ਅਲੋਪ ਹੋ ਰਹੀ ਭਾਈਚਾਰਕ ਸਾਂਝ

ਸੱਭਿਆਚਾਰ ਕਿਸੇ ਵੀ ਜਾਤੀ/ਵਰਗ ਦਾ ਪ੍ਰਤੀਬਿੰਬ ਹੁੰਦਾ ਹੈ। ਜਿਸ ਵਿੱਚ ਅਸੀਂ ਉਸ ਵਰਗ ਦੀ ਰਹਿਣੀ-ਬਹਿਣੀ, ਖਾਣਾ-ਪੀਣਾ ਤੇ ਰੀਤੀ-ਰਿਵਾਜ਼ਾਂ ਦੇ ਦਰਸ਼ਨ ਕਰਦੇ ਹਾਂ। ਪੰਜਾਬੀ ਸੱਭਿਆਚਾਰ ਦਾ ਸਾਗਰ ਇੰਨਾਂ ਵਿਸ਼ਾਲ ਹੈ ਕਿ ਇਸ ਦਾ ਥਾਹ ਨਹੀਂ ਪਾਇਆ ਜਾ ਸਕਦਾ । ਜਿਸ ਨੇ ਵੀ ਇਸ ਸਾਗਰ ਵਿੱਚ ਜਿੰਨੀ ਡੂੰਘੀ ਛਾਲ ਮਾਰੀ ਹੈ ਉਹ ਉਨੀਆਂ ਹੀ ਨਿਆਮਤਾਂ ਇਸ ‘ਚੋਂ ਕੱਢ ਲਿਆਇਆ ਹੈ। ਜਦੋਂ ਅਸੀਂ ਪੰਜਾਬੀ ਸੱਭਿਆਚਾਰ ਦੀ ਗੱਲ ਕਰੀਏ ਤਾਂ ਸਾਡੇ ਜਿਹਨ ਵਿੱਚ ਸਿੱਧੇ ਸਾਦੇ ਨਿਰਮਲ ਅਤੇ ਅਤਿਅੰਤ ਮਿਹਨਤੀ ਪੇਂਡੂ ਜੀਵਨ ਦੀ ਤਸਵੀਰ ਆ ਜਾਂਦੀ ਹੈ। ਤਿੰਨ ਕੁ ਦਹਾਕੇ ਪਹਿਲਾਂ ਤੱਕ ਤਾਂ ਇਹ ਤਸਵੀਰ ਸਾਫ਼ ਸੀ ਪਰ ਉਸ ਤੋਂ ਜਦੋਂ ਵੀ ਸੰਚਾਰ ਮਾਧਿਅਮ ਵਿਚ ਕ੍ਰਾਂਤੀ ਆਈ ਇਸ ਤਸਵੀਰ ਤੇ ਇੰਨਾਂ ਘੱਟਾ ਪਿਆ ਕਿ ਸਾਨੂੰ ਆਪਣੇ ਸੱਭਿਆਚਾਰ ਨੂੰ ਪਛਾਨਣਾ ਔਖਾ ਹੋ ਰਿਹਾ ਹੈ।

