ਜ਼ਿਲ੍ਹਾ ਫ਼ਰੀਦਕੋਟ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਮੀਟਿੰਗ ’ਚ ਲਿਆ ਫੈਸਲਾ, ਡੀਸੀ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ

 ਮੰਗਾਂ ਦਾ ਤੁਰੰਤ ਨਿਪਟਾਰਾ ਕਰਨ ਮੁੱਖ ਮੰਤਰੀ ਚੰਨੀ

ਫਰੀਦਕੋਟ , 27 ਦਸੰਬਰ (ਸੁਭਾਸ਼ ਸ਼ਰਮਾ)। ਪੰਜਾਬ ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ. ਟੀ . ਵੱਲੋਂ ਉਲੀਕੇ ਗਏ ਐਕਸ਼ਨ ਪ੍ਰੋਗਰਾਮ ਨੂੰ ਜ਼ਿਲ੍ਹਾ ਫ਼ਰੀਦਕੋਟ ਵਿੱਚ ਲਾਗੂ ਕਰਨ ਲਈ ਵੱਖ-ਵੱਖ ਮੁਲਾਜ਼ਮ ਤੇ ਪੈਨਸ਼ਨਰ ਜੱਥੇਬੰਦੀਆਂ ਦੇ ਆਗੂਆਂ ਦੀ ਇੱਕ ਮੀਟਿੰਗ ਸਥਾਨਕ ਪੈਨਸ਼ਨਰ ਭਵਨ ਵਿਖੇ ਇੰਦਰਜੀਤ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਹੋਈ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਪ੍ਰੇਮ ਚਾਵਲਾ ,ਜਤਿੰਦਰ ਕੁਮਾਰ , ਅਮਰੀਕ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ, ਬਲਬੀਰ ਸਿੰਘ ਜਨਰਲ ਸਕੱਤਰ, ਦੇਸ ਰਾਜ ਗੁੱਰਜਰ ਅਤੇ ਬਲਬੀਰ ਸਿੰਘ ਸਿਵੀਆਂ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ , ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਅਤੇ ਵਿੱਤ ਤੇ ਪ੍ਰਸੋਨਲ ਵਿਭਾਗ ਦੀ ਅਫ਼ਸਰਸ਼ਾਹੀ ਦੇ ਦਬਾਅ ਹੇਠ ਕੰਮ ਕਰ ਰਹੇ ਹਨ ਅਤੇ ਲਗਾਤਾਰ ਕੱਚੇ ਮੁਲਾਜ਼ਮਾਂ,ਆਊਟਸੋਰਸਿੰਗ ਮੁਲਾਜ਼ਮਾਂ, ਵੱਖ ਵੱਖ ਸਕੀਮਾਂ ਅਧੀਨ ਕੰਮ ਕਰਦੇ ਵਰਕਰਾਂ, ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਬੇਰੁੱਖੀ ਵਾਲਾ ਵਤੀਰਾ ਧਾਰਨ ਕੀਤਾ ਹੋਇਆ ਹੈ।

ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਆਪਣੇ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਵਤੀਰੇ ਵਿੱਚ ਸੁਧਾਰ ਨਾ ਲਿਆਂਦਾ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਲੀਡਰਸ਼ਿਪ ਨਾਲ ਪੈਨਲ ਮੀਟਿੰਗ ਕਰਕੇ ਸਮੂਹ ਕੱਚੇ ਅਤੇ ਰੈਗੂਲਰ ਮੁਲਾਜ਼ਮਾਂ ,ਆਊਟਸੋਰਸਿੰਗ ਮੁਲਾਜ਼ਮਾਂ , ਸਮੂਹ ਸਕੀਮ ਵਰਕਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਭਖਦੀਆਂ ਮੰਗਾਂ ਜਿਵੇਂ 1 ਜਨਵਰੀ 2016 ਨੂੰ ਸੋਧੀਆਂ ਤਨਖਾਹਾਂ ਅਤੇ ਸੋਧੀਆਂ ਪੈਨਸ਼ਨਾਂ ਨਿਸ਼ਚਿਤ ਕਰਨ ਸਮੇਂ 125 ਫੀਸਦੀ ਡੀ.ਏ .ਮਰਜ ਕਰਕੇ ਅਤੇ ਘੱਟੋ-ਘੱਟ 20 ਫੀਸਦੀ ਲਾਭ ਦੇਣਾ ਯਕੀਨੀ ਬਣਾਇਆ ਜਾਵੇ,

