ਮਨੋਰੰਜਨ ਦੇ ਨਾਂਅ ’ਤੇ ਹੋ ਰਿਹੈ ਨਸ਼ਿਆਂ ਦਾ ਪ੍ਰਚਾਰ

Sangrur News

ਮਨੋਰੰਜਨ ਦੇ ਨਾਂਅ ’ਤੇ ਹੋ ਰਿਹੈ ਨਸ਼ਿਆਂ ਦਾ ਪ੍ਰਚਾਰ

ਪੰਜਾਬ ਦੀ ਧਰਤੀ ਜਿਸਨੂੰ ਪੰਜਾਂ ਦਰਿਆਵਾਂ ਦੀ ਧਰਤੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਇਸ ’ਤੇ ਹੁਣ ਨਸ਼ਿਆਂ ਦੇ ਦਰਿਆ ਵਗਣ ਲੱਗ ਪਏ ਹਨ। ਆਏ ਦਿਨ ਨਸ਼ਿਆਂ ਦੀ ਤਸਕਰੀ ਰੋਕਣ ਤੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਲੋਕਾਂ ਦੀ ਲਗਾਮ ਕੱਸਣ ਦਾ ਦਾਅਵਾ ਕੀਤਾ ਜਾਂਦਾ ਹੈ ਪ੍ਰੰਤੂ ਨਸ਼ਿਆਂ ਦਾ ਦਰਿਆ ਸਾਡੀ ਨੌਜਵਾਨੀ ਨੂੰ ਰੋੜ੍ਹ ਕੇ ਖਾਤਮੇ ਵੱਲ ਲਿਜਾ ਰਿਹਾ ਹੈ । ਨਸ਼ਿਆਂ ਨਾਲ ਜੁੜੇ ਤਸਕਰਾਂ ਨੂੰ ਫੜ ਕੇ ਨਸ਼ਿਆਂ ਦੀ ਵੱਡੀ ਖੇਪ ਫੜਨ ਦੇ ਦਾਅਵੇ ਦੀਆਂ ਖਬਰਾਂ ਨਿੱਤ ਦਿਨ ਅਖਬਾਰੀ ਸੁਰਖੀਆਂ ਬਣਦੀਆਂ ਹਨ ।

ਬਹੁਤ ਸਾਰੇ ਨਸ਼ਾ ਤਸਕਰ ਫੜੇ ਜਾਣ ਦੇ ਬਾਵਜੂਦ ਵੀ ਨਸ਼ਿਆਂ ਦੇ ਕੋਹੜ ਤੋਂ ਮੁਕਤੀ ਨਹੀਂ, ਇਸ ਪਿੱਛੇ ਕਿਹੜੇ ਕਾਰਨ ਹਨ? ਨਸ਼ਿਆਂ ਦੀ ਰੋਕਥਾਮ ਲਈ ਠੋਸ ਯਤਨਾਂ ਦੀ ਹਾਲੇ ਵੀ ਉਡੀਕ ਹੀ ਬਣੀ ਹੋਈ ਹੈ। ਅੱਜ ਜਿੱਥੇ ਨਸ਼ਿਆਂ ਦੀ ਤਸਕਰੀ ਨਾਲ ਜੁੜੇ ਵੱਡੇ ਮਗਰਮੱਛਾਂ ਨੂੰ ਕਾਬੂ ਕਰਨ ਲਈ ਠੋਸ ਉਪਰਾਲੇ ਕਰਨ ਦੀ ਲੋੜ ਹੈ, ਉੱਥੇ ਹੀ ਨਸ਼ਿਆਂ ਦੇ ਇਸ ਕਾਰੋਬਾਰ ਨੂੰ ਪ੍ਰਫੁੱਲਤ ਕਰਨ ਵਾਲੀਆਂ ਸਾਜਿਸ਼ੀ ਧਿਰਾਂ ਨੂੰ ਨੰਗਾ ਕਰਨ ਦੀ ਲੋੜ ਹੈ।