ਹਾਂ! ਜੇਕਰ ਅਸੀਂ ਇਕਾਗਰਚਿੱਤ ਹੋ ਕੇ, ਵਿਹਲ ਕੱਢ ਕੇ ਪੰਜਾਬੀ ਸੱਭਿਆਚਾਰ ਬਾਰੇ ਸੋਚੀਏ ਤਾਂ ਸਾਨੂੰ ਸੂਰਜ ਦੀ ਟਿੱਕੀ ਨਿੱਕਲਣ ਤੋਂ ਪਹਿਲਾਂ ਖੇਤਾਂ ਵਿੱਚ ਹਲ਼ ਚਲਦੇ, ਬਲਦਾਂ ਦੇ ਗਲ ਦੀਆਂ ਟੱਲੀਆਂ ਦੀ ਟਨ-ਟਨ ਅਤੇ ਹਾਲ਼ੀਆਂ ਦੀਆਂ ਲੰਮੀਆਂ ਹੇਕਾਂ ਵਿੱਚ ਹੀਰ ਦੀਆਂ ਕਲੀਆਂ ਸੁਣਾਈ ਦਿੰਦੀਆਂ ਹਨ । ਭੱਤਾ ਲੈ ਕੇ ਜਾਂਦੀਆਂ ਮੁਟਿਆਰਾਂ, ਚਾਟੀਆਂ ਵਿਚ ਮਧਾਣੀ ਦੇ ਰਿੜਕਣ ਦੀ ਆਵਾਜ਼ ਸੁਣਾਈ ਦਿੰਦੀ ਸੀ।ਮਧਾਣੀ ਦੀ ਗੂੰਜ ਦੇ ਨਾਲ ਗੁਰੂ ਸਾਹਿਬਾਨਾਂ ਦੀ ਬਾਣੀ ਦੀ ਗੂੰਜ ਵੀ ਆਪ-ਮੁਹਾਰੇ ਸੁਣਾਈ ਦੇਣ ਲੱਗ ਪੈਂਦੀ ਸੀ।

‘ਜਦ ਕੰਨਾਂ ਵਿਚ ਗੂੰਜ ਮਧਾਣੀ ਪਾਉਂਦੀ ਸੀ,
ਆਪ ਮੁਹਾਰੇ ਬਾਣੀ ਚੇਤੇ ਆਉਂਦੀ ਸੀ।’

ਪੰਜਾਬੀ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਚਰਖਾ ਅੱਜ ਵਿਰਲੇ ਘਰਾਂ ਵਿੱਚ ਕਿਸੇ ਖੱਲ-ਖੂੰਜੇ ਪਿਆ ਹੋਵੇਗਾ ਅਤੇ ਆਪਣੀ ਕਿਸਮਤ ਨੂੰ ਰੋ ਰਿਹਾ ਹੋਵੇਗਾ । ਉਹ ਦਿਨ ਯਾਦ ਕਰਦਾ ਹੋਵੇਗਾ ਜਦੋਂ ਮੁਟਿਆਰਾਂ ‘ਕੱਠੀਆਂ ਹੋ ਕੇ ਕਿਸੇ ਦੇ ਘਰ ਦੀ ਸਵਾਤ ਵਿੱਚ ਰਾਤ ਨੂੰ ਦੀਵੇ ਦੀ ਲੋਅ ਵਿੱਚ ਤੰਦ ਪਾਉਂਦੀਆਂ ਸਨ ਤੇ ਗੀਤ ਗਾਉਂਦੀਆਂ ਹਨ । ਉਹ ਵੀ ਆਪਣੀ ਘੂਕਰ ਨਾਲ ਗੀਤਾਂ ਨੂੰ ਸੰਗੀਤਮਈ ਕਰਦਾ ਸੀ ।

‘ਜੋਗੀ Àੁੱਤਰ ਪਹਾੜੋਂ ਆਇਆ ਚਰਖੇ ਦੀ ਘੂਕ ਸੁਣ ਕੇ’

