ਦਿਲਪ੍ਰੀਤ-ਰਿੰਡਾ ਗਰੋਹ ਦਾ ਖਤਰਨਾਕ ਨਿਸ਼ਾਨੇਬਾਜ਼ ਚੜ੍ਹਿਆ ਪੁਲਿਸ ਹੱਥੇ

ਇੱਕ ਮਹੀਨੇ ‘ਚ ਪੰਜਾਬ ਪੁਲਿਸ ਨੂੰ ਮਿਲੀ ਦੂਜੀ ਵੱਡੀ ਸਫ਼ਲਤਾ

ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼

ਦਿਲਪ੍ਰਤੀ ਤੇ ਰਿੰਡਾ ਗਰੋਹ ਦਾ ਇੱਕ ਹੋਰ ਖਤਰਨਾਕ ਨਿਸ਼ਾਨੇਬਾਜ਼ ਪੰਜਾਬ ਪੁਲਿਸ ਦੇ ਹੱਥੇ ਚੜ੍ਹ ਗਿਆ ਹੈ। ਪੰਜਾਬ ਪੁਲਿਸ ਨੇ ਇੱਕ ਮਹੀਨੇ ਵਿੱਚ ਇਹ ਦੂਜੀ ਸਫ਼ਲਤਾ ਹਾਸਲ ਕਰ ਲਈ ਹੈ, ਜਦੋਂ ਇੱਕੋ ਗੁੱਟ ਦੇ ਵੱਡੇ ਸ਼ਾਰਪ ਨਿਸ਼ਾਨੇਬਾਜ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਿਸ ਹੱਥ ਚੜ੍ਹਿਆ ਨਿਸ਼ਾਨੇਬਾਜ਼ ਵੀ ਉੱਘੇ ਪੰਜਾਬੀ ਗਾਇਕ ਪ੍ਰਮੀਸ਼ ਵਰਮਾ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਸ਼ਾਮਲ ਹੈ। ਪਿਛਲੇ 1 ਮਹੀਨੇ ਤੋਂ ਹੀ ਇਸ 21 ਵਰ੍ਹਿਆਂ ਦੇ ਇਸ ਖਤਰਨਾਕ ਨਿਸ਼ਾਨੇਬਾਜ਼ ਅਕਾਸ਼ ਦੀ ਤਿੰਨ ਸੂਬਿਆਂ ਦੀ ਪੁਲਿਸ ਨੂੰ ਭਾਲ ਸੀ।

ਗੁਪਤ ਸੂਚਨਾ ਮਿਲਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰਨ ਲਈ 9 ਕਿੱਲੋਮੀਟਰ ਤੱਕ ਉਸ ਦਾ ਪਿੱਛਾ ਪੁਲਿਸ ਨੂੰ ਕਰਨਾ ਪਿਆ ਤੇ ਬਾਅਦ ‘ਚ ਰੂਪਨਗਰ ਜ਼ਿਲ੍ਹੇ ਦੇ ਸਿੰਘਪੁਰਾ ਇਲਾਕੇ ‘ਚ ਹੋਈ ਦੁਵੱਲੀ ਗੋਲੀਬਾਰੀ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਕੋਲੋਂ ਇੱਕ ਵਿਦੇਸ਼ੀ ਮਾਊਜ਼ਰ ਤੇ ਗੋਲੀ ਸਿੱਕਾ ਬਰਾਮਦ ਹੋਇਆ ਹੈ। ਮਹਾਰਾਸ਼ਟਰ ਦੇ ਨੰਦੇੜ ਦੇ ਵਸਨੀਕ ਅਕਾਸ਼ ਦੀ, ਕਤਲ ਦੇ ਪੰਜ ਤੇ ਡਕੈਤੀ ਤੇ ਲੁੱਟ ਖੋਹ ਦੇ 13 ਮਾਮਲਿਆਂ ‘ਚ ਭਾਲ ਸੀ।

