ਸਾਡੇ ਨਾਲ ਸ਼ਾਮਲ

Follow us

10.5 C
Chandigarh
Monday, January 19, 2026
More
    Home ਸਾਹਿਤ ਕਵਿਤਾਵਾਂ ਭੈਣੋ ਤੇ ਭਰਾਵੋ...

    ਭੈਣੋ ਤੇ ਭਰਾਵੋ

    Tree

    ਭੈਣੋ ਤੇ ਭਰਾਵੋ ਇੱਕ ਗੱਲ ਨੂੰ ਵਿਚਾਰਿਓ,
    ਰੁੱਖਾਂ ਨੂੰ ਨਾ ਪੁੱਟਿਓ ਜੀ ਧੀਆਂ ਨੂੰ ਨਾ ਮਾਰਿਓ
    ਭੈਣੋ ਤੇ ਭਰਾਵੋ….
    ਰੁੱਖਾਂ ਬਿਨਾਂ ਕੌਣ ਭਲਾ ਛਾਵਾਂ ਸਾਨੂੰ ਕਰੂਗਾ,
    ਧੀਆਂ ਬਿਨਾਂ ਜੱਗ ਦਾ ਨਾ ਬੇੜਾ ਕਦੇ ਤਰੂਗਾ
    ਪਾਣੀ ਨੂੰ ਸੰਭਾਲਿਓ ਤੇ ਨਸ਼ੇ ਦੁਰਕਾਰਿਓ,
    ਭੈਣੋ ਤੇ ਭਰਾਵੋ….
    ਹੱਕ ਦੀ ਕਮਾਈ ਨਾਲ ਸਦਾ ਪੇਟ ਭਰਿਓ,
    ਤਨੋ-ਮਨੋ ਮਾਪਿਆਂ ਦੀ ਸੇਵਾ ਖੂਬ ਕਰਿਓ
    ਲੋੜਵੰਦ ਲੋਕਾਂ ਲਈ ਤਿੱਲ-ਫੁੱਲ ਚਾੜ੍ਹਿਓ,
    ਭੈਣੋ ਤੇ ਭਰਾਵੋ….
    ਚੰਗੇ ਗੀਤ ਸੁਣਿਓ ਤੇ ਚੰਗਾ ਸਾਹਿਤ ਪੜ੍ਹਿਓ,
    ‘ਧਰਮੀ ਤੁੰਗਾਂ’ ਆਖੇ ਇੱਕ-ਦੂਜੇ ਨਾਲ ਖੜ੍ਹਿਓ
    ਸੁਬ੍ਹਾ ਉੱਠ ਸੈਰ ਕਰ ਸਿਹਤ ਨੂੰ ਸ਼ਿੰਗਾਰਿਓ,
    ਭੈਣੋ ਤੇ ਭਰਾਵੋ….
    ਧਰਮੀ ਤੁੰਗਾਂ, ਤੁੰਗਾਂ (ਸੰਗਰੂਰ)
    ਮੋ. 98150-78408

    ਕੀ ਹੋ ਰਿਹਾ ?