ਅੱਜ ਦੀ ਪੀੜ੍ਹੀ ਦੇ ਬੱਚਿਆਂ ਨੂੰ ਕੀ ਪਤਾ ਕਿ ਚਰਮਖ ਕੀ ਹੁੰਦੀ ਹੈ, ਮੁੰਨਾਂ, ਹੱਥੀ, ਤੱਕਲਾ ਜਾਂ ਮਾਲ੍ਹ ਕੀ ਹੁੰਦੀ ਹੈ? ਪਹਿਲਾਂ ਭਾਈਚਾਰਕ ਸਾਂਝ ਸੀ ਜਿਸ ਤੋਂ ਭਾਵ ਪੁਰਾਣੇ ਪੰਜਾਬ ਦੇ ਉਸ ਸਹਿਯੋਗ ਤੋਂ ਹੈ ਜੋ ਜਰੂਰਤ ਸਮੇਂ ਇੱਕ-ਦੂਜੇ ਨੂੰ ਦਿੱਤਾ ਜਾਂਦਾ ਸੀ । ਪੁਰਾਣੇ ਲੋਕਾਂ ਦੀ ਇੱਕ- ਦੂਜੇ ਨੂੰ ਸਹਿਯੋਗ ਦੇਣ ਦੀ ਭਾਵਨਾ ਦੇ ਰੂਪ ਸਨ ਛੋਪ ਪਾਉਣਾ, ਤ੍ਰਿੰਝਣਾਂ, ਤ੍ਰੀਮਤਾਂ, ਆਵਤ ਅਤੇ ਮੰਗ ਪਾਉਣੀ ਆਦਿ । ਇਸਤਰੀਆਂ ਦੇ ਜੀਵਨ ਵਿੱਚ ਜ਼ਿਆਦਾ ਮੌਕੇ ਆਉਂਦੇ ਸਨ ਜਦੋਂ ਇੱਕ-ਦੂਜੇ ਦੇ ਸਹਿਯੋਗ ਦੀ ਜਰੂਰਤ ਪੈਂਦੀ ਸੀ। ਇਸਤਰੀਆਂ ਦੇ ਕੰਮ ਦਰੀਆਂ ਬੁਨਣਾ, ਖੇਸ ਬੁਨਣਾ, ਚਰਖੇ ਕੱਤਣਾ ਅਤੇ ਕੱਤਣਾ ਕੱਢਣਾ ਆਦਿ ਅਜਿਹੇ ਕੰਮ ਸਨ  ਜੋ ਇੱਕ ਇਸਤਰੀ ਦੇ ਵੱਸ ਦਾ ਰੋਗ ਨਹੀਂ ਸੀ। ਇਨ੍ਹਾਂ ਹੀ ਕੰਮਾਂ ਨੂੰ ਛੇਤੀ ਨੇਪਰੇ ਚਾੜ੍ਹਨ ਲਈ ਇੱਕ ਦੂਜੇ ਨੂੰ ਸਹਿਯੋਗ ਦਿੱਤਾ ਜਾਂਦਾ ਸੀ।

ਇਸੇ ਸਹਿਯੋਗ ਨੂੰ ਭਾਈਚਾਰਕ ਸਾਂਝ ਦਾ ਨਾਂਅ ਦਿੱਤਾ ਗਿਆ । ਕੁੜੀ ਦੇ ਵਿਆਹ ਲਈ ਬਹੁਤ ਸਾਰੇ ਸੂਤ ਦੀ ਜ਼ਰੂਰਤ ਪੈਂਦੀ ਸੀ। ਇਸੇ ਲਈ ਕੁੜੀਆਂ ਇਕੱਠੀਆਂ ਹੋ ਕੇ ਸੂਤ ਕੱਤਦੀਆਂ ਜਿਸ ਨੂੰ ਤ੍ਰਿੰਝਣਾਂ ਕਿਹਾ ਜਾਂਦਾ। ਇਸੇ ਤਰ੍ਹਾਂ ਦੇ ਕੰਮਾਂ ਦੇ ਛੇਤੀ ਨੇਪਰੇ ਚਾੜ੍ਹਨ ਲਈ ਔਰਤਾਂ ਦੇ ਮੁਕਾਬਲੇ ਹੁੰਦੇ, ਇਨ੍ਹਾਂ ਮੁਕਾਬਲਿਆਂ ਨੂੰ ਛੋਪ ਪਾਉਣਾ ਕਿਹਾ ਗਿਆ । ਪੰਜਾਬ ਵਿੱਚ ਸੇਵੀਆਂ ਪ੍ਰਾਹੁਣਚਾਰੀ ਦਾ ਵਿਸ਼ੇਸ਼ ਅੰਗ ਹੈ। ਸੇਵੀਆਂ ਸਾਉਣ ‘ਤੇ ਭਾਦੋਂ ‘ਚ ਵੱਟੀਆਂ ਜਾਂਦੀਆਂ ਸਨ । ਇਸਤਰੀਆਂ ਇੱਕ ਘਰ ਵਿੱਚ ਇਕੱਠੀਆਂ ਹੋ ਕੇ ਮੈਦੇ ਦੀਆਂ ਬਰੀਕ ਸੇਵੀਆਂ ਦੇ ਲੰਮੇ ਤੰਦ ਕੱਢਦੀਆਂ ਤੇ ਨਾਲ-ਨਾਲ ਗੀਤ ਗਾਉਂਦੀਆਂ, ਹਾਸਾ ਮਾਖੌਲ ਹੁੰਦਾ, ਪਤਾ ਹੀ ਨਹੀਂ ਸੀ ਲੱਗਦਾ ਕਿ ਕਦੋਂ ਸਾਰੇ ਸਾਲ ਲਈ ਸੇਵੀਆਂ ਦਾ ਭੰਡਾਰ ਜਮਾਂ ਹੋ ਜਾਂਦਾ ।

