ਪੰਜਾਬੀ ਯੂਨੀਵਰਸਿਟੀ ਕਾਨੂੰਨੀ ਸ਼ਬਦਕੋਸ਼ ਸਮੇਤ ਅਦਾਲਤੀ ਅਮਲੇ ਨੂੰ ਸਿਖਲਾਈ ਦੇਣ ਦਾ ਕਰ ਸਕਦੀ ਐ ਕੰਮ
- ਪੰਜਾਬੀ ਯੂਨੀਵਰਸਿਟੀ ਨੂੰ ਬਚਾਉਣ ਦਾ ਮੁੱਦਾ ਰਿਹਾ ਭਾਰੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਅਦਾਲਤਾਂ ਵਿੱਚ ਪੰਜਾਬੀ ਭਾਸ਼ਾ ਲਾਗੂ ਕਰਨ ਸਬੰਧੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਸੁਝਾਅ ਲੈਣ ਸਬੰਧੀ ਵਿਸੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਪੰਜਾਬੀ ਭਾਸ਼ਾ ਦੀ ਗੱਲ ਕਰਨ ਵਾਲੇ ਪੰਜਾਬੀ ਯੂਨੀਵਰਸਿਟੀ ਵਰਗੇ ਅਦਾਰਿਆਂ ਨੂੰ ਬਚਾਉਣ ਦਾ ਮਾਮਲਾ ਜੋਰ ਸੋਰ ਨਾਲ ਉੱਠਿਆ ਇਸ ਮੀਟਿੰਗ ਵਿਚ ਵੱਖ-ਵੱਖ ਲੇਖਕ ਸਭਾਵਾਂ, ਯੂਨੀਵਰਸਿਟੀਆਂ, ਅਖਬਾਰਾਂ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਮੀਟਿੰਗ ਵਿੱਚ ਪੰਜਾਬੀ ਲਾਗੂ ਕਰਨ ਲਈ ਪੰਜਾਬੀ ਨਾਲ ਜੁੜੇ ਅਦਾਰਿਆਂ ਨੂੰ ਮਜਬੂਤ ਕਰਨ ਦਾ ਮਸਲਾ ਵਾਰ-ਵਾਰ ਉਠ ਕੇ ਸਾਹਮਣੇ ਆਇਆ। ਸੀਨੀਅਰ ਪੱਤਰਕਾਰ ਸਤਨਾਮ ਮਾਣਕ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਲਖਵਿੰਦਰ ਸਿੰਘ ਜੌਹਲ, ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਪੰਜਾਬੀ ਨੂੰ ਲਾਗੂ ਕਰਨ ਲਈ ਸੁਹਿਰਦ ਹੈ ਤਾਂ ਪੰਜਾਬੀ ਯੂਨੀਵਰਸਿਟੀ ਨੂੰ ਮਜਬੂਤ ਕਰਨਾ ਲਾਜਮੀ ਹੈ।
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਮੀਟਿੰਗ ਵਿੱਚ ਦੌਰਾਨ ਕਿਹਾ ਕਿ ਅਦਾਲਤਾਂ ਵਿੱਚ ਪੰਜਾਬੀ ਲਾਗੂ ਹੋਣ ਦੀ ਬਹੁਤ ਅਹਿਮੀਅਤ ਹੈ ਕਿਉਂਕਿ ਅਦਾਲਤ ਵਿੱਚ ਪੇਸ ਹੋਣ ਵਾਲੇ ਹਰ ਮਨੁੱਖ ਨੂੰ ਇਹ ਪਤਾ ਲੱਗਣਾ ਜਰੂਰੀ ਹੈ ਕਿ ਅਦਾਲਤ ਵਿੱਚ ਕਿਸ ਤਰੀਕੇ ਨਾਲ ਬਹਿਸ ਹੋ ਰਹੀ ਹੈ ਅਤੇ ਉਸ ਦਾ ਪੱਖ ਕਿਵੇਂ ਪੇਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਪੰਜਾਬੀ ਯੂਨੀਵਰਸਿਟੀ ਦਿ੍ਰੜ ਸੰਕਲਪ ਹੈ।
