ਈਟੀਟੀ ਦੀਆਂ ਅਸਾਮੀਆਂ ਵਿੱਚ ਈਟੀਟੀ ਨੂੰ ਪਹਿਲ ਦੇ ਆਧਾਰ ’ਤੇ ਵਿਚਾਰੇ ਸਰਕਾਰ
ਪਟਿਆਲਾ, (ਖੁਸ਼ਵੀਰ ਸਿੰਘ ਤੂਰ (ਸੱਚ ਕਹੂੰ))। ਪਿਛਲੇ ਚਾਰ ਸਾਲਾਂ ਤੋਂ ਈਟੀਟੀ ਟੈੱਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ ਸੜਕਾਂ ’ਤੇ ਰੁਲ਼ ਰਹੀ ਹੈ। ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਨਾਲ ਬਹੁਤ ਲੁਭਾਵਣੇ ਵਾਅਦੇ ਕੀਤੇ ਸੀ ਪਰ ਇਨ੍ਹਾਂ ਵਾਅਦਿਆਂ ਦੀ ਪੋਟਲ਼ੀ ਵਿੱਚੋਂ ਇੱਕ ਵੀ ਵਾਅਦਾ ਵਫਾ ਨਾ ਹੋਇਆ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਈਟੀਟੀ ਟੈੱਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ ਦੇ ਆਗੁੂ ਕਿ੍ਰਸ਼ਨਾ ਕੌਰ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਬੇਰੁਜਗਾਰ ਨੌਜਵਾਨਾਂ ਨਾਲ਼ ਘਰ-ਘਰ ਰੁਜਗਾਰ ਦਾ ਵਾਅਦਾ ਕੀਤਾ ਸੀ, ਬੇਰੁਜਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ ਪਰ ਸਾਨੂੰ ਨਾ ਰੁਜਗਾਰ ਮਿਲਿਆ ਤੇ ਨਾ ਹੀ ਬੇਰੁਜਗਾਰੀ ਭੱਤਾ।
ਕਿ੍ਰਸ਼ਨਾ ਕੌਰ ਨੇ ਕਿਹਾ ਕਿ ਸਰਕਾਰ ਹੁਣ 2022 ਵਿੱਚ ਕੁਰਸੀ ਬਚਾਉਣ ਲਈ ਬੱਸਾਂ ਦਾ ਕਿਰਾਇਆ ਮੁਆਫ ਕਰ ਰਹੀ ਹੈ ਪਰ ਇਸ ਫੈਸਲੇ ਦਾ ਅਸੀਂ ਪੜ੍ਹੀਆਂ ਲਿਖੀਆਂ ਕੁੜੀਆਂ ਵਿਰੋਧ ਕਰਦੀਆਂ ਹਾਂ, ਕਿਉਂਕਿ ਸਾਨੂੰ ਫ੍ਰੀ ਕਿਰਾਏ ਦੀ ਜਰੂਰਤ ਨਹੀਂ ਸਗੋਂ ਰੁਜਗਾਰ ਦੀ ਜਰੂਰਤ ਹੈ। ਸਾਨੂੰ ਸਰਕਾਰ ਰੁਜਗਾਰ ਦੇਵੇ ਟਿਕਟਾਂ ਅਸੀਂ ਆਪ ਲੈ ਲਵਾਂਗੇ।
ਉਨ੍ਹਾਂ ਕਿਹਾ ਕਿ ਜਦੋਂ ਦੀ ਕੈਪਟਨ ਸਰਕਾਰ ਸੱਤਾ ਵਿੱਚ ਆਈ ਹੈ ਸਿੱਖਿਆ ਵਿਭਾਗ ਵਿੱਚ ਤਿੰਨ ਸਿੱਖਿਆ ਮੰਤਰੀਆਂ ਨੂੰ ਬਦਲਿਆ ਗਿਆ ਤੇ ਅਸੀਂ ਤਿੰਨਾਂ ਸਿੱਖਿਆ ਮੰਤਰੀਆਂ ਦੀ ਕੋਠੀ ਅੱਗੇ ਡਾਂਗਾਂ ਦੀ ਭੇਂਟ ਚੜੀਆਂ, ਸਾਡੀਆਂ ਚੰੁਨੀਆਂ ਤੱਕ ਲਾਹੀਆਂ ਗਈਆਂ, ਸਾਨੂੰ ਡੰਗਰਾਂ ਵਾਂਗ ਕੁੱਟਿਆ ਗਿਆ, ਪਰ ਰੁਜਗਾਰ ਦੀ ਪ੍ਰਾਪਤੀ ਨਹੀਂ ਹੋਈ। ਸਗੋਂ ਸਰਕਾਰ ਰੁਜਗਾਰ ਮਾਰੁੂ ਨੀਤੀਆਂ ਲੈ ਕੇ ਆ ਰਹੀ ਹੈ । ਪ੍ਰਾਇਮਰੀ ਸਿੱਖਿਆ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਪ੍ਰਾਇਮਰੀ ਸਕੂਲਾਂ ਵਿੱਚ ਵੱਡੇ ਪੱਧਰ ’ਤੇ ਅਸਾਮੀਆਂ ਖਾਲੀਆਂ ਪਈਆਂ ਹਨ, ਉਨ੍ਹਾਂ ਅਸਾਮੀਆਂ ਨੂੰ ਸਰਕਾਰ ਜਲਦ ਭਰੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.