    ਦੱਸੋ ਬਈ ਦੱਸੋ ਕਿੱਥੇ ਕੀ-ਕੀ ਹੋ ਰਿਹਾ,
    ਕਿਹੜਾ ਬੈਠ ਕੇ ਏ ਸੀ ਵਿਚ ਖਾ ਰਿਹਾ,
    ਕੀਹਦਾ ਖੂਨ ਬਣ ਕੇ ਪਸੀਨਾ ਚੋਅ ਰਿਹਾ
    ਦੱਸੋ ਬਈ ਦੱਸੋ….
    ਗੱਲ ਕਿਸੇ ਧੁੱਪ ਵਿਚ ਸੜਦੇ ਕਿਸਾਨ ਦੀ ਦੱਸੋ,
    ਰੋਟੀ ਲਈ ਤੜਫ ਰਹੀ ਬੇਵੱਸ ਜਾਨ ਦੀ ਦੱਸੋ,
    ਕੌਣ ਬਿਨਾ ਕੰਮ ਕੀਤੇ ਖਾ ਕੇ ਸੌਂ ਰਿਹਾ
    ਦੱਸੋ ਬਈ ਦੱਸੋ….
    ਵੋਟਾਂ ਲੈ ਕੇ ਲੁਕ ਗਈ ਜੋ ਸਰਕਾਰ ਬਾਰੇ ਦੱਸੋ,
    ਲੱਖਾਂ ਕਰੋੜਾਂ ਖਾ ਗਿਆ ਭ੍ਰਿਸ਼ਟਾਚਾਰ ਬਾਰੇ ਦੱਸੋ,
    ਕੌਣ ਹਾਲੇ ਵੀ ਦੱਸੋ ਸੱਚ ਲਕੋ ਰਿਹਾ
    ਦੱਸੋ ਬਈ ਦੱਸੋ….
    ਦੇਸ਼ ਦੇ ਮਾੜੇ ਹਾਲਾਤਾਂ ਦਾ ਜ਼ਿੰਮੇਵਾਰ ਕੌਣ ਹੈ,
    ਜ਼ੁਲਮ ਦੇ ਅੱਗੇ ਕਿਸਨੇ ਖੜ੍ਹੀ ਕੀਤੀ ਧੌਣ ਹੈ,
    ਕਿਸਦਾ ਬੁੱਤ ਵਿਚ ਚੌਂਕ ਦੇ ਰੋ ਰਿਹਾ
    ਦੱਸੋ ਬਈ ਦੱਸੋ….
    ਘੁਣ ਵਾਂਗਰਾਂ ਖਾ ਗਿਆ ਹੈ ਨਸ਼ਾ ਜਵਾਨੀ,
    ਨਾ ਦੇਖਣ ਚੰਗਾ-ਮਾੜਾ ਕਰਦੇ ਨੇ ਮਨਮਾਨੀ,
    ਕੌਣ ਹੈ ਦੋਸ਼ੀ ਜੋ ਭਵਿੱਖ ਡਬੋ ਰਿਹਾ
    ਦੱਸੋ ਬਈ ਦੱਸੋ….
    ਜੀਤ ਹਰਜੀਤ,
    ਪ੍ਰੀਤ ਨਗਰ,ਸੰਗਰੂਰ
         ਮੋ. 97816-77772 

    ਫੁੱਟਦੇ ਝਰਨੇ

    ਮੇਰੇ ਦਿਲ ‘ਚੋਂ ਫੁੱਟਦੇ ਝਰਨੇ ਬਣ ਜੋ ਵਹਿੰਦੇ ਨੇ,
    ਖੁਦਾ ਹੈਰਤ ਦੀ ਗੱਲ ਓਹੀ ਪਾਗਲ ਕਹਿੰਦੇ ਨੇ
    ਉਸ ਅਜੀਜ ਦੇ ਅਦਬ ਲਈ ਸਿਰ ਝੁਕ ਜਾਂਦਾ,
    ਫਿਰ ਆਪ-ਮੁਹਾਰੇ ਸਜਦੇ ਹੁੰਦੇ ਰਹਿੰਦੇ ਨੇ
    ਸਭ ਰੰਗ ਫਿੱਕੇ ਲੱਗਦੇ ਮੈਨੂੰ ਓਹਦੇ ਸਾਵੇਂ ਜੀ,
    ਸੂਰਜ ਚੰਨ ਖੌਰੇ ਕਿੱਦਾਂ ਇਹ ਸਭ ਸਹਿੰਦੇ ਨੇ
    ਦਿਲ ਢੇਰੀ ਹੋ ਜਾਂਦਾ ਕਰਦੇ ਤਸਲੀਮ ਜਦੋਂ,
    ਉਹਦੇ ਮਾਖਿਓਂ ਮਿੱਠੇ ਬੋਲ ਜਦ ਕੰਨੀਂ ਪੈਂਦੇ ਨੇ
    ਰੁਖਸਤ ਨਾ ਦਿਲੋਂ ਕਰਦੇ ਦਿਲ ਤਾਂ ਹੀ ਡਰਦਾ ਏ,
    ਰੁੱਸ ਜੇ, ਅੰਬਰੀਂ ਲੱਗੇ ਮਹਿਲ ਸੋਚਾਂ ਦੇ ਢਹਿੰਦੇ ਨੇ
    ਓਹਦੇ ਮੇਚ ਦਾ ਅੱਖਰ ਵੀ ਨਾ ਲਿਖ ਹੋਇਆ,
    ਭਾਵੇਂ ਜਾਦੂਗਰ ਮੈਨੂੰ ਸ਼ਬਦਾਂ ਦੀ ਉਂਝ ਕਹਿੰਦੇ ਨੇ
    ਹਰਪ੍ਰੀਤ ਕੌਰ ਘੁੰਨਸ
    ਮੋ: 97795-20194