ਉਸ ਦੀ ਆਰਮ ਐਕਟ ਦੇ ਹੇਠ ਵੀ ਮਹਾਰਾਸ਼ਟਰ, ਹਰਿਆਣਾ ਤੇ ਪੰਜਾਬ ਪੁਲਿਸ ਨੂੰ ਭਾਲ ਸੀ। ਅਕਾਸ਼ 17 ਸਾਲ ਦੀ ਉਮਰ ਤੋਂ ਹੀ ਅਪਰਾਧ ਜਗਤ ‘ਚ ਸ਼ਾਮਲ ਹੋ ਗਿਆ ਸੀ ਤੇ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ‘ਚ ਸੀ। ਰੂਪਨਗਰ ਦੇ ਐੱਸਐੱਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਦੁਵੱਲੀ ਗੋਲੀਬਾਰੀ ‘ਚ ਕੋਈ ਵੀ ਪੁਲਿਸ ਮੁਲਾਜ਼ਮ ਜ਼ਖਮੀ ਨਹੀਂ ਹੋਇਆ। ਇਹ ਗੋਲੀਬਾਰੀ ਉਸ ਸਮੇਂ ਸ਼ੁਰੂ ਹੋਈ ਜਦੋਂ ਇਸ ਗੈਂਗਸਟਰ ਦੀ ਗੱਡੀ ਸਿੰਘਪੁਰਾ ਡਰੇਨ ਦੇ ਕੋਲ ਫਸ ਗਈ। ਗੈਂਗਸਟਰ ਦੇ ਖੱਬੇ ਮੋਢੇ ਕੋਲ ਗੋਲੀ ਲੱਗੀ। ਇਸ ਓਪਰੇਸ਼ਨ ਦੀ ਅਗਵਾਈ ਰੂਪਨਗਰ ਪੁਲਿਸ ਦੇ ਡੀਐੱਸਪੀ ਤੇ ਸੀਆਈਏ-1 ਤੇ ਸੀਆਈਏ-2 ਵੱਲੋਂ ਕੀਤੀ ਗਈ।

ਰਿਪੋਰਟਾਂ ਅਨੁਸਾਰ ਅਕਾਸ਼, ਦਿਲਪ੍ਰੀਤ ਦਾ ਲੰਮੇ ਸਮੇਂ ਤੋਂ ਸਾਥੀ ਹੈ ਤੇ ਉਹ ਮੋਹਾਲੀ ਵਿਖੇ ਪੰਜਾਬੀ ਗਾਇਕ ‘ਤੇ ਹੋਏ ਹਮਲੇ ‘ਚ ਸ਼ਾਮਲ ਹੈ। ਉਸ ‘ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਬਹੁਤ ਸਾਰੇ ਕੇਸ ਦਰਜ ਹਨ। ਇਸ ਓਪਰੇਸ਼ਨ ਦੀ ਅਗਵਾਈ ਕਰਨ ਵਾਲੇ ਸ੍ਰੀ ਸ਼ਰਮਾ ਨੇ ਆਪਣੇ ਪੁਲਿਸ ਕੈਰੀਅਰ ਦੌਰਾਨ ਬਹੁਤ ਸਾਰੇ ਖਤਰਨਾਕ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ‘ਚ ਭੂਮਿਕਾ ਨਿਭਾਈ ਹੈ ਜਿਨ੍ਹਾਂ ‘ਚ ਲੌਰੈਂਸ ਬਿਸ਼ਨੋਈ ਤੇ ਦਵਿੰਦਰ ਸ਼ੂਟਰ ਵੀ ਸ਼ਾਮਲ ਹਨ। ਉਨ੍ਹਾਂ ਤਿੰਨ ਹਫਤੇ ਪਹਿਲਾਂ ਰੂਪਨਗਰ ਜਿਲ੍ਹੇ ਦਾ ਚਾਰਜ ਲਿਆ ਸੀ।

ਕੈਪਟਨ ਅਮਹਿੰਦਰ ਸਿੰਘ ਸਰਕਾਰ ਦੇ ਪਹਿਲੇ 15 ਮਹੀਨਿਆਂ ਦੌਰਾਨ ਵੱਖ ਵੱਖ ਅਪਰਾਧੀ ਗਰੋਹਾਂ ਨਾਲ ਸਬੰਧਿਤ 922 ਮੈਂਬਰ ਗ੍ਰਿਫ਼ਤਾਰ ਕੀਤੇ ਗਏ ਅਤੇ ਵਿਕੀ ਗੌਂਡਰ, ਪ੍ਰੇਮਾ ਲਾਹੌਰੀਆ, ਸਵਿੰਦਰ, ਪ੍ਰਭਜੋਤ ਅਤੇ ਮੰਨਾ ਸਣੇ ਸੱਤ ਗੈਂਗਸਟਰਾਂ ਦਾ ਖਾਤਮਾ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।