ਇਕੱਠੀਆਂ ਹੋ ਕੇ ਕੰਮ ਕਰਨ ਦੀ ਭਾਵਨਾ ਆਪਸੀ ਮੇਲ-ਜੋਲ ਅਤੇ ਪਿਆਰ ਨੂੰ ਹੋਰ ਗੂੜ੍ਹਾ ਕਰ ਦਿੰਦੀ ਹੈ। ਸੇਵੀਆਂ ਦੀ ਮਕਬੂਲੀਅਤ ਖਤਮ ਤਾਂ ਨਹੀਂ ਹੋਈ ਪਰ ਹੋਰ ਕਈ ਪ੍ਰਕਾਰ ਦੇ ਮਿੱਠਾ ਖਾਣ-ਪਦਾਰਥ ਆਉਣ ਕਾਰਨ ਇਸ ਦੀ ਮੰਗ ਘੱਟ ਜ਼ਰੂਰ ਗਈ ਹੈ। ਭਾਵੇਂ ਮਸ਼ੀਨਾਂ ਦੇ ਆਉਣ ਨਾਲ ਸਮੇਂ ਦੀ ਬੱਚਤ ਹੋਈ ਪਰ ਭਾਈਚਾਰਕ ਸਾਂਝ ਅਤੇ ਇਸਤਰੀਆਂ ਦੇ ਇਕੱਠੇ ਹੋ ਕੇ ਬੈਠਣ ਦੇ ਮੌਕਿਆਂ ਨੂੰ ਢਾਅ ਲੱਗ ਗਈ ਹੈ। ਪੰਜਾਬ ਦੇ ਲੋਕ ਸ਼ੁਰੂ ਤੋਂ ਹੀ ਜ਼ਿਆਦਾ ਖੇਤੀ ਤੇ ਨਿਰਭਰ ਹਨ । ਕਿਸਾਨਾਂ ਨੂੰ ਇਸੇ ਗੱਲ ਦੀ ਚਿੰਤਾ ਹੁੰਦੀ ਸੀ ਕਿ ਉਸ ਦਾ ਕੰਮ ਸਮੇਂ ਸਿਰ ਪੂਰਿਆ ਜਾਵੇ ਤਾਂ ਜੋ ਉਹ ਕਿਸੇ ਸੰਕਟ ਦੀ ਮਾਰ ਹੇਠ ਨਾ ਆ ਜਾਵੇ  ਜੇਕਰ ਕੋਈ ਕਿਸਾਨ ਸਮੇਂ ਜਾਂ ਕਾਮਿਆਂ ਦੀ ਘਾਟ ਕਾਰਨ ਪਛੜ ਜਾਂਦਾ ਤਾਂ ‘ਬਿੜ੍ਹੀ’ ਜਾਂ ਮੰਗ ਪਾਉਣ ਵਰਗੀਆਂ ਰੀਤਾਂ ਉਸ ਨੂੰ ਸੁਰਖਰੂ ਕਰ ਦਿੰਦੀਆਂ ਸਨ ।

