ਬਾਦਲਾਂ ‘ਤੇ ਢੀਂਡਸਾ ਪਰਿਵਾਰ ਦਾ ਮੋੜਵਾਂ ਵਾਰ

ਸੰਗਰੂਰ ‘ਚ ਵੱਡੇ ਇਕੱਠ ਦੌਰਾਨ ਸੁਖਬੀਰ ਬਾਦਲ ਨੂੰ ਹੀ ਪ੍ਰਧਾਨਗੀ ਤੋਂ ਕੀਤਾ ਲਾਂਭੇ

ਅਨਾਜ ਮੰਡੀ ‘ਚ ਹੋਈ ਵਿਸ਼ਾਲ ਰੈਲੀ ‘ਚ ਹਜ਼ਾਰਾਂ ਲੋਕਾਂ ਕੀਤੀ ਸ਼ਮੂਲੀਅਤ

ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ 2 ਫਰਵਰੀ ਨੂੰ ਸੰਗਰੂਰ ਵਿਖੇ ਕੀਤੀ ਰੈਲੀ ਵਿੱਚ ਢੀਂਡਸਾ ਪਿਓ ਪੁੱਤਰ ਨੂੰ ਅਕਾਲੀ ਦਲ ਵਿੱਚੋਂ ਕੱਢਣ ਦੇ ਐਲਾਨ ਤੋਂ ਪਿੱਛੋਂ ਅੱਜ ਢੀਂਡਸਾ ਪਰਿਵਾਰ ਵੱਲੋਂ ਸੁਖਬੀਰ ਬਾਦਲ ਦੀ ‘ਭਾਜੀ’ ਮੋੜਦਿਆਂ ਸੰਗਰੂਰ ਵਿਖੇ ਹੋਏ ਵਿਸ਼ਾਲ ਇਕੱਠ ਦੌਰਾਨ ਸੁਖਬੀਰ ਬਾਦਲ ਨੂੰ ਹੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਬਰਖ਼ਾਸਤ ਕਰ ਦਿੱਤਾ ਇਸ ਦਾ ਵਿਸ਼ੇਸ਼ ਤੌਰ ‘ਤੇ ਮਤਾ ਪਵਾ ਕੇ ਸਮੁੱਚੇ ਇਕੱਠ ਤੋਂ ਹੱਥ ਖੜ੍ਹੇ ਕਰਵਾ ਕੇ ਪ੍ਰਵਾਨਗੀ ਲਈ ਗਈ

ਅੱਜ ਸੰਗਰੂਰ ਦੀ ਅਨਾਜ ਮੰਡੀ ਵਿਖੇ ਢੀਂਡਸਾ ਪਰਿਵਾਰ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ ਜਿਸ ਨੂੰ ‘ਮਹਾਨ ਪੰਥਕ ਇਕੱਠ’ ਦਾ ਨਾਂਅ ਦਿੱਤਾ ਗਿਆ ਗਿਣਤੀ ਪੱਖੋਂ ਢੀਂਡਸਾ ਪਰਿਵਾਰ ਦਾ ਇਹ ਇਕੱਠ ਵੀ 2 ਫਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਗਏ ਇਕੱਠ ਲਗਭਗ ਬਰਾਬਰ ਨਜ਼ਰ ਆਇਆ ਜਦੋਂਕਿ ਢੀਂਡਸਾ ਸਮਰਥਕ ਦਾਅਵਾ ਕਰਦੇ ਰਹੇ ਇਹ ਇਕੱਠ ਅਕਾਲੀ ਦਲ ਦੇ ਇਕੱਠ ਤੋਂ ਦੁੱਗਣਾ ਹੈ ਇਸ ਇਕੱਤਰਤਾ ਵਿੱਚ ਸਾਬਕਾ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ

ਇਸ ਤੋਂ ਇਲਾਵਾ ਸਾਬਕਾ ਜਥੇਦਾਰ ਰਣਜੀਤ ਸਿੰਘ ਤਲਵੰਡੀ ਦੀ ਪੁਤਰੀ ਬੀਬੀ ਹਰਜੀਤ ਕੌਰ ਅਤੇ ਦਿੱਲੀ ਤੋਂ ਮਨਜੀਤ ਸਿੰਘ ਜੀ.ਕੇ. ਨੇ ਵੀ ਇਸ ਇਕੱਠ ਵਿੱਚ ਹਾਜ਼ਰੀ ਭਰੀ ਇਸ ਰੈਲੀ ਵਿੱਚ ਸਾਰੇ ਬੁਲਾਰਿਆਂ ਨੇ ਬਾਦਲ ਪਰਿਵਾਰ ਖ਼ਾਸ ਕਰ ਸੁਖਬੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦਿਆਂ ਬੁਰੀ ਤਰ੍ਹਾਂ ਰਗੜੇ ਹੀ ਨਹੀਂ ਲਾਏ ਸਗੋਂ ਮਤਾ ਪਾ ਕੇ ਸੁਖਬੀਰ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਬਰਖ਼ਾਸਤ ਕਰ ਦਿੱਤਾ ਇਸ ਸਬੰਧੀ ਇੱਕ ਵਿਸ਼ੇਸ਼ ਮਤਾ ਅਕਾਲੀ ਆਗੂ ਗੁਰਬਚਨ ਸਿੰਘ ਬਚੀ ਵੱਲੋਂ ਸਟੇਜ ‘ਤੇ ਪੜ੍ਹਿਆ ਗਿਆ ਕਿ ਅੱਜ ਦਾ ਇਕੱਠ ਮਹਿਸੂਸ ਕਰਦਾ ਹੈ ਕਿ ਸੁਖਬੀਰ ਬਾਦਲ ਦੀਆਂ ਤਾਨਸ਼ਾਹੀ ਨੀਤੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਦਿਨੋਂ ਦਿਨ ਨਿਘਾਰ ਵੱਲ ਜਾ ਰਿਹਾ ਹੈ,

ਪੰਥਕ ਸੋਚ ਤੋਂ ਥਿੜਕਿਆ, ਸੁਖਬੀਰ ਦੀ ਨਾ ਦਿੱਖ ਅਕਾਲੀ ਹੈ ਅਤੇ ਨਾ ਹੀ ਸੋਚ ਅਤੇ ਨਾ ਹੀ ਜ਼ੁਬਾਨ, ਸੁਖਬੀਰ ਨੂੰ ਅਕਾਲੀ ਦਲ ਦੇ ਇਤਿਹਾਸ ਅਤੇ ਪੰਜਾਬ ਦੇ ਸਿੱਖ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ ਜਿਸ ਕਾਰਨ ਅਕਾਲੀ ਦਲ ਦੀ ਦਿਨੋਂ ਦਿਨ ਬਦਨਾਮੀ ਹੋ ਰਹੀ ਹੈ ਅਤੇ ਇਸ ਕਾਰਨ ਅੱਜ ਦਾ ਇਕੱਠ ਸੁਖਬੀਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਬਰਖ਼ਾਸਤ ਕਰਦਾ ਹੈ ਬਚੀ ਵੱਲੋਂ ਪੜ੍ਹੇ ਇਸ ਮਤੇ ਦੀ ਸਾਰੇ ਇਕੱਠ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦੇ ਦਿੱਤੀ

