ਜ਼ਿਲ੍ਹਾ ਪੁਲਿਸ ਮੁਖੀ ਨੇ 6 ਪੁਲਿਸ ਮੁਲਾਜ਼ਮਾਂ ਨੂੰ ਕੀਤਾ ਮੁਅੱਤਲ, ਵਿਭਾਗ ਪੜਤਾਲ ਦੇ ਦਿੱਤੇ ਹੁਕਮ

District, Police, Chief, Suspended, Suspended, Policemen, Department, Inquiry

ਮਾਮਲਾ ਖਾਕੀ ‘ਤੇ ਲੱਗੇ ਰਿਸ਼ਵਤ ਵਾਲੇ ਦਾਗ ਦਾ

ਇੱਕ ਐਸਆਈ, ਚਾਰ ਏਐਸਆਈ, ਇੱਕ ਹੌਲਦਾਰ ਤੇ ਇੱਕ ਹੋਮਗਾਰਡ ਦਾ ਜਵਾਨ ਸ਼ਾਮਲ

ਪਟਿਆਲਾ

ਮੁੱਖ ਮੰਤਰੀ ਦੇ ਸ਼ਹਿਰ ਦੀ ਖਾਕੀ ਤੇ ਲੱਗੇ ਰਿਸ਼ਵਤ ਵਾਲੇ ਦਾਗ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਨੇ ਸਖ਼ਤ ਕਦਮ ਚੁੱਕਦਿਆਂ 6 ਪੁਲਿਸ ਮੁਲਾਜ਼ਮਾਂ ਸਣੇ ਇੱਕ ਹੋਮਗਾਰਡ ਦੇ ਜਵਾਨ ਨੂੰ ਮੁਅੱਤਲ ਕਰਕੇ ਇਨ੍ਹਾਂ ਵਿਰੁੱਧ ਵਿਭਾਗੀ ਪੜਤਾਲ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਨ੍ਹਾਂ ਮੁਅੱਤਲ ਕੀਤੇ ਪੁਲਿਸ ਵਾਲਿਆਂ ਵਿੱਚ ਇੱਕ ਐਸਆਈ, ਚਾਰ ਏਐਸਆਈ, ਇੱਕ ਹੌਲਦਾਰ ਤੇ ਇੱਕ ਹੋਮਗਾਰਡ ਦਾ ਜਵਾਨ ਸ਼ਾਮਲ ਹੈ। ਹੋਮਗਾਰਡ ਦੇ ਜਵਾਨ ਖਿਲਾਫ਼ ਬਣਦੀ ਕਾਰਵਾਈ ਲਈ ਕਮਾਂਡੈਂਟ ਨੂੰ ਲਿਖ ਕੇ ਭੇਜ ਦਿੱਤਾ ਹੈ
ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਥਾਣਾ ਕੋਤਾਵਾਲੀ ਦੇ ਐਸ.ਆਈ. ਸੁਖਦੇਵ ਸਿੰਘ ਦੀ ਇੱਕ ਸੱਟੇ ਵਾਲੇ ਸਟੋਰੀਏ ਤੋਂ ਪੈਸੇ ਲੈਂਦਿਆਂ ਦੀ ਵੀਡੀਓ ਵਾਇਰਲ ਹੋਈ ਸੀ, ਜੋ ਕਿ ਕਈ ਮਹੀਨੇ ਪੁਰਾਣੀ ਸੀ। ਇਸ ਤੋਂ ਬਾਅਦ ਉਕਤ ਸਟੋਰੀਏ ਵੱਲੋਂ ਕੁਝ ਹੋਰ ਪੁਲਿਸ ਮੁਲਾਜ਼ਮਾਂ ਦੇ ਨਾਂਅ ਵੀ ਲਏ ਗਏ ਸਨ। ਮੀਡੀਆ ਵਿੱਚ ਇਹ ਮਾਮਲਾ ਆਉਣ ਤੋਂ ਬਾਅਦ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਸਖਤ ਕਦਮ ਚੁੱਕਦਿਆ ਇਨ੍ਹਾਂ 6 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਨਾਲ ਹੀ ਵਿਭਾਗ ਜਾਂਚ ਦੇ ਹੁਕਮ ਵੀ ਦੇ ਦਿੱਤੇ ਹਨ। ਇਨ੍ਹਾਂ ਮੁਅੱਤਲ ਕੀਤੇ ਮੁਲਾਜ਼ਮਾਂ ਵਿੱਚ ਐਸ.ਆਈ. ਸੁਖਦੇਵ ਸਿੰਘ, ਏ.ਐਸ.ਆਈ. ਰਾਮ ਸਿੰਘ, ਏ.ਐਸ.ਆਈ. ਹਰਮਿੰਦਰ ਸਿੰਘ, ਏ.ਐਸ.ਆਈ. ਸੁਨੀਲ ਕੁਮਾਰ , ਏ.ਐਸ.ਆਈ. ਦਲਜੀਤ ਸਿੰਘ , ਹੌਲਦਾਰ ਗੁਰਮੁੱਖ ਸਿੰਘ ਅਤੇ ਹੋਮਗਾਰਡ ਦੇ ਰਾਮ ਗੋਪਾਲ ਸ਼ਮਾਲ ਹਨ। ਐਸ.ਐਸ.ਪੀ. ਨੇ ਪੁਲਿਸ ਮਹਿਕਮੇ ਦੇ ਅਕਸ ਨੂੰ ਖਰਾਬ ਕਰਨ ਦੀਆਂ ਅਜਿਹੀਆਂ ਕਾਰਵਾਈਆਂ ਦਾ ਗੰਭੀਰ ਨੋਟਿਸ ਲਿਆ ਹੈ ਤੇ ਸਮੂਹ ਐਸ.ਪੀਜ, ਡੀ.ਐਸ.ਪੀਜ ਤੇ ਐਸ.ਐਚ.ਓਜ ਨੂੰ ਹਿਦਾਇਤ ਵੀ ਜਾਰੀ ਕੀਤੀ ਹੈ ਕਿ ਪੁਲਿਸ ਦੇ ਅਕਸ ਨੂੰ ਢਾਹ ਲਾਉਣ ਵਾਲਿਆਂ ‘ਤੇ ਸਖ਼ਤ ਨਜ਼ਰ ਰੱਖੀ ਜਾਵੇ ਅਤੇ ਜ਼ਿਲ੍ਹੇ ਅੰਦਰ ਦੜ੍ਹੇ ਸੱਟੇ ਸਮੇਤ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਅਮਲ ‘ਚ ਲਿਆਂਦੀ ਜਾਣੀ ਯਕੀਨੀ ਬਣਾਈ ਜਾਵੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।