ਇਸ ਮੌਕੇ ਪੰਜਾਬੀ ਲੇਖਕ ਮਿੱਤਰ ਸੈਨ ਮੀਤ ਨੇ ਸਪਸਟ ਕੀਤਾ ਕਿ ਪੰਜਾਬੀ ਲਾਗੂ ਕਰਨਾ ਔਖਾ ਨਹੀਂ ਹੈ ਕਿਉਂਕਿ ਇੱਕ ਪਾਸੇ ਇਸ ਨੂੰ ਲਾਗੂ ਕਰਨ ਲਈ ਕਾਨੂੰਨ ਹਨ ਅਤੇ ਦੂਜੇ ਪਾਸੇ ਪੰਜਾਬੀ ਨਾਲ ਜੁੜੇ ਹੋਏ ਅਦਾਰਿਆਂ ਦੀ ਸਮਰਥਾ ਹੈ। ਇਸ ਮੀਟਿੰਗ ਵਿੱਚ ਪੰਜਾਬੀ ਯੂਨੀਵਰਸਿਟੀ ਤੋਂ ਡੀਨ ਭਾਸਾਵਾਂ ਪ੍ਰੋ. ਰਜਿੰਦਰਪਾਲ ਸਿੰਘ ਬਰਾੜ, ਮੁਖੀ ਪੰਜਾਬੀ ਵਿਭਾਗ ਪ੍ਰੋ. ਗੁਰਮੁਖ ਸਿੰਘ ਅਤੇ ਐਜੂਕੇਸ਼ਨਲ ਮਲਟੀਮੀਡੀਆ ਸੈਂਟਰ ਦੇ ਡਾਇਰੈਕਟਰ ਦਲਜੀਤ ਅਮੀ ਵੀ ਹਾਜਰ ਸਨ।
ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਲਾਗੂ ਕਰਵਾਉਣਾ ਸਰਕਾਰ ਦੇ ਅਖਤਿਆਰ ’ਚ
ਇਸ ਮੀਟਿੰਗ ਦੌਰਾਨ ਦਸਵੀਂ ਜਮਾਤ ਤੱਕ ਪੰਜਾਬੀ ਲਾਜ਼ਮੀ ਰੂਪ ਵਿਚ ਲਾਗੂ ਕੀਤੇ ਜਾਣ ਦਾ ਸਵਾਲ ਵੀ ਸਾਹਮਣੇ ਆਇਆ। ਇਸ ਬਾਰੇ ਪ੍ਰੋ ਅਰਵਿੰਦ ਨੇ ਸਪਸਟ ਕੀਤਾ ਕਿ ਪੰਜਾਬ ਦੀ ਧਰਤੀ ਉੱਤੇ ਸਕੂਲ ਚਾਹੇ ਕਿਸੇ ਵੀ ਬੋਰਡ ਦੇ ਹੋਣ ਉਨ੍ਹਾਂ ਸਕੂਲਾਂ ਵਿੱਚ ਪੰਜਾਬੀ ਨੂੰ ਲਾਜਮੀ ਰੂਪ ਵਿੱਚ ਲਾਗੂ ਕਰਨਾ ਪੰਜਾਬ ਸਰਕਾਰ ਦੇ ਅਖਤਿਆਰ ਵਿੱਚ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।
ਸਿਆਸਤਦਾਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ-ਕੁਲਤਾਰ ਸੰਧਵਾ
ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅਜਿਹੀਆਂ ਚਰਚਾਵਾਂ ਵਿੱਚੋਂ ਸਿਆਸਤਦਾਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਉਨਾਂ ਵਿਧਾਇਕਾਂ ਨੂੰ ਮੁਖਾਤਿਬ ਹੋ ਕੇ ਕਿਹਾ ਕਿ ਇਸ ਮੀਟਿੰਗ ਵਿੱਚ ਉਨ੍ਹਾਂ ਲਈ ਵੀ ਬਹੁਤ ਸਾਰੇ ਸਵਾਲ ਨਿਕਲੇ ਹੋਣਗੇ ਜਿਹੜੇ ਉਹ ਵਿਧਾਨ ਸਭਾ ਵਿੱਚ ਪੁੱਛ ਸਕਦੇ ਹਨ। ਸੂਬੇ ਭਰ ਵਿੱਚੋਂ ਆਏ ਵੱਖ-ਵੱਖ ਨੁਮਾਇੰਦਿਆਂ ਦਾ ਧੰਨਵਾਦ ਵਿਧਾਇਕ ਬੁੱਧ ਰਾਮ ਨੇ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