ਅੱਜ ਟੀ.ਵੀ. ਤੇ ਫਿਲਮਾਂ ਦੇ ਪ੍ਰਭਾਵ ਹੇਠ ਆ ਕੇ ਨਵੀਂ ਪੀੜ੍ਹੀ ਨਸ਼ਿਆਂ ਦੀ ਦਲਦਲ ਵਿਚ ਧਸਦੀ ਜਾ ਰਹੀ ਹੈ। ਕੀ ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਨੂੰ ਫੜ ਕੇ ਜੇਲ੍ਹਾਂ ਵਿਚ ਡੱਕਣ ਨਾਲ ਨਸ਼ਿਆਂ ਦਾ ਕਾਰੋਬਾਰ ਰੁਕ ਸਕੇਗਾ? ਨਹੀਂ, ਇਹ ਸਭ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਅਸੀਂ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੀਆਂ ਸਾਰੀਆਂ ਸਾਜਿਸ਼ੀ ਧਿਰਾਂ ਦੀ ਪਹਿਚਾਣ ਨਹੀਂ ਕਰ ਲੈਂਦੇ। ਸਾਡੀ ਬਦਕਿਸਮਤੀ ਹੈ ਕਿ ਅਸੀਂ ਨਸ਼ਿਆਂ ਦੇ ਘਰ-ਘਰ ਹੁੰਦੇ ਪ੍ਰਚਾਰ ਬਾਰੇ ਹਾਲੇ ਤੱਕ ਵੀ ਅਣਜਾਣ ਹਾਂ।

ਸਾਡੀਆਂ ਅੱਖਾਂ ਨਿੱਤ ਦਿਨ ਟੈਲੀਵਿਜ਼ਨਾਂ ’ਤੇ ਹੱਥਾਂ ’ਚ ਸ਼ਰਾਬ ਦੀਆਂ ਬੋਤਲਾਂ ’ਚੋਂ ਪੈਗ ਲਾਉਣ ਦੇ ਦ੍ਰਿਸ਼ਾਂ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਇ ਨਜ਼ਾਰੇ ਨਾਲ ਦੇਖਦੀਆਂ ਹਨ। ਟੀ. ਵੀ. ’ਤੇ ਅਜਿਹੇ ਦ੍ਰਿਸ਼ ਆਮ ਦੇਖੇ ਜਾ ਸਕਦੇ ਹਨ ਪ੍ਰੰਤੂ ਅਸੀਂ ਪੂਰੇ ਪਰਿਵਾਰ ਸਮੇਤ ਮੂਕ ਦਰਸ਼ਕ ਬਣ ਕੇ ਦੇਖਦੇ ਰਹਿੰਦੇ ਹਾਂ। ਬਿਨਾਂ ਸ਼ੱਕ ਅੱਜ ਦਾ ਨੌਜਵਾਨ ਵਰਗ ਫਿਲਮਾਂ ਤੇ ਟੀ. ਵੀ. ਦੀ ਗਲੈਮਰ ਦੇ ਮਾਰੂ ਪ੍ਰਭਾਵ ਹੇਠ ਹੈ ਪੱਛਮੀ ਮੁਲਕਾਂ ਦੀ ਦੇਖਾ-ਦੇਖੀ ਉਹ ਕੁਝ ਕਰ ਰਿਹਾ ਜਿਸ ਨਾਲ ਸਾਡੇ ਸੱਭਿਆਚਾਰ ਦਾ ਦੂਰ-ਦੂਰ ਤੱਕ ਵੀ ਵਾਹ-ਵਾਸਤਾ ਨਹੀਂ।

ਇਸ ਲਈ ਕੌਣ ਜਿਮੇਵਾਰ ਹੈ? ਇਸ ਸਵਾਲ ਦਾ ਜਵਾਬ ਹੈ ਸਾਡੇ ਅੱਜ ਦੇ ਫਿਲਮੀ ਹੀਰੋ ਤੇ ਪੰਜਾਬੀ ਗਾਇਕ। ਪੰਜਾਬੀ ਫਿਲਮਾਂ ਦੀ ਚਰਚਾ ਕਰੀਏ ਤਾਂ ਅਜੋਕੀਆਂ ਪੰਜਾਬੀ ਫਿਲਮਾਂ ’ਚੋਂ ਨਸ਼ਿਆਂ ਵਰਗੇ ਗੰਭੀਰ ਮੁੱਦੇ ਗਾਇਬ ਹਨ, ਦੋ ਸਾਲ ਪਹਿਲਾਂ ਇੱਕ ਮਸ਼ਹੂਰ ਗਾਇਕ ਅਤੇ ਅਦਾਕਾਰ ਨੇ ਨਾਨਕਸਰ ਦੀ ਧਰਤੀ ’ਤੇ ਪ੍ਰੈਸ ਵਾਰਤਾ ਦੌਰਾਨ ਨਸ਼ਿਆਂ ’ਤੇ ਇੱਕ ਫਿਲਮ ਬਣਾਉਣ ਦੀ ਗੱਲ ਕੀਤੀ ਸੀ, ਅਜੇ ਤੱਕ ਫਿਲਮ ਦੇ ਬਣਨ ਦੀ ਉੱਘ-ਸੁੱਘ ਨਹੀਂ। ਪੰਜਾਬੀ ਫਿਲਮਾਂ ਨੂੰ ਛੱਡ ਕੇ ਜੇਕਰ ਗੱਲ ਅਜੋਕੇ ਗੀਤ-ਸੰਗੀਤ ਦੀ ਕਰੀਏ ਤਾਂ ਅੱਜ ਦੇ ਗਾਇਕਾਂ ਨੇ ਕਰਜ਼ੇ ਦੇ ਬੋਝ ਥੱਲੇ ਆਏ ਕਿਸਾਨ ਨੂੰ ਲਲਕਾਰੇ ਮਾਰਦਾ ਦਿਖਾ ਕੇ ਨਵੀਂ ਪੀੜ੍ਹੀ ’ਤੇ ਇਸ ਤਰਾਂ ਦਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਕਿ ਦਹੀਂ, ਦੁੱਧ ਤੇ ਮੱਖਣਾਂ ਦੇ ਸ਼ੌਕੀਨ ਮੁੰਡੇ ਗਾਇਕ ਤੇ ਮਾਡਲ ਮੁੰਡਿਆਂ ਦੇ ਅਦਾਕਾਰੀ ਪ੍ਰਭਾਵ ਨਾਲ ਨਸ਼ੇ ਦੇ ਸ਼ੌਕੀਨ ਹੋ ਗਏ।

ਕਈ ਗਾਇਕ ਤੇ ਗੀਤਕਾਰਾਂ ਬਾਰੇ ਤਾਂ ਦੰਦ ਕਥਾ ਸੀ ਕਿ ਉਹ ਲਿਖਣ-ਗਾਉਣ ਵੇਲੇ ਕੌੜੇ ਪਾਣੀ ਦਾ ਘੁੱਟ ਪੀਤੇ ਬਿਨਾਂ ਸਟੇਜ ’ਤੇ ਨਹੀਂ ਚੜ੍ਹਦੇ। ਬਦਕਿਸਮਤੀ ਕਿ ਨਸ਼ਿਆਂ ਦੇ ਪ੍ਰਭਾਵ ਵਾਲੇ ਗੀਤ ਲਿਖਦੇ ਗਾਉਂਦੇ ਸਾਡੇ ਸੱਭਿਆਚਾਰ ਦੇ ਇਹ ਮਾਣਮੱਤੇ ਕਲਾਕਾਰ ਖੁਦ ਨਸ਼ਿਆਂ ਦੀ ਲਤ ਲਾ ਬੈਠੇ। ਇੱਥੋਂ ਤੱਕ ਕਿ ਕਈਆਂ ਦੇ ਘਰ ਵੀ ਤਬਾਹ ਹੋ ਗਏ ਪ੍ਰੰਤੂ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਸਿੱਖਿਆ ਲੈ ਕੇ ਇਨ੍ਹਾਂ ਤੋਂ ਬਚਣ ਦੀ ਬਜਾਇ ਸਾਡੀ ਨਵੀਂ ਪੀੜ੍ਹੀ ਦੇ ਗਾਇਕ ਵੀਰ ਇਨ੍ਹਾਂ ਹੀ ਰਾਹਾਂ ’ਤੇ ਤੁਰਨ ਲਈ ਕਾਹਲੇ ਪੈ ਰਹੇ ਨੇ।