ਜੇ ਵਿਅਕਤੀ ਵਿਸ਼ੇਸ਼ ਦੀ ਆਲੋਚਨਾ ਨਾਲ ਪਾਰਟੀ ਦੀ ਪਿੱਠ ‘ਚ ਛੁਰਾ ਵੱਜਦਾ ਹੈ, ਤਾਂ ਅਸੀਂ ਉਹ ਗੁਨਾਹ ਕੀਤਾ ਹੈ : ਪਰਮਿੰਦਰ ਢੀਂਡਸਾ
ਅੱਜ ਦੀ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਠੰਢੇ ਸੁਭਾਅ ਵਜੋਂ ਜਾਣੇ ਜਾਂਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਜੋਸ਼ੀਲੇ ਅੰਦਾਜ਼ ਵਿੱਚ ਕਿਹਾ ਕਿ ਜੇਕਰ ਪਾਰਟੀ ਵਿੱਚ ਰਹਿ ਕੇ ਕਿਸੇ ਵਿਅਕਤੀ ਵਿਸ਼ੇਸ਼ ਦੀ ਆਲੋਚਨਾ ਕਰਨ ਨਾਲ ਪਿੱਠ ‘ਚ ਛੁਰਾ ਵੱਜਣਾ ਸਮਝਿਆ ਜਾਂਦਾ ਹੈ, ਤਾਂ ਢੀਂਡਸਾ ਪਰਿਵਾਰ ਨੇ ਉਹ ਗੁਨਾਹ ਜ਼ਰੂਰ ਕੀਤਾ ਹੈ

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਦਿਨੋਂ-ਦਿਨ ਨਿਘਾਰ ਆ ਰਿਹਾ ਹੈ ਕਿਉਂਕਿ ਇਸ ਨੂੰ ਸੁਖਬੀਰ ਵਰਗਿਆਂ ਨੇ ਆਪਣੀ ਜਾਇਦਾਦ ਸਮਝ ਲਿਆ ਹੈ ਉਨ੍ਹਾਂ ਕਿਹਾ ਕਿ ਜਿਹੜਾ ਬੋਨੀ ਅਜਨਾਲਾ ਸੁਖਬੀਰ ਨੂੰ ਕੁਝ ਦਿਨ ਪਹਿਲਾਂ ਪੰਥ ਦਾ ਗੱਦਾਰ ਲੱਗਦਾ ਸੀ, ਪਾਰਟੀ ਵਿੱਚ ਵਾਪਸ ਆਉਣ ‘ਤੇ ਪੰਥ ਹਿਤੈਸ਼ੀ ਹੋ ਗਿਆ

ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਧਾਰਮਿਕ ਅਦਾਰਿਆਂ ਨੂੰ ਵੀ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਜਾ ਰਿਹਾ ਹੈ ਧਰਮ ਪ੍ਰਚਾਰ ਕਮੇਟੀ ਨੂੰ ਵੀ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾਂਦੇ ਕੰਮਾਂ ਦਾ ਹਿਸਾਬ ਮੰਗਣ ਦਾ ਹੱਕ ਨਹੀਂ ਹੈ ਉਨ੍ਹਾਂ ਕਿਹਾ ਕਿ 2 ਫਰਵਰੀ ਨੂੰ ਸੁਖਬੀਰ ਨੇ ਢੀਂਡਸਾ ਪਰਿਵਾਰ ਬਾਰੇ ਜਿਹੜੇ ਬੋਲ ਕੁਬੋਲ ਬੋਲੇ ਸਨ, ਉਹ ਉਨ੍ਹਾਂ ਦਾ ਜਵਾਬ ਨਹੀਂ ਦੇਣਾ ਚਾਹੁੰਦੇ ਬੱਸ ਅਸੀਂ ਤਾਂ ਪ੍ਰਮਾਤਮਾ ਤੋਂ ਪ੍ਰਕਾਸ਼ ਸਿੰਘ ਬਾਦਲ ਦੀ ਲੰਮੇਰੀ ਉਮਰ ਦੀ ਕਾਮਨਾ ਕਰਦੇ ਹਾਂ ਉਨ੍ਹਾਂ ਕਿਹਾ ਕਿ ਅੱਜ ਦਾ ਇਕੱਠ ਤੋਂ ਬਾਅਦ ਇੱਕ ਕਾਰਵਾਂ ਸ਼ੁਰੂ ਹੋ ਗਿਆ ਹੈ

ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਅੱਜ ਸੰਗਰੂਰ ਵਿਖੇ ਜਿਹੜੇ ਇਕੱਠ ਹੋਇਆ ਹੈ ਉਸ ਨੇ ਬਾਦਲ ਪਰਿਵਾਰ ਦੇ ਹੰਕਾਰ ਦਾ ਭੋਗ ਪਾ ਦਿੱਤਾ ਹੈ  ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਤੇ ਸਾਬਕਾ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਅੱਜ ਦੇ ਇਕੱਠ ਨੂੰ ਬਾਦਲਾਂ ਦੇ ਖਿਲਾਫ਼ ਇੱਕ ਲਹਿਰ ਦੱਸਿਆ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਬਜ਼ਾ ਕਰਨ ਵਾਲੇ ਬਾਦਲ ਪਿਓ ਪੁੱਤ ਹੁਣ ਇਹ ਸਮਝ ਲੈਣ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਕਿਸੇ ਨੇ ਪਿੰਡਾਂ ਵਿੱਚ ਦਾਖ਼ਲ ਨਹੀਂ ਹੋਣ ਦੇਣਾ

ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਬਾਦਲ ਆਪਸੇ ‘ਚ ਰਲ਼ੇ ਹੋਏ ਹਨ : ਸੁਖਦੇਵ ਸਿੰਘ ਢੀਂਡਸਾ

ਰੈਲੀ ਨੂੰ ਸਭ ਤੋਂ ਅਖ਼ੀਰ ਤੇ ਸੰਬੋਧਨ ਕਰਨ ਪੁੱਜੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਰੈਲੀ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਖਬੀਰ ਵੇਖ ਕੇ ਲੋਕ ਕਿਸ ਦੇ ਨਾਲ ਹਨ ਢੀਂਡਸਾ ਨੇ ਕਿਹਾ ਕਿ ਅੱਜ ਦੇ ਇਸ ਇਕੱਠ ਨੇ ਸੁਖਬੀਰ ਦਾ ਹੰਕਾਰ ਤੋੜ ਕੇ ਰੱਖ ਦਿੱਤਾ ਹੈ

ਉਨ੍ਹਾਂ ਕਿਹਾ ਕਿ ਇਸ ਇਕੱਠ ਨੂੰ ਲੈ ਕੇ ਜਾਣ ਬੁੱਝ ਕੇ ਬਿਆਨਬਾਜ਼ੀ ਕੀਤੀ ਜਾ ਰਹੀ ਸੀ ਕਿ ਕਾਂਗਰਸੀ ਆਗੂ ਇਸ ਰੈਲੀ ਵਿੱਚ ਮੱਦਦ ਕਰ ਰਹੇ ਹਨ ਪਰ ਸੁਖਬੀਰ ਆ ਕੇ ਵੇਖ ਲਵੇ ਇੱਥੇ ਕਿਹੜਾ ਕਾਂਗਰਸੀ ਹੈ ਉਨ੍ਹਾਂ ਕਿਹਾ ਕਿ ਸੁਖਬੀਰ ਤਾਂ ਖੁਦ ਕੈਪਟਨ ਅਮਰਿੰਦਰ ਸਿੰਘ ਨਾਲ ਮਿਲਿਆ ਹੋਇਆ ਜਿਸ ਕਾਰਨ ਉਸ ਦੀਆਂ ਬੱਸਾਂ ਬੇਰੋਕ ਚੱਲ ਰਹੀਆਂ ਹਨ, ਰੇਤ ਦੇ ਵਪਾਰ, ਕੇਬਲ ਚੈਨਲ ਆਦਿ ਧੜੱਲੇ ਨਾਲ ਚੱਲ ਰਹੇ ਹਨ ਉਨ੍ਹਾਂ ਕਿਹਾ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਰਵੀਇੰਦਰ ਸਿੰਘ, ਫੂਲਕਾ ਤੇ ਹੋਰ ਪੰਥ ਹਿਤੈਸ਼ੀ ਦਲਾਂ ਨਾਲ ਮਿਲ ਕੇ ਲੜਿਆ ਜਾਵੇਗਾ ਅਤੇ ਗੁਰਦੁਆਰਿਆਂ ਨੂੰ ਬਾਦਲਾਂ ਦੇ ਕਬਜ਼ਿਆਂ ਵਿੱਚੋਂ ਬਾਹਰ ਕੱਢਿਆ ਜਾਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।