ਹੁਣ ਨਾ ਸਿੱਖੇ ਤਾਂ ਕਦੋਂ ਸਿੱਖਾਂਗੇ!

ਹੁਣ ਨਾ ਸਿੱਖੇ ਤਾਂ ਕਦੋਂ ਸਿੱਖਾਂਗੇ!

Corona Virus | ਕੋਰੋਨਾ ਵਾਇਰਸ ਨੇ ਦੁਨੀਆਂ ਭਰ ‘ਚ ਤਬਾਹੀ ਮਚਾਈ ਹੋਈ ਹੈ ਇਸ ਵਾਇਰਸ ਨਾਲ ਚਾਰ ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਤੇ ਇੱਕ ਲੱਖ ਤੋਂ ਜਿਆਦਾ ਲੋਕ ਪ੍ਰਭਾਵਿਤ ਹਨ ਵਾਇਰਸ ਦਾ ਪਹਿਲਾ ਹਮਲਾ ਚੀਨ ਤੋਂ ਸ਼ੁਰੂ ਹੋਇਆ ਸੀ ਇਸ ਗੱਲ ਤੋਂ ਇਨਕਾਰ ਕਰਨਾ ਬਹੁਤ ਔਖਾ ਹੈ ਕਿ ਮਨੁੱਖ ਨੇ ਕੁਦਰਤ ਦੀ ਮਰਿਆਦਾ ਨੂੰ ਭੰਗ ਕਰਕੇ ਹੀ ਭਿਆਨਕ ਬਿਮਾਰੀਆਂ ਸਹੇੜੀਆਂ ਹਨ ਚੀਨ ਦਾ ਵੁਹਾਨ ਸ਼ਹਿਰ ਸਭ ਤੋਂ ਪਹਿਲਾਂ ਇਸ ਬਿਮਾਰੀ ਦੀ ਮਾਰ ਹੇਠ ਆਇਆ ਜਿੱਥੇ ਸਮੁੰਦਰੀ ਜੀਵ ਖਾਣ ਲਈ ਵਿਕਦੇ ਹਨ ਇਹ ਮੰਡੀ ‘ਸੀ ਫੂਡ’ ਦੇ ਨਾਂਅ ਨਾਲ ਮਸ਼ਹੂਰ ਹੈ ਚੀਨੀ ਲੋਕ ਚੂਹੇ, ਡੱਡੂ, ਚਮਗਿੱਦੜ ਤੱਕ ਖਾ ਰਹੇ ਹਨ

ਦੂਜੇ ਪਾਸੇ ਭਾਰਤ ਦੀ ਸ਼ਾਕਾਹਾਰੀ ਸੰਸਕ੍ਰਿਤੀ ਮਨੁੱਖ ਨੂੰ ਮਜ਼ਬੂਤ ਤੰਦਰੁਸਤੀ ਦੀ ਢਾਲ ਦਿੰਦੀ ਹੈ ਜਦੋਂ ਬੰਦਾ ਕੁਦਰਤ ਦੀਆਂ ਸਾਰੀਆਂ ਹੱਦਾਂ ਟੱਪੇਗਾ ਤਾਂ ਕੁਦਰਤ ਦਾ ਕਰੋਪ ਵੀ ਸਹਿਣਾ ਪੈਂਦਾ ਹੈ ਪ੍ਰਾਚੀਨ ਗ੍ਰੰਥ ਮਹਾਂਵਿਗਿਆਨ ਹਨ ਜੋ ਮਨੁੱਖ ਦੀ ਨਾ ਸਿਰਫ ਰੂਹਾਨੀ ਅਗਵਾਈ ਕਰਦੇ ਹਨ ਸਗੋਂ ਮਨੁੱਖ ਦੀ ਸਰੀਰਕ ਤੰਦਰੁਸਤੀ ਦਾ ਰਾਹ ਵੀ ਦੱਸਦੇ ਹਨ ਸ਼ਰਾਬ ਤੇ ਮੀਟ ਦੀ ਵਰਤੋਂ ਨਾਲ ਕਿੰਨੇ ਲੋਕਾਂ ਦੀ ਜਾਨ ਗਈ ਹੈ ਇਸ ਬਾਰੇ ਅੰਕੜੇ ਦੇਣ ਦੀ ਲੋੜ ਨਹੀਂ ਭਾਰਤ ਤੋਂ ਬਾਹਰ ਹੁਣ ਪਾਕਿਸਤਾਨ ਦਾ ਇੱਕ ਪ੍ਰਸਿੱਧ ਕ੍ਰਿਕੇਟਰ ਵੀ ਚੀਨੀਆਂ ਬਾਰੇ ਹੈਰਾਨੀ ਪਰਗਟ ਕਰ ਰਿਹਾ ਹੈ ਕਿ ਉਹ ਚਮਗਿੱਦੜ, ਡੱਡੂ ਕਿਵੇਂ ਖਾ ਜਾਂਦੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਅਜੇ ਵੀ ਸਾਡੇ ਦੇਸ਼ ਦਾ ਇੱਕ ਵਜ਼ੀਰ ਪੋਲਟਰੀ ਸਨਅਤ ਨੂੰ ਬਚਾਉਣ ਲਈ ਇਸ ਗੱਲ ਦੀ ਦੁਹਾਈ ਦੇ ਰਿਹਾ ਹੈ ਕਿ ਮਾਸ-ਆਂਡੇ ਨੂੰ ਖਾਣ ਨਾਲ ਕੋਰੋਨਾ ਦਾ ਕੋਈ ਖਤਰਾ ਨਹੀਂ ਹੈ

