ਡੀਐਸਪੀ ਫਿਰੋਜਪੁਰ ਦਲਜੀਤ ਢਿੱਲੋਂ ਬਰਖਾਸਤ

DSP, Ferozepur, Dismiss

ਡੀਐਸਪੀ ਦੀਆਂ ਨਜਾਇਜ਼ ਅਤੇ ਭ੍ਰਿਸ਼ਟ ਗਤੀਵਿਧੀਆਂ ‘ਚ ਦੋਸ਼ੀ ਪਾਇਆ ਗਿਆ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਲਡ਼ਕੀ ਨੂੰ ਨਸ਼ੇਡ਼ੀ ਬਣਾਉਣ ਦੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਗ੍ਰਹਿ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਫਿਰੋਜ਼ਪੁਰ ਡੀਐਸਪੀ ਦਲਜੀਤ ਢਿੱਲੋਂ ਅਤੇ ਇਕ ਹੈੱਡ ਕਾਂਸਟੇਬਲ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਢਿੱਲੋਂ ਦੇ ਬਰਖਾਸਤੀ ਨਿਰਦੇਸ਼ ਆਈ.ਪੀ.ਐਸ ਅਨੀਤਾ ਪੁੰਜ ਡਾਇਰੈਕਟਰ, ਪੰਜਾਬ ਪੁਲਿਸ ਅਕੈਡਮੀ, ਫਿਲੌਰ ਦੀ ਜਾਇਜ਼ ਪਡ਼ਤਾਲ ਅਤੇ ਪੀਡ਼ਤ ਮਹਿਲਾ ਦੇ ਬਿਆਨਾਂ ਤੋਂ ਬਾਅਦ ਦਿੱਤੇ ਗਏ।

ਤਰਨਤਾਰਨ ‘ਚ ਤਾਇਨਾਤੀ ਮੌਕੇ ਡੀਐਸਪੀ ਦੀਆਂ ਨਜਾਇਜ਼ ਅਤੇ ਭ੍ਰਿਸ਼ਟ ਗਤੀਵਿਧੀਆਂ ‘ਚ ਦੋਸ਼ੀ ਪਾਇਆ ਗਿਆ। ਇਸ ਤੋਂ ਪਹਿਲਾਂ ਮੋਗਾ ਐਸ.ਐਸ.ਪੀ ਰਾਜਜੀਤ ਸਿੰਘ ਦਾ ਮੋਹਾਲੀ ‘ਚ ਤਬਾਦਲਾ ਕਰ ਦਿੱਤਾ ਗਿਆ। ਰਾਜਜੀਤ ਸਿੰਘ ਦਾ ਤਬਾਦਲਾ ਕਰਨ ਦੇ ਨਾਲ ਹੀ ਉਨ੍ਹਾਂ ਖ਼ਿਲਾਫ਼ ਧਾਰਾ 311 ਤਹਿਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਜਾਏਗਾ। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਗ੍ਰਹਿ ਸਕੱਤਰ ਐਨ.ਐਸ. ਕਲਸੀ ਨੂੰ ਇਸ ਸਬੰਧੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਰਾਜਜੀਤ ਸਿੰਘ ਖ਼ਿਲਾਫ਼ ਐਸ.ਟੀ.ਐਫ. ਦੀ ਰਿਪੋਰਟ ਨੂੰ ਆਧਾਰ ਬਣਾਉਂਦੇ ਹੋਏ ਕਾਰਵਾਈ ਕੀਤੀ ਜਾਏਗੀ ਅਤੇ ਰਾਜਜੀਤ ਸਿੰਘ ਨੂੰ ਮੁਅੱਤਲ ਕਰਨ ਦੀ ਕਾਰਵਾਈ ਦੀ ਸਾਰੀ ਫਾਈਲ ਤਿਆਰ ਕਰਦੇ ਹੋਏ ਗ੍ਰਹਿ ਸਕੱਤਰ ਮੁੱਖ ਮੰਤਰੀ ਤੋਂ ਪ੍ਰਵਾਨਗੀ ਲਈ ਜਾਏਗੀ। (DSP Ferozepur)