ਟੀ. ਵੀ. ਚੈਨਲਾਂ ’ਤੇ ਚੱਲਦੇ ਅੱਜ ਬਹੁਤ ਸਾਰੇ ਗੀਤਾਂ ਵਿਚ ਸ਼ਰਾਬ ਤੇ ਹੋਰਨਾਂ ਨਸ਼ਿਆਂ ਵਿਚ ਟੁੰਨ ਹੋਣ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ। ਨਸ਼ੇ ਦੇ ਸਰੂਰ ਦੇ ਨਜ਼ਾਰੇ ਲੈਣ ਦੇ ਢੰਗ-ਤਰੀਕੇ ਦੱਸਣ ਵਾਲੇ ਨਸ਼ੇ ਦੇ ਇਨ੍ਹਾਂ ਪ੍ਰਚਾਰਕਾਂ ਨੂੰ ਕਦੇ ਕਿਸੇ ਸੰਸਥਾ ਨੇ ਨਸ਼ਿਆਂ ਨੂੰ ਪ੍ਰਫੁੱਲਤ ਕਰਨ ਵਾਲੇ ਇਨ੍ਹਾਂ ਗੀਤਾਂ ਤੋਂ ਨਹੀਂ ਵਰਜਿਆ, ਕਿਉਂ? ਨਿੱਕੇ ਨਿਆਣਿਆਂ ਤੋਂ ਲੈ ਕੇ ਸਿਆਣੇ-ਬਿਆਣੇ ਬੰਦੇ ਵਿਆਹਾਂ ’ਚ ਨਸ਼ੇ ਵਾਲੇ ਗੀਤਾਂ ’ਤੇ ਨੱਚਦੇ ਦੇਖੇ ਨੇ। ਦਿੱਲੀ ਦੀ ਇਕ ਹੋਰ ਗਾਇਕ ਬੀਬੀ ਨੇ ਇੱਕ ਗੀਤ ਗਾ ਕੇ ਪੰਜਾਬ ਦੇ ਲੋਕਾਂ ਨੂੰ ਹੈਰਾਨੀ ’ਚ ਪਾ ਦਿੱਤਾ ਹੈ ਕਹਿੰਦੀ, ਮੈਂ ਬੀਅਰ ਵੀ ਪੀਨੀ ਆਂ ਤੇ ਸੂਟਾ ਵੀ ਲਾਨੀ ਆਂ!

ਨਸ਼ੇ ਦੀ ਇਸ ਪ੍ਰਚਾਰਕ ਖਿਲਾਫ ਕਿਸੇ ਨੇ ਕੋਈ ਅਵਾਜ਼ ਬੁਲੰਦ ਨਹੀਂ ਕੀਤੀ ਪਿਛਲੇ ਵਰ੍ਹੇ ਇੱਕ ਪੰਜਾਬੀ ਟੀ. ਵੀ. ਚੈਨਲ ਨੇ ਸੰਗੀਤ ਦਾ ਇੱਕ ਮਹਾਂਮੁਕਾਬਲਾ ਕਰਵਾਇਆ। ਬੜੇ ਹੀ ਅਫਸੋਸ ਦੀ ਗੱਲ ਕਿ ਇਸ ਰੀਅਲਟੀ ਸ਼ੋਅ ਦਾ ਮੁੱਖ ਸਪਾਂਸਰ ਸ਼ਰਾਬ ਦੀ ਇੱਕ ਕੰਪਨੀ ਸੀ। ਯੁਵਾ ਪੀੜ੍ਹੀ ਨੂੰ ਸੰਗੀਤ ਦੇ ਜਨੂੰਨ ਦੇ ਨਾਲ-ਨਾਲ ਵਿਸਕੀ ਦੇ ਨਜ਼ਾਰੇ ਮੁਫਤ। ਵਾਹ! ਉਏ ਸੰਗੀਤ ਦੇ ਮਹਾਨ ਪ੍ਰਚਾਰਕੋ ਨਹੀਂ ਰੀਸਾਂ। ਪੰਜਾਬੀ ਸੰਗੀਤ ਨੂੰ ਸ਼ਰਾਬ ਦੀ ਇੱਕ ਕੰਪਨੀ ਵੱਲੋਂ ਸਪਾਂਸਰ ਕਰਕੇ ਪ੍ਰਮੋਟ ਕੀਤਾ ਜਾ ਰਿਹਾ ਹੈ ਤੇ ਨਸ਼ਿਆਂ ਖਿਲਾਫ ਬੋਲਣ ਵਾਲੇ ਖਾਮੋਸ਼ ਹਨ।