    ਪੁਕਾਰ

    ਸਮਝ ਨਾ ਆਵੇ ਸਿੰਗਰਾਂ ਦੀ ਸੋਚ ਦੀ,
    ਦੇ ਕੇ ਪੰਪ ਜੱਟਾਂ ਦੀ ਐ ਮੰਜੀ ਠੋਕ’ਤੀ
    ਜੱਟਾਂ ਦੇ ਪੁੱਤ ਵਿਹਲੇ ਪੈਲੀ ਠੇਕੇ ਕਰਕੇ,
    ਲਾਉਂਦੇ ਬੁਲਟਾਂ ‘ਤੇ ਗੇੜੀ ਡੱਬ ਪਿਸਟਲ ਭਰਕੇ
    ਕਰਜਾ ਚੁੱਕ ਦਿਖਾਉਂਦੇ ਫੋਕੀ ਸ਼ਾਨ ਏ,
    ਲੱਗੇ ਪੰਜਾਬ ਨੂੰ ਬਣਾਉਣਾ ਇਨ੍ਹਾਂ ਤਾਲਿਬਾਨ ਏ
    ਜਾ ਕੇ ਪਿਛਾਵਰ ਪੁੱਛੋ ਉਹਨਾ ਮਾਵਾਂ ਨੂੰ,
    ਪੈ ਗਿਆ ਏ ਡਾਕਾ ਜਿਹਨਾਂ ਦਿਆਂ ਚਾਵਾਂ ਨੂੰ
    ਦਰਦ ਗੋਲੀਆਂ ਦਾ ਬੱਸ ਉਹੀ ਜਾਣਦੇ,
    ਅੱਖਾਂ ਸਾਵੇਂ ਮਰੇ ਨੇ ਜਿਹਨਾਂ ਦੇ ਹਾਣ ਦੇ
    ਲੁਕ ਬੈਂਚਾਂ ਥੱਲੇ ਬਚਾਈ ਜਿਹਨਾਂ ਜਾਨ ਏ,
    ਲੱਗੇ ਪੰਜਾਬ ਨੂੰ ਬਣਾਉਣਾ ਇਨ੍ਹਾਂ…
    ਕੀਤਾ ਬਦਨਾਮ ਸੱਸੀ ਸੋਹਣੀ ਹੀਰ ਨੂੰ,
    ਸਹਿਬਾਂ ਹੱਥੀਂ ਗੋਲੀ ਮਾਰਦੀ ਸ਼ਮੀਰ ਨੂੰ
    ਸੋਹਣਾ ਸੱਭਿਆਚਾਰ ਇਨ੍ਹਾਂ ਕੀਤਾ ਗੰਧਲਾ,
    ਭੁੱਬਾਂ ਮਾਰ ਰੋਂਦਾ ਏ ਪੰਜਾਬ ਰੰਗਲਾ
    ਪਵਿੱਤਰ ਪਿਆਰ ਇਨ੍ਹਾਂ ਕੀਤਾ ਬਦਨਾਮ ਏ,
    ਲੱਗੇ ਪੰਜਾਬ ਨੂੰ ਬਣਾਉਣਾ ਇਨ੍ਹਾਂ…
    ਦੁਤਾਲ ਵਾਲਾ ਗਿੱਲ ਅਰਜ ਗੁਜ਼ਾਰਦਾ
    ਵਾਸਤਾ ਵੀ ਪਾਵੇ ਮਾਂ ਬੋਲੀ ਦੇ ਪਿਆਰ ਦਾ
    ਬਾਬੇ ਗੁਰਦਾਸ ਜਿਹੇ ਗੀਤ ਗਾ ਲਵੋ,
    ਕੁਰਾਹੇ ਪੈਂਦੀ ਜਵਾਨੀ ਨੂੰ ਬਚਾ ਲਵੋ
    ਲੋਕਾਂ ਲਈ ਗਾਇਕ ਸੀਸ਼ੇ ਦੇ ਸਮਾਨ ਏ,
    ਲੱਗੇ ਪੰਜਾਬ ਨੂੰ ਬਣਾਉਣਾ ਇਨ੍ਹਾਂ…
    ਦਰਸ਼ਨ (ਗਿੱਲ ਦੁਤਾਲ)
    ਮੋ. 99880-32249