ਉਹ ਇਹ ਵੀ ਕਹਿੰਦੇ ਹਨ ਕਿ ਕੋਰੋਨਾ ਦੀ ਚਰਚਾ ਤੋਂ ਬਾਅਦ ਲੋਕਾਂ ਵੱਲੋਂ ਮੀਟ-ਆਂਡਾ ਖਾਣਾ ਛੱਡਣ ਨਾਲ ਇਸ ਉਦਯੋਗ ਨੂੰ 2000 ਕਰੋੜ ਦਾ ਘਾਟਾ ਪੈ ਰਿਹਾ ਹੈ ਪਰ ਕੋਰੋਨਾ ਦੇ ਵਾਇਰਸ ਤੋਂ ਬਚਾਅ ਲਈ ਸਰਕਾਰ ਨੇ ਕਿੰਨਾ ਖਰਚ ਕੀਤਾ ਤੇ ਵਪਾਰ-ਕੰਮਕਾਰ ਰੁਕਣ ਨਾਲ ਕਿੰਨੀ ਆਰਥਿਕ ਤਬਾਹੀ ਹੋਈ, ਇਸ ਦੇ ਅੰਕੜੇ ਆਉਣ ‘ਤੇ ਮੀਟ-ਅੰਡੇ ਦੇ ਕਾਰੋਬਾਰ ਦੀ ਕਮਾਈ ਭੁੱਲ ਜਾਏਗੀ ਇਹੀ ਕੁਝ ਸਾਲ ਪਹਿਲਾਂ ਬਰਡ ਫਲੂ ਵੇਲੇ ਹੋਇਆ ਸੀ ਕਦੇ ਸਰਕਾਰ ਨੇ ਲੱਖਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਇਸ ਗੱਲ ਦਾ ਪ੍ਰਚਾਰ ਕੀਤਾ ਸੀ ਕਿ ਇੱਕ ਵਿਸ਼ੇਸ਼ ਡਿਗਰੀ ਤਾਪਮਾਨ ਨਾਲ ਪਕਾਇਆ ਮਾਸ ਖਤਰਨਾਕ ਨਹੀਂ ਰਹਿੰਦਾ ਇੱਕ ਪਾਸੇ ਯੂਰਪੀਅਨ ਲੋਕ ਭਾਰਤ ਦੀ ਸ਼ਾਕਾਹਾਰੀ ਸੰਸਕ੍ਰਿਤੀ ਨੂੰ ਉੱਤਮ ਦੱਸ ਰਹੇ ਹਨ ਦੂਜੇ ਪਾਸੇ ਸਾਡੇ ਲੋਕ ਹੀ ਮਾਸਾਹਾਰ ਦੇ ਗੁਣ ਗਾ ਰਹੇ ਹਨ

ਮੈਡੀਕਲ ‘ਚ ਮੀਟ ਖਾਣ ਦੇ ਨੁਕਸਾਨ ਹੀ ਦੱਸੇ ਹਨ ਪਰ ਇਹ ਤਾਂ ਵਿਚਾਰਹੀਣ ਯੁੱਗ ਦੀ ਨਿਸ਼ਾਨੀ ਹੈ ਜਿੱਥੇ ਸ਼ਰਾਬ ਦੀ ਬੋਤਲ ‘ਤੇ ਸ਼ਰਾਬ ਨੂੰ ਸਿਹਤ ਲਈ ਖਤਰਨਾਕ ਲਿਖ ਕੇ ਵੀ ਸਰਕਾਰੀ ਮਨਜ਼ੂਰੀ ਨਾਲ ਸ਼ਰਾਬ ਵਿਕ ਰਹੀ ਹੈ ਦੋਗਲੀ ਨੀਤੀ ਇਸ ਹੱਦ ਤੱਕ ਹੈ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਾ ਅਪਰਾਧੀ ਹੈ ਪਰ ਸ਼ਰਾਬ ਪੀਣੀ ਮਨ੍ਹਾ ਨਹੀਂ ਪਵਿੱਤਰ ਕਾਰਜਾਂ ਨੂੰ ਸਫਲ ਬਣਾਉਣ ਲਈ ਸ਼ਰਾਬ ਦੀ ਕਮਾਈ ਦਾ ਪੈਸਾ ਵਰਤਿਆ ਜਾ ਰਿਹਾ ਹੈ ਧਰਮ, ਸੱਭਿਆਚਾਰ ਤੇ ਮੈਡੀਕਲ ਵਿਗਿਆਨ ਹਰ ਖੇਤਰ ਸ਼ਰਾਬ ਤੇ ਮੀਟ ਨੂੰ ਮਨੁੱਖ ਦੀ ਬਰਬਾਦੀ ਮੰਨਦਾ ਹੈ ਕੋਰੋਨਾ ਦੇ ਕਹਿਰ ਤੋਂ ਬਾਅਦ ਤਾਂ ਸਿੱਖ ਹੀ ਲੈਣਾ ਚਾਹੀਦਾ ਹੈ, ਹੁਣ ਨਾ ਸਿੱਖੇ ਤਾਂ ਕਦੋਂ ਸਿੱਖਾਂਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here