ਜੇਕਰ ਕੋਈ ਆਪਣੇ ਕੰਮ ਤੋਂ ਖੁੰਝਿਆ ਹੋਇਆ ਕਿਸਾਨ ਆਪਣੇ ਰਿਸ਼ਤੇਦਾਰ ਦੇ ਪਿੰਡ ਵਿੱਚੋਂ ਆਦਮੀ ਬੁਲਾ ਲੈਂਦਾ । ਉਹ ਆਪਣੇ ਕੰਮ ਤੋਂ ਖੁੰਝੇ ਹੋਏ ਰਿਸ਼ਤੇਦਾਰ ਦੇ ਘਰ ਆ ਪਹੁੰਚਦੇ ਤੇ ਖੁੰਝਿਆਂ ਕੰਮ ਦਿਨਾਂ ਵਿਚ ਪੂਰਾ ਕਰ ਦਿੰਦੇ ਤਾਂ ਇਹ ਰਿਸ਼ਤੇਦਾਰੀ ਵਿਚੋਂ ਆਇਆ ‘ਟੋਲਾ ਆਵਤ’ ਅਖਵਾਉਂਦਾ । ਇਸੇ ਤਰ੍ਹਾਂ ਪਿੰਡ ਵਿਚ ਕਿਸੇ ਦੇ ਮਕਾਨ ਦੀ ਛੱਤ ਪੈਣੀ ਹੁੰਦੀ ਤਾਂ ਪਿੰਡ ਵਿੱਚ ਹੋਕਾ ਆ ਜਾਂਦਾ ‘ਬਈ! ਫਲਾਨੇ ਦੇ ਘਰ ਕੱਲ੍ਹ ‘ਚੈਹਾ’ ਪੈਣਾ ਹੈ। ਇਸ ਲਈ ਉਨ੍ਹਾਂ ਦੇ ਘਰ ਬੰਦੇ ਪਹੁੰਚਣ ।’ ਇਸ ਤਰ੍ਹਾਂ ਪਿੰਡ ਦੇ ਲੋਕ ਬਿਨਾਂ ਕਿਸੇ ਸਵਾਰਥ ਤੇ ਲਾਲਚ ਦੇ ਉਸ ਆਦਮੀ ਦੇ ਘਰ ਪਹੁੰਚਦੇ । ਇਹੀ ਸੀ ਪੁਰਾਤਨ ਭਾਈਚਾਰਕ ਸਾਂਝ ।

