ਨਸ਼ਿਆਂ ਦਾ ਕਲੰਕ ਲਾਹੁਣ ਲਈ ਹਰੇਕ ਪੰਜਾਬੀ ਨਸ਼ਾ ਮੁਕਤੀ ਯਾਤਰਾ ਦਾ ਹਿੱਸਾ ਬਣੇ : ਡਾ. ਬਲਬੀਰ ਸਿੰਘ | Drug Free Punjab
Drug Free Punjab: (ਖੁਸ਼ਵੀਰ ਸਿੰਘ ਤੂਰ/ਤਰੁਣ ਕੁਮਾਰ ਸ਼ਰਮਾ) ਪਟਿਆਲਾ/ਨਾਭਾ। ਸੂਬੇ ’ਚੋਂ ਨਸ਼ਿਆਂ ਦਾ ਕੋਹੜ ਖ਼ਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤੀ ਯਾਤਰਾ ਤਹਿਤ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਰੋਜ਼ਾਨਾ ਸ਼ਾਮ ਪਟਿਆਲਾ ਦਿਹਾਤੀ ਹਲਕੇ ਦੇ ਪਿੰਡਾਂ ‘ਚ ਜਾ ਕੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਲਾਮਬੰਦ ਹੋਣ ਦਾ ਸੁਨੇਹਾ ਦੇ ਰਹੇ ਹਨ। ਇਸੇ ਲੜੀ ਤਹਿਤ ਅੱਜ ਪਿੰਡ ਸ਼ਮਲਾ, ਹਿਆਣਾ ਕਲਾਂ ਤੇ ਰੋਹਟੀ ਖਾਸ ਪੁੱਜੇ ਡਾ. ਬਲਬੀਰ ਸਿੰਘ ਨੇ ਇਕੱਠੇ ਹੋਏ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਦਾ ਕਲੰਕ ਲਾਹੁਣ ਲਈ ਹਰੇਕ ਪੰਜਾਬੀ ਨਸ਼ਾ ਮੁਕਤੀ ਯਾਤਰਾ ਦਾ ਹਿੱਸਾ ਬਣ ਕੇ ਇਸ ਲੜਾਈ ਵਿੱਚ ਆਪਣਾ ਯੋਗਦਾਨ ਪਾਵੋ।
ਇਹ ਵੀ ਪੜ੍ਹੋ: Punjab Government: ਹੁਣ ਸੜਕਾਂ ਨੂੰ ਗੋਦ ਦੇਵੇਗੀ ਪੰਜਾਬ ਸਰਕਾਰ, ਆਪਣੇ ਹੀ ਅਧਿਕਾਰੀਆਂ ਤੋਂ ਉੱਠਿਆ ਵਿਸ਼ਵਾਸ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਛੇੜੀ ਜੰਗ ਹੁਣ ਲੋਕ ਲਹਿਰ ਬਣ ਚੁੱਕੀ ਹੈ ਅਤੇ ਹੁਣ ਲੋਕ ਆਮ ਮੁਹਾਰੇ ਇਸ ਮੁਹਿੰਮ ਦਾ ਹਿੱਸਾ ਬਣ ਕੇ ਨਸ਼ਾ ਤਸਕਰਾਂ ਖਿਲਾਫ਼ ਆਵਾਜ਼ ਬੁਲੰਦ ਕਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਵੱਲੋਂ ਨਸ਼ਿਆਂ ਖ਼ਿਲਾਫ਼ ਇੱਕਜੁੱਟਤਾ ਦਿਖਾਈ ਗਈ ਹੈ ਹੁਣ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਪੰਜਾਬ ਮੁੜ ਤੋਂ ਹੱਸਦਾ ਖੇਡਦਾ ਰੰਗਲਾ ਪੰਜਾਬ ਅਖਵਾਏਗਾ।
ਪਿੰਡ ਸ਼ਮਲਾ, ਹਿਆਣਾ ਕਲਾਂ ਤੇ ਰੋਹਟੀ ਖਾਸ ਦੇ ਵਸਨੀਕਾਂ ਨਸ਼ਿਆਂ ਖ਼ਿਲਾਫ਼ ਲਾਮਬੰਦ ਹੋਣ ਦਾ ਲਿਆ ਅਹਿਦ
ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ਾ ਤਸਕਰਾਂ ਤੇ ਨਸ਼ਾ ਕਰਨ ਵਾਲਿਆਂ ‘ਤੇ ਨਿਗਾਹ ਰੱਖਣ ਲਈ ਵਿਲੇਜ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜੋ ਨਸ਼ਿਆਂ ਖ਼ਿਲਾਫ਼ ਛੇੜੀ ਜੰਗ ਨੂੰ ਅੰਜਾਮ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਉਨ੍ਹਾਂ ਪਿੰਡ ਵਾਸੀਆਂ ਨੂੰ ਨਸ਼ਿਆਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਜਾਂ ਫੇਰ ਪੁਲਿਸ ਨੂੰ ਸਾਂਝਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਆਪਣਾ ਨਾਂਅ ਗੁਪਤ ਰੱਖ ਕੇ ਸੂਚਨਾ ਦੇਣੀ ਚਾਹੁੰਦਾ ਹੈ ਤਾਂ ਉਹ ਵਟਸਐਪ ਹੈਲਪਲਾਈਨ 97791-00200 ‘ਤੇ ਜਾਣਕਾਰੀ ਸਾਂਝੀ ਕਰ ਸਕਦਾ ਹੈ। Drug Free Punjab
ਸਿਹਤ ਮੰਤਰੀ ਨੇ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਡੇ ਘਰ ਜਾ ਗੁਆਂਢ ਵਿੱਚ ਕੋਈ ਨਸ਼ਾ ਕਰਦਾ ਹੈ ਤਾਂ ਉਸ ਨੂੰ ਆਪਣਾ ਇਲਾਜ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਾ ਛਡਾਊ ਕੇਂਦਰਾਂ ਵਿੱਚ ਇਲਾਜ ਦੇ ਨਾਲ ਨਾਲ ਕਿੱਤਾ ਮੁਖੀ ਕੋਰਸਾਂ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਐਸ.ਡੀ.ਐਮ. ਨਾਭਾ ਡਾ. ਇਸਮਤ ਵਿਜੈ ਸਿੰਘ, ਜ਼ਿਲ੍ਹਾ ਕੁਆਰਡੀਨੇਟਰ ਯਾਦਵਿੰਦਰ ਗੋਲਡੀ, ਪਟਿਆਲਾ ਦਿਹਾਤੀ ਕੁਆਰਡੀਨੇਟਰ ਹਰਪਾਲ ਸਿੰਘ ਵਿਰਕ, ਬੀ.ਡੀ.ਪੀ.ਓ ਬਲਜੀਤ ਸਿੰਘ ਸੋਹੀ, ਜੈ ਸ਼ੰਕਰ, ਸਰਪੰਚ ਜਗਜੀਤ ਸਿੰਘ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਮੌਜੂਦ ਸਨ।