ਬੇਅਦਬੀ ਮਾਮਲਾ : ਹੁਣ ਤੱਕ ਦੇ ਪੁਲਿਸ ਰਿਮਾਂਡ ’ਚ ਜਾਂਚ ਟੀਮ ਦੇ ਹੱਥ ਖਾਲੀ : ਐਡਵੋਕੇਟ

ਮਾਣਯੋਗ ਅਦਾਲਤ ਨੇ ਰਣਜੀਤ ਸਿੰਘ ਤੇ ਸ਼ਕਤੀ ਸਿੰਘ ਦਾ ਦਿੱਤਾ ਦੋ ਦਿਨ ਦਾ ਹੋਰ ਪੁਲਿਸ ਰਿਮਾਂਡ

ਸੱਚ ਕਹੂੰ ਨਿਊਜ਼, ਫਰੀਦਕੋਟ। ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ’ਚ ਪੰਜਾਬ ਪੁਲਿਸ ਦੀ ਸਿਟ ਵੱਲੋਂ ਗਿ੍ਰਫਤਾਰ ਡੇਰਾ ਸ਼ਰਧਾਲੂਆਂ ਰਣਜੀਤ ਸਿੰਘ ਤੇ ਸ਼ਕਤੀ ਸਿੰਘ ਨੂੰ ਇੱਥੋਂ ਦੀ ਮਾਣਯੋਗ ਅਦਾਲਤ ਨੇ ਅੱਜ ਦੋ ਦਿਨ ਦੇ ਹੋਰ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਇਹਨਾਂ ਦੋਵਾਂ ਜਣਿਆਂ ਨੂੰ ਹੁਣ ਪੁਲਿਸ ਵੱਲੋਂ 28 ਮਈ ਨੂੰ ਮੁੜ ਪੇਸ਼ ਕੀਤਾ ਜਾਵੇਗਾ।

ਵੇਰਵਿਆਂ ਮੁਤਾਬਿਕ 24 ਮਈ ਨੂੰ ਮਾਣਯੋਗ ਅਦਾਲਤ ਨੇ ਮੁਕੱਦਮਾ ਨੰਬਰ 128 ਵਿੱਚ ਪ੍ਰਦੀਪ ਸਿੰਘ, ਸ਼ਕਤੀ ਸਿੰਘ ਤੇ ਰਣਜੀਤ ਸਿੰਘ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜਣ ਦੇ ਹੁਕਮ ਕੀਤੇ ਸਨ ਪਰ ਪੁਲਿਸ ਨੇ ਤੁਰੰਤ ਹੀ ਰਣਜੀਤ ਸਿੰਘ ਤੇ ਸ਼ਕਤੀ ਸਿੰਘ ਦੀ ਮੁਕੱਦਮਾ ਨੰਬਰ 117 ਵਿੱਚ ਅਦਾਲਤ ਰਾਹੀਂ ਗਿ੍ਰਫਤਾਰੀ ਪਾ ਕੇ ਦੋ ਦਿਨ ਦਾ ਰਿਮਾਂਡ ਲੈ ਲਿਆ ਸੀ।

ਰਿਮਾਂਡ ਖਤਮ ਹੋਣ ’ਤੇ ਅੱਜ ਸਿਟ ਟੀਮ ਵੱਲੋਂ ਉਕਤ ਦੋਵਾਂ ਰਣਜੀਤ ਸਿੰਘ ਤੇ ਸ਼ਕਤੀ ਸਿੰਘ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਬਚਾਅ ਪੱਖ ਦੇ ਐਡਵੋਕੇਟ ਵਿਨੋਦ ਮੋਂਗਾ, ਐਡਵੋਕੇਟ ਬਸੰਤ ਸਿੰਘ ਸਿੱਧੂ ਤੇ ਐਡਵੋਕੇਟ ਵਿਵੇਕ ਗੁਲਬਧਰ ਨੇ ਸੁਣਵਾਈ ਮਗਰੋਂ ਗੱਲਬਾਤ ਦੌਰਾਨ ਦੱਸਿਆ ਕਿ ਮਾਣਯੋਗ ਅਦਾਲਤ ’ਚ ਜਦੋਂ ਪੁਲਿਸ ਨੇ ਰਿਮਾਂਡ ਦੀ ਮੰਗ ਕੀਤੀ ਤਾਂ ਉਹਨਾਂ ਇਸਦਾ ਸਖਤ ਵਿਰੋਧ ਕੀਤਾ ਕਿ ਜਦੋਂ ਪੁਲਿਸ ਦੋ ਦਿਨਾਂ ਦੇ ਪਹਿਲੇ ਰਿਮਾਂਡ ’ਤੇ ਕੁਝ ਨਹੀਂ ਕਰ ਸਕੀ ਤਾਂ ਹੁਣ ਹੋਰ ਪੁਲਿਸ ਰਿਮਾਂਡ ਦੀ ਕੀ ਲੋੜ ਹੈ ਪਰ ਫਿਰ ਵੀ ਮਾਣਯੋਗ ਅਦਾਲਤ ਨੇ ਦੋ ਦਿਨ ਦਾ ਰਿਮਾਂਡ ਹੋਰ ਦੇ ਦਿੱਤਾ।