ਹੈਰਾਨੀ ਦੀ ਗੱਲ ਹੈ ਕਿ ਅੱਜ ਨਸ਼ਿਆਂ ਦੇ ਵਿਉਪਾਰ ਨੂੰ ਰੋਕਣ ਲਈ ਅਖਬਾਰੀ ਬਿਆਨਬਾਜੀ ਤੋਂ ਸਿਵਾਏ ਕੱਖ ਨਹੀਂ ਹੋ ਰਿਹਾ। ਨਸ਼ਿਆਂ ਦੇ ਤਸਕਰਾਂ ਦੇ ਨਾਲ-ਨਾਲ ਨਸ਼ਿਆਂ ਦੇ ਪ੍ਰਚਾਰ ’ਚ ਜੁਟੀਆਂ ਉਨ੍ਹਾਂ ਸਾਜਿਸ਼ੀ ਧਿਰਾਂ ਨੂੰ ਕੌਣ ਪਛਾਣੂ, ਜਿਹੜੀਆਂ ਸੰਗੀਤ ਤੇ ਸੱਭਿਆਚਾਰ ਦੇ ਨਾਂਅ ਹੇਠ ਨਸ਼ਿਆਂ ਦੇ ਮਿੱਠੇ ਜ਼ਹਿਰ ਦੀ ਗੋਲੀ ਲੈਣ ਲਈ ਪ੍ਰੇਰਿਤ ਕਰਦੀਆਂ ਹਨ। ਟੈਲੀਵਿਜ਼ਨ ਇੱਕ ਅਜਿਹਾ ਸੰਚਾਰ ਸਾਧਨ ਹੈ ਜਿਸ ਨਾਲ ਜੁੜਿਆ ਦਰਸ਼ਕ ਵਰਗ ਇਸ ’ਤੇ ਚੱਲਦੇ ਪ੍ਰੋਗਰਾਮਾਂ ਤੋਂ ਪ੍ਰਭਾਵਿਤ ਹੋਣੋ ਨਹੀਂ ਰਹਿ ਸਕਦਾ। ਬਿਨਾਂ ਸ਼ੱਕ ਇਨ੍ਹਾਂ ਚੈਨਲਾਂ ’ਤੇ ਚੱਲਣ ਵਾਲੇ ਗੀਤਾਂ ਨੂੰ ਦੇਖਣ-ਸੁਣਨ ਵਾਲੇ ਵਰਗ ਵਿਚੋਂ ਬਹੁ-ਗਿਣਤੀ ਸਾਡੀ ਨਵੀਂ ਪਨੀਰੀ ਦੀ ਹੈ, ਉਹ ਵੀ ਜਿਸਨੇ ਆਪਣਾ ਭਵਿੱਖ ਤੈਅ ਕਰਕੇ ਦੇਸ਼ ਦੀ ਵਾਗਡੋਰ ਸੰਭਾਲਣੀ ਹੈ ਜੇਕਰ ਭਵਿੱਖ ਦੇ ਵਾਰਸ ਸਹੀ ਰਾਹਾਂ ਤੋਂ ਥਿਰਕ ਕੇ ਦਿਸ਼ਾਹੀਣਤਾ ਦੇ ਰਾਹੀਂ ਤੁਰਨ ਲੱਗ ਜਾਣਗੇ ਤਾਂ ਜਮਾਨੇ ਦਾ ਹਸ਼ਰ ਸਾਡੇ ਸਾਹਮਣੇ ਹੈ।