ਹ ਵੀ ਪੜ੍ਹੋ : ਮੇਰੀ ਕਾਰ ਜ਼ਿੰਦਾਬਾਦ

ਪੁਰਾਤਨ ਪੰਜਾਬ ਵਿਚ ਜੋ ਭੂਮਿਕਾ ਭਾਈਚਾਰਕ ਸਾਂਝ ਦੀ ਰਹੀ ਹੈ ਉਸ ਨੇ ਲੋਕਾਂ ਦੇ ਕੰਮਾਂ ਕਾਰਾਂ ਨੂੰ ਸੁਖਾਲਾ ਬਣਾਈ ਰੱਖਿਆ ਹੈ । ਪਰ ਅੱਜ ਦਾ ਪੰਜਾਬ ਪਹਿਲਾਂ ਵਾਲੇ ਪੰਜਾਬ ਨਾਲੋਂ ਬਹੁਤ ਵੱਖ ਹੈ। ਅੱਜ ਪੰਜਾਬ ਵਿਚ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਦਾ ਇੰਨਾ ਵੱਧ ਜਾਣਾ ਇਸ ਗੱਲ ਦੀ ਗਵਾਹੀ ਹੈ ਕਿ ਅੱਜ ਵੀ ਫਸਲ ਦੀ ਉਗਾਈ, ਲੁਆਈ, ਕਢਾਈ ਲਈ ਕਾਮਿਆਂ ਦੀ ਜ਼ਰੂਰਤ ਹੈ। ਪਰ ਅੱਜ ਦੇ ਲੋਕ ਮੰਗ ਪਾ ਕੇ, ਬਿੜ੍ਹੀ ਪਾ ਕੇ ਕਿਸੇ ਤੋਂ ਅਹਿਸਾਨ ਕਰਵਾ ਕੇ ਰਾਜੀ ਨਹੀਂ ਹਨ । ਅੱਜ ਦੇ ਲੋਕ ਆਪਣੇ ਵਿਰਸੇ ਤੋਂ ਬੇਮੁੱਖ ਹੋ ਕੇ, ਜ਼ਰੂਰਤ ਤੋਂ ਵੱਧ ਖਰਚਾ ਕਰ ਰਹੇ ਹਨ ਪਰ ਸਹਿਯੋਗ ਦੇਣ ਤੇ ਅਤੇ ਸਹਿਯੋਗ ਲੈਣ ਤੋਂ ਝਿਜਕਦੇ ਹਨ । ਪੁਰਾਤਨ ਪੰਜਾਬ ਦੀ ਭਾਈਚਾਰਕ ਸਾਂਝ ਦਿਨੋ-ਦਿਨ ਅਲੋਪ ਹੋ ਰਹੀ ਹੈ।

ਮਹੱਤਵਪੂਰਨ ਵਿਰਸਾ ਹੁੰਦਾ ਹੈ ਲੋਕ ਗੀਤ, ਨਾਚ ਅਤੇ ਮੇਲੇ। ਪੁਰਾਣੇ ਲੋਕ ਗੀਤ ਅੱਜ ਵੀ ਨਵੇਂ ਹਨ । ਲੋਕ ਗੀਤ ਤੇ ਨਾਚ ਕਿਸੇ ਸਮਾਜ ਦੀ ਰੂਹ ਹੁੰਦੇ ਹਨ । ਗਮੀ-ਸ਼ਾਦੀ ਵਿਚ ਲੋਕ ਗੀਤਾਂ ਰਾਹੀਂ ਹੀ ਮਨ ਦੇ ਵੇਦਨਾ ਦਾ ਪ੍ਰਗਟਾਵਾ ਹੁੰਦਾ ਹੈ । ਪੰਜਾਬੀ ਸੱਭਿਆਚਾਰ ਵਿਚ ਭੰਗੜਾ, ਝੂੰਮਰ, ਗਿੱਧਾ ਤੇ ਕਿੱਕਲੀ ਨਾਚ ਦੇ ਵਿਸ਼ੇਸ਼ ਅੰਗ ਹਨ । ਜਾਂ ਇਉਂ ਕਹੀਏ ਕਿ ਇਹੀ ਸੱਭਿਆਚਾਰ ਹੈ ਪੰਜਾਬ ਦਾ । ਅੱਜ ਅਜੋਕੇ ਸਮੇਂ ਵਿਚ ਇਨ੍ਹਾਂ ਨੂੰ ਇੰਨਾ ਪ੍ਰਦੂਸ਼ਤ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਦੀ ਪਛਾਣ ਔਖੀ ਹੋ ਗਈ ਹੈ। ਅੱਜ ਸਭਿਆਚਾਰ ਦੇ ਨਾਂਅ ‘ਤੇ ਸਟੇਜ ਤੇ ਚੜ੍ਹਦੇ 10-12 ਮੁੰਡੇ ਕੁੜੀਆਂ ਡਾਂਸ ਕਰਦੇ ਹਨ ।