    ਸਾਹਾਂ ਦੀ ਡੋਰ

    ਰਾਤ ਦੇ ਹਨ੍ਹੇਰ ਨਾਲ, ਗਮਾਂ ਵਾਲੇ ਢੇਰ ਨਾਲ,
    ਅੱਜ ਦੀ ਨਹੀਂ ਸਾਂਝ ਸਾਡੀ ਚਿਰਾਂ ਤੋਂ ਪੁਰਾਣੀ ਏ।
    ਹਿਜ਼ਰਾਂ ਦੀ ਲਾਟ ਵਾਂਗ ਕੋਹਾਂ ਲੰਮੀ ਵਾਟ ਵਾਂਗ,
    ਅੱਖੀਆਂ ਦੇ ਹੰਝੂ ਸਾਡੇ ਗੰਗਾ ਵਾਲਾ ਪਾਣੀ ਏ।
    ਟੁੱਟੀ ਹੋਈ ਡੋਰ ਨੂੰ, ਗਲ਼ ਲਾਇਆ ਥੋਹਰ ਨੂੰ,
    ਰੋਹੀ ਵਾਲੇ ਰੁੱਖ ਦੀ ਵੀ ਛਾਂ ਕਿਸੇ ਮਾਣੀ ਏ?
    ਫੱਟ ਬੰਨ੍ਹੀ ਲੀਰ ਵਾਂਗ, ਦੇਖਣ ਨੂੰ ਕਰੀਰ ਵਾਂਗ,
    ਜ਼ਿੰਦਗੀ ਤਾਂ ਬੱਸ ਸਾਡੀ ਕੰਡਿਆਂ ਦੀ ਟਾਹਣੀ ਏ।
    ਜੜ੍ਹ ਦੀ ਸਿਉਂਕ ਵਾਂਗ, ਮੌਤ ਵਾਲੇ ਖੌਫ਼ ਵਾਂਗ,
    ਕਲਮ ਨੇ ਛਾਪੀ ਹੈ ਜੋ ਸੱਚ ਦੀ ਕਹਾਣੀ ਏ।
    ਸਾਹਾਂ ਦੀ ਜੋ ਡੋਰ ਏ, ਬੜੀ ਕਮਜ਼ੋਰ ਏ,
    ਛੱਡ ‘ਬਲਵਿੰਦਰਾ’ ਵੇ ਟੁੱਟ ਇਹ ਜਾਣੀ ਏ।
    ਬਲਵਿੰਦਰ ਰਾਏ,
    ਦੋਦਾ (ਸ੍ਰੀ ਮੁਕਤਸਰ ਸਾਹਿਬ)
    ਮੋ. 93573-05252

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here