ਸਾਡੇ ਪੁਰਾਣੇ ਤੇ ਨਵੇਂ ਗਾਇਕ ਵੀਰਾਂ ਦੀ ਸੋਚ ਦਾ ਹੀ ਨਤੀਜਾ ਹੈ ਕਿ ਅੱਜ ਬੇਰੁਜਗਾਰੀ, ਗਰੀਬੀ ਤੇ ਭੁੱਖਮਰੀ ਨੂੰ ਹੰਢਾਉਣ ਦੇ ਭਾਵਜੂਦ ਨਵੀਂ ਪਨੀਰੀ ਨਸ਼ਿਆਂ ਦੇ ਦਰਿਆ ’ਚ ਡੁਬਕੀਆਂ ਲਾ ਰਹੀ ਹੈ। ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਦੀ ਲਗਾਮ ਕੱਸਣ ਦੀ ਗੱਲ ਤਾਂ ਕੀਤੀ ਜਾਂਦੀ ਹੈ ਪ੍ਰੰਤੂ ਸੰਗੀਤ ਦੇ ਨਾਂਅ ਹੇਠ ਨਸ਼ਿਆਂ ਦੇ ਇਨ੍ਹਾਂ ਪ੍ਰਚਾਰਕਾਂ ਦੀ ਪਛਾਣ ਕੌਣ ਕਰੂ? ਇਹ ਬੜਾ ਗੰਭੀਰ ਤੇ ਚਿੰਤਾ ਦਾ ਮੁੱਦਾ ਹੈ। ਅੱਜ ਜਿੱਥੇ ਨਸ਼ੇ ਦੇ ਤਸਕਰਾਂ ਨਾਲ ਜੁੜੀਆਂ ਰਾਜਸੀ ਸ਼ਕਤੀਆਂ ਦੀਆਂ ਕਰਤੂਤਾਂ ਨੂੰ ਨਸ਼ਰ ਕਰਨ ਦੇ ਨਾਲ ਨਸ਼ਿਆਂ ਦੇ ਕਾਰੋਬਾਰ ਨੂੰ ਪ੍ਰਫੁੱਲਤ ਕਰਨ ਵਾਲੀਆਂ ਸਾਰੀਆਂ ਸਾਜਿਸ਼ੀ ਧਿਰਾਂ ਨੂੰ ਪਛਾਣ ਕੇ ਲੋਕਾਂ ਦੇ ਸਾਹਮਣੇ ਕਰਨ ਦੀ ਲੋੜ ਹੈ,

ਖਾਸਕਰ ਪੰਜਾਬੀ ਗੀਤ ਜਿਨ੍ਹਾਂ ਵਿਚ ਨਸ਼ਿਆਂ ਨੂੰ ਹੱਲਾਸ਼ੇਰੀ ਦੇਣ ਵਾਲੇ ਬੋਲ ਹਨ। ਨਹੀਂ ਤਾਂ ਕੋਸੀ ਜਾਇਓ ਆਪਣੇ ਨਿਆਣਿਆਂ ਨੂੰ ‘ਕੋਈ ਬੰਦਾ ਬੁੰਦਾ ਮਾਰਨਾ ਤਾਂ ਦੱਸ’ ਵਰਗੇ ਗੀਤਾਂ ਦੇ ਬੋਲਾਂ ’ਤੇ ਨੱਚਦਿਆਂ ਨੂੰ ਤੇ ਫੇਰ ਨਾ ਪਛਤਇਓ ਜਦ ‘ਤੇਰੇ ਨਾਂ ’ਤੇ ਬੋਤਲਾਂ ਦੇ ਡੱਟ ਪੱਟਦਾ ਨੀ ਮੁੰਡਾ ਤੇਰੇ ਨਾਂ ’ਤੇ’ ਵਰਗੇ ਗੀਤਾਂ ਦੇ ਬੋਲਾਂ ਨੂੰ ਗੁਣਗੁਣਾਉਂਦਿਆਂ ਸੱਚੀਂ-ਮੁੱਚੀਂ ਬੋਤਲਾਂ ਦੇ ਡੱਟ ਪੱਟਣ ਲੱਗ ਪਿਆ।
ਮੋ. 98764-92410
ਕੁਲਦੀਪ ਸਿੰਘ ਲੋਹਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।