ਇਨ੍ਹਾਂ ਡਾਂਸ ਕਰਨ ਵਾਲੇ ਗਰੁੱਪਾਂ ਨੂੰ ਸੱਭਿਆਚਾਰਕ ਗਰੁੱਪਾਂ ਦਾ ਨਾਂਅ ਤਾਂ ਦਿੱਤਾ ਜਾਂਦਾ ਹੈ ਪਰ ਇਹ ਪੌਪ ਤੇ ਫੋਕ ਦਾ ਮਿਲਗੋਭਾ ਹੋ ਗਿਆ ਹੈ। ਪੰਜਾਬੀ ਗੀਤਾਂ ਵਿੱਚ ਵਿਦੇਸ਼ੀ ਤਰਜ਼ਾਂ ਠੋਸੀਆਂ ਜਾ ਰਹੀਆਂ ਹਨ । ਇਨ੍ਹਾਂ ਵਿਚ ਮਿਠਾਸ ਤੇ ਸੁਰਤਾਲ ਖੰਭ ਲਾ ਕੇ ਉੱਡ ਗਏ ਹਨ । ਸਮਝ ਨਹੀਂ ਆਉਂਦੀ ਕਿ ਇਹ ਪੰਜਾਬੀ ਬੋਲਦੇ ਹਨ ਜਾਂ ਕੋਈ ਹੋਰ ਭਾਸ਼ਾ । ਪਹਿਰਾਵਾ ਵੀ ਭੜਕਾਊ ਜੋ ਪੰਜਾਬੀ ਪਹਿਰਾਵੇ ਨਾਲ ਕਿਸੇ ਤਰ੍ਹਾਂ ਵੀ ਮੇਲ ਨਹੀਂ ਖਾਂਦਾ। ਪੰਜਾਬੀ ਮਾਂ ਬੋਲੀ ਆਪਣੇ ਇਨ੍ਹਾਂ ਹੋਣਹਾਰ ਬੱਚਿਆਂ ਤੇ ਰੋ ਰਹੀ ਹੋਵੇਗੀ । ਲਾਲ ਚੰਦ ਯਮਲਾ ਜੱਟ, ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਨਰਿੰਦਰ ਬੀਬਾ ਵਰਗੇ ਕਲਾਕਾਰਾਂ ਦੇ ਗਾਏ ਗੀਤ ਅੱਜ ਵੀ ਸਾਡੇ ਕੰਨਾਂ ਵਿਚ ਰਸ ਘੋਲਦੇ ਹਨ ।
ਅੱਜ ਸਾਨੂੰ ਲੋੜ ਹੈ ਕਿ ਅਸੀਂ ਆਪਣੇ ਅਸਲੀ ਪੰਜਾਬੀ ਸੱਭਿਆਚਾਰ ਦੀ ਸੰਭਾਲ ਹੀ ਨਾ ਕਰੀਏ ਸਗੋਂ ਦਿਲ ਵਿੱਚ ਵਸਾ ਕੇ ਅਪਣਾਈਏ, ਇਸ ਨੂੰ ਮਿਲਗੋਭਾ ਹੋਣ ਤੋਂ ਰੋਕੀਏ, ਭਾਈਚਾਰਕ ਸਾਂਝ ਬਣਾ ਲਈਏ। ਅਲੋਪ ਹੋ ਰਹੀ ਪੁਰਾਤਨ ਵਿਰਸੇ ਦੀ ਭਾਈਚਾਰਕ ਸਾਂਝ ਕਾਇਮ ਰੱਖੀਏ । ਕਿਤੇ ਸਮੇਂ ਦੀ ਧੁੜ ਸਾਡੇ ਵਿਰਸੇ ਨੂੰ ਧੁੰਦਲਾ ਨਾ ਕਰ ਦੇਵੇ।