ਬੇਅਦਬੀ ਸਬੰਧੀ ਪੋਸਟਰ ਲਗਾਉਣ ਨਾਲ ਸਬੰਧਿਤ ਇਸ ਮਾਮਲੇ ਬਾਰੇ ਵਕੀਲਾਂ ਨੇ ਆਖਿਆ ਕਿ ਲਿਖਾਈ ਦੇ ਮਿਲਾਣ ਸਬੰਧੀ ਪੁਲਿਸ ਟੀਮ ਨੂੰ ਉਹ ਖੁਦ ਮਾਣਯੋਗ ਅਦਾਲਤ ਵਿੱਚ ਮਿਲਾਣ ਕਰਨ ਬਾਰੇ ਕਹਿ ਚੁੱਕੇ ਹਨ ਪਰ ਪੁਲਿਸ ਉਸ ਪਾਸੇ ਵੱਲ ਆ ਹੀ ਨਹੀਂ ਰਹੀ। ਉਨ੍ਹਾਂ ਕਿਹਾ ਕਿ ਇਹਨਾਂ ਮਾਮਲਿਆਂ ਵਿੱਚ ਪੁਲਿਸ ਦੇ ਹੱਥ ਖਾਲੀ ਹਨ ਪਰ ਸਿਟ ਟੀਮ ਇਸ ਨੂੰ ਵਧਾ ਚੜ੍ਹਾ ਕੇ ਦੱਸ ਰਹੀ ਹੈ ਤੇ ਕੌਮੀ ਮਾਮਲਾ ਬਣਾਉਣ ਲੱਗੀ ਹੋਈ ਹੈ ਤਾਂ ਜੋ ਅਦਾਲਤ ਵੀ ਇਸ ਅਸਰ ਤਹਿਤ ਕੰਮ ਕਰੇ। ਉਨ੍ਹਾਂ ਕਿਹਾ ਕਿ ਹੋਰ ਕੇਸਾਂ ’ਚ ਵੀ ਅਜਿਹੇ ਜੁਰਮ ਦੇ ਕਈ ਪਰਚੇ ਦਰਜ਼ ਹੁੰਦੇ ਨੇ ਪਰ ਇਸ ਕੇਸ ਨੂੰ ਹਾਈ-ਪ੍ਰੋਫਾਈਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਪੁਲਿਸ ਰਿਮਾਂਡ ਲੈ ਕੇ ਡੇਰਾ ਪ੍ਰੇਮੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਸਕੇ।

ਦੱਸਣਯੋਗ ਹੈ ਕਿ ਇਸ ਮਾਮਲੇ ’ਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ 6 ਡੇਰਾ ਸ਼ਰਧਾਲੂਆਂ ’ਚੋਂ ਤਿੰਨ ਜਣੇ ਨਿਸ਼ਾਨ ਸਿੰਘ, ਸੁਖਜਿੰਦਰ ਸਿੰਘ ਸੰਨੀ ਅਤੇ ਬਲਜੀਤ ਸਿੰਘ ਕੋਰੋਨਾ ਪਾਜਿਟਿਵ ਹੋਣ ਕਾਰਨ 1 ਜੂਨ ਤੱਕ ਜੁਡੀਸ਼ੀਅਲ ਰਿਮਾਂਡ ਤਹਿਤ ਇਲਾਜ ਅਧੀਨ ਹਨ ਤੇ ਪ੍ਰਦੀਪ ਸਿੰਘ ਨੂੰ ਵੀ 24 ਮਈ ਨੂੰ 1 ਜੂਨ ਤੱਕ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਸੀ। ਹੁਣ ਪੁਲਿਸ 117 ਨੰਬਰ ਮੁਕੱਦਮੇ ’ਚ ਰਣਜੀਤ ਸਿੰਘ ਤੇ ਸ਼ਕਤੀ ਸਿੰਘ ਤੋਂ ਪੁੱਛਗਿੱਛ ਕਰ ਰਹੀ ਹੈ

ਨਿਆਂ ਪ੍ਰਣਾਲੀ ’ਤੇ ਪੂਰਨ ਭਰੋਸਾ: ਹਰਚਰਨ ਇੰਸਾਂ

ਡੇਰਾ ਸੱਚਾ ਸੌਦਾ ਦੇ 45 ਮੈਂਬਰ ਪੰਜਾਬ ਹਰਚਰਨ ਸਿੰਘ ਇੰਸਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਭਾਵੇਂ ਹੀ ਲਗਾਤਾਰ ਪੁਲਿਸ ਰਿਮਾਂਡ ਹਾਸਲ ਕਰਕੇ ਕੁਝ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹਨਾਂ ਨੂੰ ਦੇਸ਼ ਦੀ ਨਿਆਂ ਪ੍ਰਣਾਲੀ ’ਤੇ ਪੂਰਨ ਭਰੋਸਾ ਹੈ ਕਿ ਉਹ ਇਸ ਮਾਮਲੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਾਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।