ‘ਚ ਜਦੋਂ 1988-89 ‘ਚ ਹੜ੍ਹ ਆਏ ਤਾਂ ਉਹ ਸਤੰਬਰ ਦਾ ਮਹੀਨਾ ਸੀ ਤੇ ਉਸ ਸਮੇਂ ਭਾਵ 15 ਸਤੰਬਰ 1988 ਨੂੰ ਭਾਖੜਾ ‘ਚ ਪਾਣੀ ਦਾ ਪੱਧਰ 1687.55 ਫੁੱਟ ਸੀ ਜੋ ਖਤਰਨਾਕ ਸਥਿੱਤੀ ਸੀ ‘ਤੇ ਇਸ ਤੋਂ ਵੱਧ ਆ ਰਹੇ ਪਾਣੀ ਨੂੰ ਸਤਲੁਜ ਦਰਿਆ ‘ਚ ਛੱਡਿਆ ਜਾ ਰਿਹਾ ਸੀ ਜੋ ਪੰਜਾਬ ‘ਚ ਹੜ੍ਹਾਂ ਦਾ ਕਾਰਨ ਬਣਿਆ ਉਸ ਸਮੇਂ ਪੰਜਾਬ ‘ਚ ਬਹੁਤ ਭਾਰੀ ਮਾਲੀ ਤੇ ਜਾਨੀ ਨੁਕਸਾਨ ਵੀ ਹੋਇਆ। 1991-92 ‘ਚ ਪੰਜਾਬ ਦੇ ਕਈ ਇਲਾਕਿਆਂ ‘ਚ ਆਏ ਹੜ੍ਹ ਦਾ ਕਾਰਨ ਵੀ ਭਾਖੜੇ ਦਾ ਪਾਣੀ ਸੀ ਉਸ ਸਾਲ 15 ਸਤੰਬਰ 1991 ਵਾਲੇ ਦਿਨ ਭਾਖੜੇ ‘ਚ ਪਾਣੀ ਦਾ ਪੱਧਰ 1680.57 ਫੁੱਟ ਸੀ। ਇਸੇ ਤਰ੍ਹਾਂ 27 ਸਤੰਬਰ 2006 ਵਾਲੇ ਦਿਨ ਵੀ ਭਾਖੜੇ ‘ਚ ਪਾਣੀ ਦਾ ਪੱਧਰ 1981.4 ਫੁੱਟ ਸੀ। ਇਨ੍ਹਾਂ ਅੰਕਿੜਾਂ ਤੋਂ ਸਿੱਧ ਹੁੰਦਾ ਹੈ ਕਿ ਭਾਖੜੇ ‘ਚ ਹਰ ਸਾਲ ਸਤੰਬਰ ਦੇ ਮਹੀਨੇ ‘ਚ ਪਾਣੀ ਦਾ ਪੱਧਰ ਸਾਰੇ ਸਾਲ ਨਾਲੋਂ ਉੱਚਾ ਹੁੰਦਾ ਹੈ। ਜੇਕਰ ਉਨ੍ਹਾਂ ਦਿਨਾਂ ‘ਚ ਪਹਾੜਾਂ ‘ਤੇ ਵਰਖਾ ਹੋ ਜਾਵੇ ਤਾਂ ਪੰਜਾਬ ਲਈ ਭਾਰੀ ਖਤਰੇ ਦਾ ਸਬੱਬ ਬਣ ਜਾਂਦਾ ਹੈ ਕਿਉਂਕਿ ਉਨ੍ਹਾਂ ਦਿਨਾਂ ‘ਚ ਗੋਬਿੰਦ ਸਾਗਰ ਝੀਲ ਆਪਣੇ ਪੂਰੇ ਉਫਾਨ ‘ਤੇ ਹੁੰਦੀ ਹੈ ਤੇ ਜੇਕਰ ਉਸ ‘ਚ ਹੋਰ ਪਾਣੀ ਆਉਂਦਾ ਹੈ ਤਾਂ ਵਾਧੂ ਪਾਣੀ ਸਤਲੁਜ ਦਰਿਆ ‘ਚ ਛੱਡਿਆ ਜਾਂਦਾ ਹੈ ਜੋ ਪੰਜਾਬ ਦੇ ਮੈਦਾਨੀ ਇਲਾਕਿਆਂ ‘ਚ ਧੁੱਸੀ ਬੰਨ੍ਹ ਨੂੰ ਤੋੜਦਾ ਹੋਇਆ ਤਬਾਹੀ ਮਚਾ ਸਕਦਾ ਹੈ।

ਇਸ ਸਮੇਂ ਭਾਖੜਾ ਤੇ ਪੋਂਗ ਡੈਮ ‘ਚ ਪਾਣੀ ਖਤਰੇ ਦੇ ਨੇੜੇ ਤੇੜੇ ਹੋਣ ਨੂੰ ਫਿਰ ਰਿਹਾ ਹੈ ਪਰ ਇਸ ਸਮੇਂ ਭਾਖੜਾ, ਦੇਹਰ ਤੇ ਪੋਂਗ ਡੈਮ ਤੋਂ ਬਿਜਲੀ ਦਾ ਭਰਪੂਰ ਉਤਪਾਦਨ ਹੋ ਰਿਹਾ ਹੈ। ਇਸ ਸਮੇਂ ਭਾਖੜਾ ਤੋਂ 1529.19 ਲੱਖ ਯੂਨਿਟ ਤੇ ਪੋਂਗ ਡੈਮ ਤੋਂ 356.32 ਲੱਖ ਯੂਨਿਟ ਬਿਜਲਾ ਦਾ ਉਤਪਾਦਨ ਹੋ ਰਿਹਾ ਹੈ ਜਿਹੜਾ ਆਉਂਦੇ 10 ਦਿਨਾਂ ਤੱਕ ਹੋ ਵੀ ਵਧੇਗਾ। ਇਸ ਸਮੇਂ ਡੈਮ ‘ਚ ਪਾਣੀ ਦੀ ਸਥਿੱਤੀ ਸਬੰਧੀ ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀਬੀਐੱਮਬੀ) ਦੇ ਅਧਿਕਾਰੀ ਕਹਿ ਰਹੇ ਹਨ ਕਿ ਅਜੇ ਡੈਮ ਤੇ  ਸਤਲੁਜ ਨੇੜੇ ਵਸਦੇ ਲੋਕਾਂ ਨੂੰ ਕੋਈ ਖਤਰਾ ਨਹੀਂ ਹੈ। ਪੰ੍ਰਤੂ ਇਹ ਸਾਰੀ ਸਥਿੱਤੀ ਆਉਣ ਵਾਲੇ ਦਿਨਾਂ ‘ਚ ਹੋਣ ਵਾਲੀਆਂ ਬਾਰਸ਼ਾਂ ‘ਤੇ ਨਿਰਭਰ ਕਰਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।