ਸੀਰੀਆ ‘ਚ ਰਸਾਇਣ ਗੈਸ ਨਾਲ ਕੀਤੇ ਗਏ ਹਮਲਿਆਂ ‘ਚ ਮਾਰੇ ਗਏ ਮਾਸੂਮ (Humanity) ਬੱਚਿਆਂ ਦੀਆਂ ਤਸਵੀਰਾਂ ਦਿਲ ਨੂੰ ਵਲੂੰਧਰਨ ਵਾਲੀਆਂ ਹਨ ਪਰ ਇਸ ਦੁਖਾਂਤਕ ਲੜੀ ਦਾ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ ਤਾਕਤਵਰ ਮੁਲਕਾਂ ਦੀਆਂ ਅੜੀਆਂ ਤੇ ਇੱਕ ਦੂਜੇ ਦੇ ਹਿੱਤਾਂ ਦਾ ਟਕਰਾਓ ਲੱਖਾਂ ਮਨੁੱਖਾਂ ਦੀ ਬਲੀ ਲੈ ਰਿਹਾ ਹੈ।
ਰੂਸ ਤੇ ਅਮਰੀਕਾ ਦੋਵੇਂ ਇੱਕ ਦੂਜੇ ਵਿਰੁੱਧ ਖੜ੍ਹੇ ਨਜ਼ਰ ਆ ਰਹੇ ਹਨ ਰੂਸ ਸੀਰੀਆ ਦੇ ਹਾਕਮ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਸਿੱਧੀ ਮੱਦਦ ਕਰ ਰਿਹਾ ਹੈ ਤੇ ਉੱਥੇ ਵਿਦਰੋਹੀਆਂ ਖਿਲਾਫ਼ ਲੜਾਈ ਨੂੰ ਅੱਤਵਾਦ ਕਰਾਰ ਦਿੱਤਾ ਜਾ ਰਿਹਾ ਹੈ ਦੂਜੇ ਪਾਸੇ ਅਮਰੀਕਾ ਅਸਦ ਦੀ ਤਾਨਾਸ਼ਾਹੀ ਨੂੰ ਹੀ ਸਾਰੇ ਹੀ ਸਿਆਪੇ ਦੀ ਜੜ੍ਹ ਕਹਿ ਕੇ ਬਾਗੀਆਂ ਦਾ ਪੱਖ ਪੂਰ ਰਿਹਾ ਹੈ ਅਮਨ ਕਿਵੇਂ ਵਾਪਸ ਪਰਤੇਗਾ ਤੇ ਅਸਲ ‘ਚ ਅਮਨ ਲਈ ਕੌਣ ਹਿੰਮਤ ਕਰ ਰਿਹਾ ਹੈ, ਇਸ ਦੀ ਸਮਝ ਅੰਤਰਰਾਸ਼ਟਰੀ ਮੁੱਦਿਆਂ ਦੇ ਮਾਹਿਰ ਨੂੰ ਵੀ ਨਹੀਂ ਆ ਰਹੀ ਇਰਾਕ ‘ਚ ਰੂਸ ਤੇ ਅਮਰੀਕਾ ਦੀ ਆਈ ਐੱਸ ਆਈ ਐੱਸ ਖਿਲਾਫ਼ ਲੜਾਈ ਤਾਂ ਸਮਝ ਆਉਂਦੀ ਹੈ ਪਰ ਸੀਰੀਆ ‘ਚ ਸੱਚੇ ਝੂਠੇ ਦਾ ਨਿਤਾਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਸਭ ਤੋਂ ਮਾੜੀ ਗੱਲ ਤਾਂ ਇਹ ਹੈ ।
ਕਿ ਗੈਸ ਨਾਲ ਕੀਤੇ ਗਏ ਹਮਲੇ ਦੀ ਕੋਈ ਜਿੰਮੇਵਾਰੀ ਨਹੀਂ ਲੈ ਰਿਹਾ ਤੇ ਉਂਗਲ ਅਸਦ ਤੇ ਉਸ ਦੇ ਹਮਾਇਤੀ ਰੂਸ ਵੱਲ ਉੱਠ ਰਹੀ ਹੈ ਦੁਨੀਆਂ ‘ਚ ਲਿਬੀਆ, ਯਮਨ, ਟਿਊਨੀਸ਼ੀਆ, ਅਫ਼ਗਾਨਿਸਤਾਨ ਅਤੇ ਕਈ ਹੋਰ ਮੁਲਕਾਂ ‘ਚ ਹਿੰਸਾ ਜਾਰੀ ਹੈ ਪਰ ਹਿੰਸਾ ਦੀ ਅਣਸੁਲਝੀ ਕਹਾਣੀ ਦੀ ਸੀਰੀਆ ਵਰਗੀ ਮਿਸਾਲ ਕਿਧਰੇ ਵੀ ਨਹੀਂ ਮਿਲਦੀ ਇਹ ਲੜਾਈ ਇੰਨੀ ਪੇਚਦਾਰ ਹੈ ਕਿ ਅਮਰੀਕਾ-ਰੂਸ ਦੇ ਹਿੱਤਾਂ ਅਤੇ ਸ਼ੀਆ ਸੁੰਨੀ ਦੇ ਟਕਰਾਓ ਦਾ ਧਾਰਮਿਕ ਪਹਿਲੂ ਵੀ ਬਰਾਬਰ ਸ਼ਾਮਲ ਹੈ ਇਰਾਨ ਤੇ ਸਾਊਦੀ ਅਰਬ ਦੀ ਇਸ ਲੜਾਈ ‘ਚ ਸ਼ਮੂਲੀਅਤ ਨੂੰ ਸ਼ੀਆ ਸੁੰਨੀ ਦੇ ਨੁਕਤੇ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ ।
ਇਸ ਦੁਖਾਂਤਕ ਲੜਾਈ ਦਾ ਸਭ ਤੋਂ ਵੱਡਾ ਖਾਮਿਆਜਾ 50 ਲੱਖ ਤੋਂ ਵੱਧ ਲੋਕ ਸ਼ਰਨਾਰਥੀਆਂ ਦੇ ਰੂਪ ‘ਚ ਭੋਗ ਰਹੇ ਹਨ ਹੈਰਾਨੀ ਦੀ ਗੱਲ ਹੈ ਕਿ ਜਿਹੜਾ ਮਜਹਬ ਅਮਨ, ਭਾਈਚਾਰੇ ਦੀ ਖੁਸ਼ਹਾਲੀ ਦੀ ਸਿੱਖਿਆ ਦਿੰਦਾ ਹੈ ਉਸੇ ਮਜਹਬ ਦੇ ਨਾਂਅ ‘ਤੇ ਇਨਸਾਨਾਂ ਦਾ ਖੂਨ ਵਹਾਇਆ ਜਾ ਰਿਹਾ ਫ਼ਿਰ ਵੀ ਤਾਕਤਵਰ ਤੇ ਆਪਣੇ ਆਪ ਨੂੰ ਸੱਭਿਅਤਾ ਦੇ ਵਿਕਾਸ ਦੀ ਸਿਖਰ ਛੋਹਣ ਦਾ ਦਾਅਵਾ ਕਰਨ ਵਾਲੇ ਅਮਰੀਕਾ ਤੇ ਰੂਸ ਜਿਹੇ ਦੇਸ਼ਾਂ ਨੂੰ ਬਿਨਾਂ ਕਿਸੇ ਨਿਸ਼ਾਨੇ ਤੋਂ ਜੰਗ ਲੜਨ ਦੀ ਬਜਾਇ ਅੱਤਵਾਦ ਤੇ ਵਿਦਰੋਹ ਵਰਗੇ ਮੁੱਦਿਆਂ ‘ਤੇ ਸਹਿਮਤੀ ਬਣਾਉਣੀ ਚਾਹੀਦੀ ਹੈ।
ਲੜਾਈ ਭਾਵੇਂ ਕਿੰਨੀ ਮਹੱਤਵਪੂਰਨ, ਵੱਡੀ ਤੇ ਜ਼ਰੂਰੀ ਕਿਉਂ ਨਾ ਹੋਵੇ ਉਸ ਵਿੱਚ ਆਮ ਨਾਗਰਿਕਾਂ ਦੀ ਸੁਰੱਖਿਆ ਦਾ ਮਾਮਲਾ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਲੜਾਈ ਦਾ ਮਕਸਦ ਨਾਗਰਿਕਾਂ ਦੀ ਸੁਰੱਖਿਆ ਤੋਂ ਵੱਡਾ ਨਹੀਂ ਹੋ ਸਕਦਾ ਅਸਦ ਦੇ ਤਖ਼ਤੋ-ਤਾਜ਼ ਨੂੰ ਕਾਇਮ ਰੱਖਣ ਦੀ ਜਿੱਦ ਜਾਂ ਵਿਦਰੋਹੀਆਂ ਹੱਥ ਹਕੂਮਤ ਸੌਂਪਣ ਦੀ ਜਿੱਦ ਸੀਰੀਆ ਦੀ ਬੇੜੀ ਡੋਬ ਸਕਦੀ ਹੈ ਤਖ਼ਤ ਬਚਾਉਣ ਨਾਲੋਂ ਜ਼ਿਆਦਾ ਜ਼ਰੂਰੀ ਸੀਰੀਆ ਬਚਾਇਆ ਜਾਵੇ।