1 ਜਨਵਰੀ 2016 ਤੋੰ 30 ਜੂਨ 2021 ਤਕ ਸੋਧੇ ਤਨਖਾਹ ਸਕੇਲਾਂ ਅਤੇ ਸੋਧੀਆਂ ਪੈਨਸ਼ਨਾਂ ਦਾ ਬਕਾਇਆ ਤੁਰੰਤ ਦਿੱਤਾ ਜਾਵੇ, ਮਹਿੰਗਾਈ ਭੱਤੇ ਦੀਆਂ ਅਣਸੋਧੀਆਂ ਕਿਸ਼ਤਾਂ ਦਾ ਰਹਿੰਦਾ ਸਾਰਾ ਬਕਾਇਆ ਤੁਰੰਤ ਦਿੱਤਾ ਜਾਵੇ , ਪੁਰਾਣੀ ਪੈਨਸ਼ਨ ਸਕੀਮ ਤਰੁੰਤ ਬਹਾਲ ਕੀਤੀ ਜਾਵੇ ਆਦਿ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਪੰਜਾਬ ਦੀ ਹੁਕਮਰਾਨ ਕਾਂਗਰਸ ਪਾਰਟੀ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਤਿੱਖੇ ਸੰਘਰਸ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ।

ਫ਼ੈਸਲਾ ਕੀਤਾ ਗਿਆ ਕਿ ਸਾਂਝਾ ਮੁਲਾਜ਼ਮ ਮੰਚ ਅਤੇ ਸਾਂਝੇ ਫਰੰਟ ਵੱਲੋਂ ਉਲੀਕੇ ਗਏ ਐਕਸ਼ਨ ਪ੍ਰੋਗਰਾਮ ਅਨੁਸਾਰ 28 ਦਸੰਬਰ ਨੂੰ ਸਵੇਰੇ ਠੀਕ 11 ਵਜੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੇ ਦਫਤਰ ਮਿੰਨੀ ਸਕੱਤਰੇਤ ਸਾਹਮਣੇ ਰੋਸ ਰੈਲੀ ਕੀਤੀ ਜਾਵੇਗੀ ਅਤੇ ਇਸ ਉਪਰੰਤ ਸ਼ਹਿਰ ਵਿਚ ਰੋਸ ਮੁਜ਼ਾਹਰਾ ਕੀਤਾ ਜਾਵੇਗਾ ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿਜਲੀ ਬੋਰਡ ਮੁਲਾਜ਼ਮਾਂ ਦੇ ਆਗੂ ਬਲਵਿੰਦਰ ਕੁਮਾਰ ਸ਼ਰਮਾ ,ਵੀਰ ਇੰਦਰਜੀਤ ਸਿੰਘ ਪੁਰੀ, ਬਲਵੰਤ ਰਾਏ ਗੱਖੜ ,ਸਿਮਰਜੀਤ ਸਿੰਘ ਬਰਾੜ , ਸੰਤ ਸਿੰਘ, ਜਗਤਾਰ ਸਿੰਘ ਗਿੱਲ ,ਬਿਸ਼ਨ ਦਾਸ ਅਰੋੜਾ , ਮਨੀਸ਼ ਮੋਂਗਾ , ਅਮਰਜੀਤ ਸਿੰਘ ਵਾਲੀਆ ,ਬਲਵਿੰਦਰ ਸਿੰਘ ਬਿੰਦੀ ,ਪ੍ਰਿੰਸੀਪਲ ਕ੍ਰਿਸ਼ਨ ਲਾਲ ,ਗੁਰਦੇਵ ਸਿੰਘ ਭਾਣਾ , ਸੁਖਦੇਵ ਸਿੰਘ ਚਰਨ ,ਪ੍ਰਤਾਪ ਸਿੰਘ ਤੇ ਸੁਖਦੇਵ ਸਿੰਘ ਤੱਗੜ, ਅਧਿਆਪਕ ਆਗੂ ਸੁਖਵਿੰਦਰ ਸਿੰਘ ਸੁੱਖੀ ਸ਼ਿੰਦਰਪਾਲ ਸਿੰਘ ਢਿੱਲੋਂ , ਨਵਪ੍ਰੀਤ ਸਿੰਘ ਸਾਦਿਕ ਆਦਿ ਆਗੂ ਸ਼ਾਮਲ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